ਗੱਲਬਾਤ ਕਰਦੇ ਹੋਏ ਵਾਤਾਵਰਣ ਪ੍ਰੇਮੀ ਹਰਮਨਪ੍ਰੀਤ ਸਿੰਘ
ਦੀਦਾਰ ਗੁਰਨਾ
ਫ਼ਤਹਿਗੜ ਸਾਹਿਬ,13 ਜੁਲਾਈ : ਲੁਧਿਆਣੇ ਵਰਗੇ ਪ੍ਰਦੂਸ਼ਿਤ ਸ਼ਹਿਰ 'ਚ ਜਿੱਥੇ ਸਾਹ ਲੈਣਾ ਪਹਿਲਾਂ ਹੀ ਔਖਾ ਹੈ, ਇਸ ਦੇ ਨੇੜੇ ਹਲਕਾ ਸਾਹਨੇਵਾਲ 'ਚ ਪੇਂਦੇ ਚਾਰ ਹਜ਼ਾਰ ਏਕੜ 'ਚ ਫੈਲੇ ਮੱਤੇਵਾੜਾ ਜੰਗਲ 'ਚੋਂ ਇਕ ਹਜ਼ਾਰ ਏਕੜ ਦਾ ਸਨਅਤੀ ਪਾਰਕ ਬਣਾਉਣ ਲਈ ਸਰਕਾਰੀ ਮਤੇ ਪਾਸ ਹੋ ਚੁੱਕੇ ਹਨ,ਇਹ ਸ਼ਬਦ ਅੱਜ ਵਾਤਾਵਰਣ ਪ੍ਰੇਮੀ ਹਰਮਨਪ੍ਰੀਤ ਸਿੰਘ ਨੇ ਬਾਬੂਸ਼ਾਹੀ ਨਾਲ ਗੱਲਬਾਤ ਕਰਦਿਆਂ ਕਹੇ ,ਉਹਨਾਂ ਅੱਗੇ ਕਿਹਾ ਕਿ ਸਨਅਤੀ ਪਾਰਕ ਦੇ ਨਾਮ ਤੇ ਕੀਤੀ ਜਾ ਰਹੀ ਵਾਤਾਵਰਣ ਦੀ ਬਰਬਾਦੀ ਦੇ ਕਾਰਨ "ਮੱਤੇਵਾੜਾ ਜੰਗਲ" ਦੀ ਗੋਦ 'ਚ ਪਲ ਰਹੇ ਪਸ਼ੂ, ਪੰਛੀਆਂ, ਜਲਚਰ ਜੀਵ ਅਤੇ ਜਾਨਵਰਾਂ ਦੀਆਂ ਲੱਖਾਂ ਪ੍ਰਜਾਤੀਆਂ ਲੁਪਤ ਹੋ ਜਾਣਗੀਆਂ ਜੋ ਕਿ ਬਹੁਤ ਗੰਭੀਰ ਵਿਸ਼ਾ ਹੈ, ਮੱਤੇਵਾੜਾ ਜੰਗਲ ਪੰਜਾਬ ਦੀ ਬਾਇਓ ਡਾਵਰਸਿਟੀ ਜੈਵਿਕ ਵਿਭਿੰਨਤਾ ਦਾ ਇੱਕੋ ਇੱਕ ਕੀਮਤੀ ਇਲਾਕਾ ਹੈ, ਪੰਜਾਬ ਦੇ ਕਈ ਅਲੋਪ ਹੋ ਚੁੱਕੇ ਰੁੱਖਾ ਦੀਆ ਕਿਸਮਾਂ ਇੱਥੇ ਹਾਲੇ ਵੀ ਮੌਜੂਦ ਹਨ। ਹਵਾ ਦੇ ਪ੍ਰਦੂਸ਼ਣ ਕਾਰਨ ਸਾਹ ਦੀ ਬਿਮਾਰੀ, ਚਮੜੀ ਅਤੇ ਅੱਖਾਂ ਦੀ ਐਲਰਜੀ, ਛਾਤੀ,ਦਿਲ ਦੀ ਬਿਮਾਰੀ ਅਤੇ ਕੈਂਸਰ ਵਰਗੇ ਰੋਗਾਂ ਦਾ ਸਾਨੂੰ ਸਾਹਮਣਾ ਕਰਨਾ ਪੈ ਰਿਹਾ ਹੈ, ਜਦਕਿ ਕੁਦਰਤ ਸਾਨੂੰ ਸੁਨੇਹਾ ਦੇ ਰਹੀ ਹੈ ਕਿ ਅਸੀਂ ਹੁਣ ਵੀ ਸੰਭਲ ਜਾਈਏ, ਜੇ ਅਸੀਂ ਕੁਦਰਤ ਦੇ ਨਿਯਮਾਂ ਨਾਲ ਛੇੜਛਾੜ ਕਰਾਂਗੇ ਤਾਂ ਖ਼ਤਰਨਾਕ ਨਤੀਜੇ ਤਾਂ ਸਾਨੂੰ ਹੀ ਭੁਗਤਣੇ ਪੈਣੇ ਹਨ। ਇਸ ਲਈ ਮੱਤੇਵਾੜਾ ਜੰਗਲ ਨੂੰ ਇੰਡਸਟਰੀ ਲਈ ਵਰਤਨ ਦੇ ਪੰਜਾਬ ਸਰਕਾਰ ਦੇ ਫ਼ੈਸਲੇ ਤੇ ਮੁੜ ਵਿਚਾਰ ਕਰਣੀ ਚਾਹੀਦੀ ਹੈ।