ਮਿੱਤਰ ਸੈਨ ਸ਼ਰਮਾ
ਮਾਨਸਾ, 11 ਜੁਲਾਈ 2020: ਬੀਤੇ ਦਿਨੀਂ ਕਸਬਾ ਬੋਹਾ ਦੇ ਜ਼ੀਰਕਪੁਰ ਤੋਂ ਆਏ ਇੱਕ 33 ਸਾਲਾ ਨੌਜਵਾਨ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਉਣ ਉਪਰੰਤ ਪਹਿਲਾਂ ਉਸ ਦੀ ਪਤਨੀ ਤੇ ਅੱਜ ਉਸ ਦੇ ਮਾਤਾ–ਪਿਤਾ ਤੋਂ ਇਲਾਵਾ ਉਨ੍ਹਾਂ ਦੀ ਦੋ ਸਾਲਾ ਬੱਚੀ ਦਾ ਕੋਰੋਨਾ ਟੈਸਟ ਵੀ ਪਾਜ਼ੀਟਿਵ ਆਇਆ ਹੈ। ਜ਼ਿਕਰਯੋਗ ਹੈ ਕਿ ਬੋਹਾ ਨਿਵਾਸੀ ਇਹ ਨੌਜਵਾਨ ਆਪਣੀ ਪਤਨੀ ਨਾਲ 6 ਜੁਲਾਈ ਨੂੰ ਜ਼ੀਰਕਪੁਰ ਤੋਂ ਬੋਹਾ ਪਰਤਿਆ ਸੀ, ਜਿਸ ਦੀ 7 ਜੁਲਾਈ ਨੂੰ ਰਿਪੋਰਟ ਪਾਜ਼ੀਟਿਵ ਆਈ ਸੀ, ਜਿਸ ਨੂੰ ਸਿਵਲ ਹਸਪਤਾਲ ਮਾਨਸਾ ਵਿਖੇ ਇਲਾਜ ਲਈ ਦਾਖਲ ਕੀਤਾ ਗਿਆ ਸੀ।
ਉਸ ਤੋਂ ਬਾਅਦ ਉਸ ਦੀ ਪਤਨੀ ਦਾ ਲਿਆ ਗਿਆ ਕੋਰੋਨਾ ਟੈਸਟ ਸੈਂਪਲ ਵੀ ਪਾਜ਼ੀਟਿਵ ਆ ਗਿਆ ਸੀ ਅਤੇ ਅੱਜ ਉਸ ਦੇ ਮਾਤਾ–ਪਿਤਾ ਤੇ ਦੋ ਸਾਲਾ ਬੱਚੀ ਦਾ ਟੈਸਟ ਵੀ ਪਾਜ਼ੀਟਿਵ ਆਇਆ ਹੈ। ਇਨ੍ਹਾਂ ਤੋਂ ਇਲਾਵਾ ਪਿੰਡ ਮਾਨ ਅਸਪਾਲ (ਮਾਨਸਾ) ਨਾਲ ਸਬੰਧਿਤ ਪਟਿਆਲਾ ਵਿਖੇ ਐਕਸਾਈਜ਼ ਵਿਭਾਗ 'ਚ ਤਾਇਨਾਤ ਪੰਜਾਬ ਪੁਲਿਸ ਦਾ ਜਵਾਨ ਵੀ ਕੋਰੋਨਾ ਪੀੜਤ ਪਾਇਆ ਗਿਆ ਹੈ। ਇਸ ਤਰ੍ਹਾਂ ਅੱਜ ਜ਼ਿਲ੍ਹੇ 'ਚ ਕੁੱਲ 5 ਨਵੇਂ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਰਾਹਤ ਵਾਲੀ ਖ਼ਬਰ ਇਹ ਵੀ ਹੈ ਕਿ ਕਸਬਾ ਬੋਹਾ ਦੇ ਪਹਿਲਾਂ ਪਾਜ਼ੀਟਿਵ ਆਏ ਵਿਅਕਤੀਆਂ ਦੀ ਸੰਪਰਕ ਕੜੀ ਤੇ ਨਿੱਜੀ ਮੇਲ–ਮਿਲਾਪ ਵਾਲਿਆਂ ਦੇ 8 ਜੁਲਾਈ ਨੂੰ ਲਏ ਕੁੱਲ 192 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ।