ਰਜਨੀਸ਼ ਸਰੀਨ
ਨਵਾਂਸ਼ਹਿਰ, 8 ਜੁਲਾਈ 2020 - ਅੱਜ ਫਾਸ਼ੀ ਹਮਲਿਆਂ ਵਿਰੋਧੀ ਫਰੰਟ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਨਵਾਂਸ਼ਹਿਰ ਵਿਖੇ ਜਿਲਾ ਪੱਧਰੀ ਮੁਜਾਹਰਾ ਕੀਤਾ ਗਿਆ ਅਤੇ ਡਿਪਟੀ ਕਮਿਸ਼ਨਰ ਨੂੰ ਪ੍ਰਧਾਨ ਮੰਤਰੀ ਦੇ ਨਾਂਅ ਮੰਗ ਪੱਤਰ ਦਿੱਤਾ ਗਿਆ।ਇਸਤੋਂ ਪਹਿਲਾਂ ਬੱਸ ਅੱਡੇ ਤੇ ਕੀਤੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਸੀ.ਪੀ.ਆਈ(ਐਮ. ਐਲ)ਨਿਊ ਡੈਮੋਕਰੇਸੀ ਦੇ ਆਗੂ ਕੁਲਵਿੰਦਰ ਸਿੰਘ ਵੜੈਚ, ਕਾਮਰੇਡ ਦਲਜੀਤ ਸਿੰਘ ਐਡਵੋਕੇਟ ,ਬੀਬੀ ਗੁਰਬਖਸ਼ ਕੌਰ ਸੰਘਾ,ਜਸਬੀਰ ਦੀਪ,ਸੀ.ਪੀ.ਆਈ ਦੇ ਆਗੂ ਕਾਮਰੇਡ ਸੁਤੰਤਰ ਕੁਮਾਰ, ਪਰਮਿੰਦਰ ਮੇਨਕਾ, ਮੁਕੰਦ ਲਾਲ ,ਇਨਕਲਾਬੀ ਮਾਰਕਸਵਾਦੀ ਪਾਰਟੀ ਭਾਰਤ ਦੇ ਆਗੂ ਕਾਮਰੇਡ ਸੋਹਨ ਸਿੰਘ ਸਲੇਮਪੁਰੀ,ਪ੍ਰਿੰਸੀਪਲ ਇਕਬਾਲ ਸਿੰਘ , ਨੇ ਕਿਹਾ ਕਿ ਅੱਜ ਦੀ ਇਹ ਰੈਲੀ ਸਰਕਾਰਾਂ ਵਲੋਂ ਸਿਆਸੀ ਅਤੇ ਜਨਤਕ ਇਕਠਾਂ ਉੱਤੇ ਲਾਈਆਂ ਪਾਬੰਦੀਆਂ ਵਿਰੁੱਧ, ਲੌਕਡਾਉਨ ਵਿਚ ਲੋਕਾਂ ਸਿਰ ਮੜੇ ਕੇਸ ਰੱਦ ਕਰਵਾਉਣ ਲਈ,ਦੇਸ਼ ਦੇ ਨਾਮਵਰ ਬੁੱਧੀਜੀਵੀਆਂ ਨੂੰ ਜੇਹਲਾਂ ਵਿਚੋਂ ਰਿਹਾ ਕਰਵਾਉਣ, ਖੇਤੀ ਸੈਕਟਰ ਅਤੇ ਬਿਜਲੀ ਸੈਕਟਰ ਦੇ ਆਰਡੀਨੈਂਸ ਰੱਦ ਕਰਵਾਉਣ ਲਈ, ਤੇਲ ਦੀਆਂ ਕੀਮਤਾਂ ਵਿਚ ਕੀਤਾ ਵਾਧਾ ਵਾਪਸ ਲੈਣ, ਯੂ .ਏ .ਪੀ. ਏ,ਐਨ.ਐਸ.ਏ,ਪੀ .ਐਸ.ਏ ਅਤੇ ਹੋਰ ਕਾਲੇ ਕਾਨੂੰਨ ਵਾਪਸ ਲੈਣ, ਲੋਕਾਂ ਕੋਲੋਂ ਪੁਲਸ ਦੇ ਡੰਡੇ ਨਾਲ ਵਸੂਲੇ ਜਾ ਰਹੇ ਭਾਰੀ ਜੁਰਮਾਨੇ ਬੰਦ ਕਰਨ ਦੀਆਂ ਮੰਗਾਂ ਨੂੰ ਲੈਕੇ ਕੀਤੀ ਜਾ ਰਹੀ ਹੈ । ਆਗੂਆਂ ਨੇ ਕਿਹਾ ਕਿ ਸਰਕਾਰਾਂ ਕਰੋਨਾ ਨਾਲ ਕਾਰਗਰ ਢੰਗ ਨਾਲ ਨਜਿੱਠਣ ਵਿਚ ਅਸਫਲ ਸਾਬਤ ਹੋਈਆਂ ਹਨ ।ਉਹਨਾਂ ਕਿਹਾ ਕਿ ਸਰਕਾਰਾਂ ਕਰੋਨਾ ਦਾ ਡਰ ਦੇਕੇ ਲੋਕਾਂ ਨੂੰ ਘਰਾਂ ਵਿਚ ਬੰਦ ਕਰਕੇ ਲੋਕ ਵਿਰੋਧੀ ਫੈਸਲੇ ਕਰ ਰਹੀਆਂ ਹਨ ।ਕਿਰਤ ਕਾਨੂੰਨਾਂ ਵਿਚ ਸੋਧਾਂ ਦੇ ਨਾਂਅ ਉੱਤੇ ਕਿਰਤੀਆਂ ਦੇ ਹੱਕ ਖੋਹੇ ਜਾ ਰਹੇ ਹਨ ,ਮਨੁੱਖੀ ਅਤੇ ਜਮਹੂਰੀ ਅਧਿਕਾਰ ਕੁਚਲੇ ਜਾ ਰਹੇ ਹਨ ।ਆਗੂਆਂ ਨੇ ਕਿਹਾ ਕਿ ਸੰਘਵਾਦ ਦੀ ਸੋਚ ਨਾਲ ਗੜੁਚ ਕੌਮਵਾਦ ਦੀ ਨਵੀਂ ਪਰਿਭਾਸ਼ਾ ਪ੍ਰਚਾਰੀ ਜਾ ਰਹੀ ਹੈ ।
ਬਾਅਦ ਵਿਚ ਵਰ੍ਹਦੇ ਮੀਂਹ ਵਿਚ ਸ਼ਹਿਰ ਵਿਚ ਮੁਜਾਹਰਾ ਕਰਕੇ ਪ੍ਰਧਾਨ ਮੰਤਰੀ ਦੇ ਨਾਂਅ ਤਹਿਸੀਲਦਾਰ ਨੂੰ ਮੰਗ ਪੱਤਰ ਦਿੱਤਾ ਗਿਆ ।