ਸੁਖਜਿੰਦਰ ਸਿੰਘ ਪੰਜਗਰਾਈਂ
- ਕੈਪਟਨ ਸਰਕਾਰ ਨੇ ਬਿਜਲੀ ਦਰਾਂ ਅਤੇ ਡੀਜ਼ਲ ਤੇ ਵੈਟ ਵਧਾ ਕੇ ਆਮ ਲੋਕਾਂ ਦਾ ਜਿਉਣਾ ਮੁਸ਼ਕਿਲ ਕੀਤਾ ਹੋਇਆ ਹੈ : ਬੀਬੀ ਅਮਰਜੀਤ ਕੌਰ ਪੰਜਗਰਾਈਂ,ਮਨਦੀਪ ਸਿੰਘ ਰੂਬੀ ਬਰਾੜ
ਪੰਜਗਰਾਈਂ ਕਲਾਂ, 7 ਜੁਲਾਈ 2020 - ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਕਾਲੀ ਦਲ ਬਾਦਲ ਵੱਲੋਂ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੀ ਪੋਲ ਖੋਲ੍ਹਣ ਲਈ ਅੱਜ ਪੰਜਗਰਾਈਂ ਕਲਾਂ ਦੀ ਡਾ:ਭੀਮ ਰਾਓ ਅੰਬੇਦਕਰ ਧਰਮਸ਼ਾਲਾ ਵਿਖੇ ਇਸਤਰੀ ਅਕਾਲੀ ਦਲ ਦੀ ਸੀਨੀਅਰ ਆਗੂ ਤੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੀਬੀ ਅਮਰਜੀਤ ਕੌਰ ਪੰਜਗਰਾਈਂ ਤੇ ਸਰਕਲ ਬਾਜਾਖਾਨਾ ਦੇ ਪ੍ਰਧਾਨ ਤੇ ਸੀਨੀਅਰ ਯੂਥ ਅਕਾਲੀ ਆਗੂ ਮਨਦੀਪ ਸਿੰਘ ਰੂਬੀ ਬਰਾੜ ਦੀ ਅਗਵਾਈ ਹੇਠ ਰੋਸ਼ ਮੁਜ਼ਾਹਰਾ ਕੀਤਾ ਗਿਆ।
ਇਸ ਮੌਕੇ 'ਤੇ ਇੱਕਤਰ ਹੋਏ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਬੀਬੀ ਅਮਰਜੀਤ ਕੌਰ ਪੰਜਗਰਾਈਂ ਨੇ ਕਿਹਾ ਕਿ ਸੂਬੇ ਦੀ ਕੈਪਟਨ ਸਰਕਾਰ ਨੇ ਕਰੋਨਾ ਮਹਾਂਮਾਰੀ ਦੇ ਸੰਕਟ ਦੇ ਚੱਲਦਿਆਂ ਆਮ ਲੋਕਾਂ ਦੀ ਮਾੜੀ ਆਰਥਿਕਤਾ ਨੂੰ ਠੁੰਮਣਾ ਦੇਣ ਦੀ ਬਜਾਏ ਬਿਜਲੀ ਦੀਆਂ ਦਰਾਂ ਅਤੇ ਡੀਜ਼ਲ ਤੇ ਭਾਰੀ ਵੈਟ ਲਗਾ ਕੇ ਉਹਨਾਂ ਨੂੰ ਹੋਰ ਵੱਡੇ ਸੰਕਟ ਵਿੱਚ ਪਾ ਕੇ ਰੱਖ ਦਿੱਤਾ ਹੈ, ਜਿਸ ਕਰਕੇ ਲੋਕਾਂ ਦਾ ਜਿਉਣਾ ਮੁਸ਼ਕਿਲ ਹੋਇਆ ਪਿਆ ਹੈ। ਸਰਕਲ ਪ੍ਰਧਾਨ ਮਨਦੀਪ ਸਿੰਘ ਰੂਬੀ ਨੇ ਕਿਹਾ ਕਿ ਕਾਂਗਰਸ ਸਰਕਾਰ ਨੂੰ ਗਰੀਬਾਂ ਦੇ ਰਾਸ਼ਨ ਨੂੰ ਗਬਨ ਕਰਨ ਵਰਗੀਆਂ ਲੋਕ ਵਿਰੋਧੀ ਨੀਤੀਆਂ ਦਾ ਖਮਿਆਜ਼ਾ 2022 ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਲਾਜ਼ਮੀ ਭੁਗਤਣਾ ਪਵੇਗਾ ਤੇ ਪੰਜਾਬ ਦੇ ਲੋਕ ਕੈਪਟਨ ਦੀ ਸਰਕਾਰ ਨੂੰ ਚੱਲਦਾ ਕਰਕੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਸੂਬੇ ਵਿੱਚ ਸਰਕਾਰ ਬਣਾਉਣ ਲਈ ਉਤਾਵਲੇ ਬੈਠੇ ਹਨ।
ਇਸ ਮੌਕੇ ਤੇ ਅਕਾਲੀ ਵਰਕਰਾਂ ਤੇ ਆਗੂਆਂ ਵੱਲੋਂ 'ਕੈਪਟਨ ਸਰਕਾਰ ਮੁਰਦਾਬਾਦ', ਗਰੀਬਾਂ ਦੇ ਰਾਸ਼ਨ ਦਾ ਹਿਸਾਬ ਦਿਉ' ਆਦਿ ਨਾਅਰੇ ਲਗਾ ਕੇ ਸੂਬਾ ਸਰਕਾਰ ਵਿਰੁੱਧ ਰੋਹ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਤੇ ਸਾਬਕਾ ਸਰਪੰਚ ਦਲ ਸਿੰਘ ਬਰਾੜ, ਸੁਰਜੀਤ ਸਿੰਘ ਬਰਾੜ,ਪੰਚ ਭਾਨ ਚੰਦ ਕੱਕੂ,ਪੰਚ ਬਰਜਿੰਦਰ ਸਿੰਘ ਮਾਹਕਾ, ਸੁਖਪ੍ਰੀਤ ਸਿੰਘ ਬਰਾੜ, ਜਗਸੀਰ ਸਿੰਘ ਬਰਾੜ, ਭਾਜਪਾ ਆਗੂ ਰਾਜਵਿੰਦਰ ਸਿੰਘ ਭਲੂਰੀਆ,ਡਾ: ਜਸਵਿੰਦਰ ਸਿੰਘ ਖੀਵਾ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਦੇ ਆਗੂ ਤੇ ਵਰਕਰ ਹਾਜ਼ਰ ਸਨ।