ਸੰਜੀਵ ਸੂਦ
ਲੁਧਿਆਣਾ, 11 ਜੁਲਾਈ 2020 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਵੇਰਕਾ ਤੋਂ ਮਹਿੰਗਾ ਦੁੱਧ ਮਿਲ ਰਹੀ ਸੀ ਅਤੇ ਉਹਨਾਂ ਨੂੰ 5 ਕਰੋੜ ਰੁਪਏ ਦਾ ਘਾਟਾ ਸਹਿਣਾ ਪੈ ਰਿਹਾ ਹੈ, ਜਿਸ ਕਾਰਨ ਮਹਾਰਾਸ਼ਟਰ ਦੀ ਕੰਪਨੀ ਨੂੰ ਇਹ ਠੇਕਾ ਦਿੱਤਾ ਗਿਆ ਹੈ।
ਉਹ ਲੁਧਿਆਣਾ ਦੇ ਗੁਰਦੁਆਰਾ ਸ਼ਹੀਦਾਂ ਫੇਰੂਮਾਨ ਵਿਖੇ ਸ਼੍ਰੋਮਣੀ ਕਮੇਟੀ ਨੂੰ ਅਕਾਲੀ ਦਲ ਵੱਲੋਂ ਭੇਜੀਆਂ ਜਾ ਰਹੀ 300 ਕੁਇੰਟਲ ਦਾਲਾਂ ਦੀ ਰਵਾਨਗੀ ਮੌਕੇ ਪਹੁੰਚੇ ਸਨ। ਲੌਂਗੋਵਾਲ ਨੇ ਕਿਹਾ ਕਿ ਇਹ ਯੋਗਦਾਨ ਸ਼੍ਰੋਮਣੀ ਕਮੇਟੀ ਵੱਲੋਂ ਦਿੱਤਾ ਜਾ ਰਿਹਾ ਹੈ ਜਿਸ ਤਹਿਤ ਲੰਗਰ ਦੀ ਸੇਵਾ ਨਿਰੰਤਰ ਕੀਤੀ ਜਾ ਰਹੀ ਹੈ। ਇਸ ਦੌਰਾਨ ਸਹਿਕਾਰੀ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਮਿਲਕਫੈਡ ਦਾ ਠੇਕਾ ਨਾ ਲੈ ਕੇ ਪੰਜਾਬ ਦੇ ਕਿਸਾਨਾਂ ਨੂੰ ਠੱਗਣ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਲੌਂਗੋਵਾਲ ਨੇ ਕਿਹਾ ਕਿ ਵੇਰਕਾ ਨੇ ਤਾਲਾਬੰਦੀ ਦੌਰਾਨ ਵੀ ਕਿਸਾਨਾਂ ਨੂੰ ਬਹੁਤ ਘੱਟ ਰੇਟ ਦਿੱਤੇ। ਦੁੱਧ ਮਹਿੰਗੇ ਭਾਅ 'ਤੇ ਦਿੱਤਾ ਜਾਂਦਾ ਸੀ। ਇਸ ਕਾਰਨ ਸ਼੍ਰੋਮਣੀ ਕਮੇਟੀ ਨੂੰ ਤਕਰੀਬਨ 5 ਕਰੋੜ ਦਾ ਘਾਟਾ ਸਹਿਣਾ ਪੈ ਰਿਹਾ ਹੈ। ਇਸ ਤੋਂ ਇਲਾਵਾ ਮਹਾਰਾਸ਼ਟਰ ਕੰਪਨੀ ਨੂੰ ਠੇਕਾ ਪੁਰੀ ਪ੍ਰੀਕਿਰਿਆ ਦੇ ਤਹਿਤ ਹੀ ਦਿੱਤਾ ਗਿਆ ਹੈ। ਉਨ੍ਹਾਂ ਨੇ ਜੰਮੂ-ਕਸ਼ਮੀਰ ਗੁਰੂਦੁਆਰਾ ਪ੍ਰਬੰਧਕ ਕਮੇਟੀ ਬੋਰਡ ਦੀ ਮਿਆਦ ਨੂੰ ਵਧਾਉਣ ਦੀ ਸਿਫ਼ਾਰਿਸ ਕੀਤੀ ਹੈ ਜਿਸ ਦੇ ਲਈ ਉਹਨਾਂ ਨੇ ਗਵਰਨਰ ਨੂੰ ਇਕ ਚਿੱਠੀ ਵੀ ਲਿਖੀ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪੂਰਨ ਤੌਰ 'ਤੇ ਪਾਲਣਾ ਕਰਨ। ਜੇਕਰ ਉਹ ਘਰਾਂ ਦੇ ਅੰਦਰ ਹੀ ਰਹਿਣਗੇ ਤਾਂ ਉਹ ਖੁਦ ਵੀ ਇਸ ਬਿਮਾਰੀ ਤੋਂ ਬਚਣਗੇ ਅਤੇ ਨਾਲ ਹੀ ਹੋਰਾਂ ਲੋਕਾਂ ਨੂੰ ਵੀ ਬਚਾਉਣ ਵਿੱਚ ਸਹਾਇਤਾ ਕਰਨਗੇ।