ਫਿਰੋਜ਼ਪੁਰ, 14 ਜੁਲਾਈ 2020 - ਥਾਣਾ ਗੁਰੂਹਰਸਹਾਏ ਅਧੀਨ ਆਉਂਦੇ ਪਿੰਡ ਬਸਤੀ ਬੋਹੜੀਆ ਵਿਖੇ ਤਿੰਨ ਅਣਪਛਾਤੇ ਵਿਅਕਤੀਆਂ ਨੇ ਭਾਰਤ ਫਾਇਨਾਂਸ ਕੰਪਨੀ ਦੇ ਮੁਲਾਜ਼ਮ ਤੋਂ 87 ਹਜ਼ਾਰ 797 ਰੁਪਏ ਅਤੇ ਮੋਬਾਇਲ ਫੋਨ ਖੋਹਣ ਦੀ ਖਬਰ ਮਿਲੀ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਹਰਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਕੋਰੇ ਵਾਲਾ ਖੁਰਦ ਥਾਣਾ ਘੱਲ ਕਲਾਂ ਜ਼ਿਲ੍ਹਾ ਮੋਗਾ ਨੇ ਦੱਸਿਆ ਕਿ ਉਹ ਭਾਰਤ ਫਾਇਨਾਂਸ ਕੰਪਨੀ ਗੁਰੂਹਰਸਹਾਏ ਵਿਚ ਲੱਗਾ ਹੋਇਆ ਹੈ। ਹਰਪ੍ਰੀਤ ਸਿੰਘ ਨੇ ਦੱਸਿਆ ਕਿ 13 ਜੁਲਾਈ 2020 ਦੀ ਸ਼ਾਮ ਨੂੰ ਪਿੰਡਾਂ ਵਿਚੋਂ ਲੋਨ ਦੀਆਂ ਕਿਸ਼ਤਾਂ ਇਕੱਠੀਆਂ ਕਰਕੇ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਿੰਡ ਗੁਰੂਹਰਸਹਾਏ ਨੂੰ ਆ ਰਿਹਾ ਸੀ। ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜਦ ਉਹ ਪਿੰਡ ਬੋਹੜੀਆਂ ਤੋਂ ਥੋੜਾ ਅੱਗੇ ਸੂਏ ਦੇ ਨਾਲ ਆ ਰਿਹਾ ਸੀ ਤਾਂ ਇਸ ਦੌਰਾਨ 3 ਅਣਪਛਾਤੇ ਨੌਜਵਾਨ ਮੋਟਰਸਾਈਕਲ 'ਤੇ ਆਏ ਤੇ ਉਸ ਦਾ ਬੈਗ ਜਿਸ ਵਿਚ 87 ਹਜ਼ਾਰ 797 ਰੁਪਏ, ਇਕ ਮੋਬਾਇਲ ਫੋਨ ਅਤੇ ਇਕ ਟੈਬ ਮਾਰਕਾ ਸੈਮਸੰਗ ਖੋਹ ਕੇ ਲੈ ਗਏ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਅਮਰੀਕ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਅਣਪਛਾਤਿਆਂ ਖਿਲਾਫ 379-ਬੀ ਆਈਪੀਸੀ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।