ਹਰੀਸ਼ ਕਾਲੜਾ
- ਜਾਗਰੂਕ ਸਮਾਜ ਹਰੇਕ ਵੱਡੀ ਤੋਂ ਵੱਡੀ ਲੜਾਈ ਤੇ ਫਤਿਹ ਹਾਸਿਲ ਕਰ ਸਕਦਾ
ਰੂਪਨਗਰ, 10 ਜੁਲਾਈ 2020 - ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਦੀ ਤੰਦਰੁਸਤੀ ਅਤੇ ਕਰੋਨਾ ਮਹਾਂਮਾਰੀ ਦੇ ਬਚਾਅ ਲਈ ਆਰੰਭ ਕੀਤੀ ਮਿਸ਼ਨ ਫਤਿਹ ਮੁਹਿੰਮ ਜ਼ਿਲ੍ਹਾ ਪੱਧਰ 'ਤੇ ਲਾਹੇਵੰਦ ਸਾਬਿਤ ਹੋ ਰਹੀ ਹੈ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਐਚ. ਐਨ. ਸ਼ਰਮਾ ਨੇ ਦੱਸਿਆ ਕਿ ਸਮੂਹ ਸਿਹਤ ਵਿਭਾਗ ਦੇ ਵਰਕਰਾਂ ਨੂੰ ਲੋਕਾਂ ਨੂੰ ਕਰੋਨਾ ਦੇ ਸੰਕਟ ਤੋਂ ਬਚਾਉਣ ਲਈ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਜਾਣਕਾਰੀ ਮੁਹੱਇਆ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਉਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਘਰ ਘਰ ਜਾ ਕੇ ਲੋਕਾਂ ਨੂੰ ਕੋਵਿਡ ਦੇ ਬਚਾਅ ਅਤੇ ਸਾਵਧਾਨੀਆਂ ਬਾਰੇ ਵਿੱਢੀ ਲੋਕ ਜਾਗਰੂਕਤਾ ਮੁਹਿੰਮ ਲਗਾਤਾਰ ਜਾਰੀ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਮੇਰਾ ਮਾਸਕ ਤੁਹਾਨੂੰ ਬਚਾਏਗਾ ਅਤੇ ਤੁਹਾਡਾ ਮਾਸਕ ਮੈਂਨੂੰ ਬਚਾਏਗਾ ਦੇ ਨਾਅਰੇ ਹੇਠ ਲੋਕਾਂ ਨੂੰ ਮਾਸਕ ਦੀ ਅਹਿਮੀਅਤ ਦਾ ਸੁਨੇਹਾ ਦਿੱਤਾ ਗਿਆ ਹੈ, ਜਿਸ ਤੋਂ ਲੋਕਾਂ ਨੂੰ ਪ੍ਰੇਰਣਾ ਲੈ ਕੇ ਮਾਸਕ ਲਾਜ਼ਮੀ ਪਾਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਹਰੇਕ ਨਾਗਰਿਕ ਦਾ ਫ਼ਰਜ ਬਣਦਾ ਹੈ ਕਿ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਸਮੇਂ ਸਮੇਂ ਤੇ ਜਾਰੀ ਕੋਵਿਡ 19 ਦੀ ਐਡਵਾਈਜ਼ਰੀਆਂ ਬਾਰੇ ਜਾਗਰੂਕ ਕਰੇ। ਉਨਾਂ ਕਿਹਾ ਕਿ ਜਾਗਰੂਕ ਸਮਾਜ ਹਰੇਕ ਵੱਡੀ ਤੋਂ ਵੱਡੀ ਤੋਂ ਲੜਾਈ ਤੇ ਫਤਿਹ ਹਾਸਿਲ ਕਰ ਸਕਦਾ ਹੈ।
ਉਨ੍ਹਾਂ ਕਿਹਾ ਕਿ ਕੋਰੋਨਾ ਤੋਂ ਬਚਾਅ ਲਈ ਬਾਹਰ ਤੋਂ ਘਰ ਆਉਣ ਸਮੇਂ ਹੱਥ ਧੋਣ ਦੀ ਆਦਤ, ਇੱਕ ਦੂਸਰੇ ਦੇ ਸੰਪਰਕ ਵਿੱਚ ਆਉਣ ਸਮੇਂ ਮੂੰਹ ਢਕ ਕੇ ਰੱਖਣ ਅਤੇ ਬਿਨਾਂ ਜਰੂਰਤ ਘਰਾਂ ਤੋਂ ਬਾਹਰ ਨਾ ਜਾਣ ਦੀ ਆਦਤ ਨੂੰ ਪੱਕੇ ਤੌਰ ਤੇ ਆਪਣੇ ਜਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਕੋਵਿਡ 19 ਦੀ ਬਿਮਾਰੀ ਤੋਂ ਜਾਗਰੂਕਤਾ ਦੇ ਨਾਲ ਹੀ ਬਚਾਅ ਕੀਤਾ ਜਾ ਸਕਦਾ ਹੈ।