37 ਸਾਲਾ ਪੱਤਰਕਾਰ ਨੇ ਹਸਪਤਾਲ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰ ਗੁਆਈ ਜਾਨ
ਨਵੀਂ ਦਿੱਲੀ, 6 ਜੁਲਾਈ, 2020 : ਇਥੇ ਏਮਜ਼ ਦੇ ਟਰੋਮਾ ਸੈਂਟਰ ਵਿਚ ਕੋਰੋਨਾ ਦਾ ਇਲਾਜ ਕਰਵਾ ਰਹੇ 37 ਸਾਲਾ ਪੱਤਰਕਾਰ ਨੇ ਹਸਪਤਾਲ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਆਪਣੀ ਜਾਨ ਗੁਆ ਲਈ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ।
ਜਾਣਕਾਰੀ ਮੁਤਾਬਕ ਇਹ ਪੱਤਰਕਾਰ ਇਕ ਹਿੰਦੀ ਅਖਬਾਰ ਲਈ ਕੰਮ ਕਰਦਾ ਸੀ ਤੇ ਉੱਤਰ ਪੂਰਬੀ ਦਿੱਲੀ ਦੇ ਭਜਨਪੁਰਾ ਇਲਾਕੇ ਦਾ ਰਹਿਣ ਵਾਲਾ ਸੀ। ਡਿਪਟੀ ਕਮਿਸ਼ਨਰ ਪੁਲਿਸ ਦੱਖਣ ਪੱਛਮੀ ਦੇਂਵੇਂਦਰ ਆਰਿਆ ਨੇ ਦੱਸਿਆ ਕਿ ਘਟਨਾ ਦੁਪਹਿਰ ਬਾਅਦ 2 ਵਜੇ ਵਾਪਰੀ। ਉਹਨਾਂ ਦੱਸਿਆ ਕਿ ਡਾਕਟਰਾਂ ਨੇ ਉਸਨੂੰ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਦਮ ਤੋੜ ਗਿਆ। ਏਮਜ਼ ਮੁਤਾਬਕ ਇਹ ਪੱਤਰਕਾਰ 24 ਜੂਨ ਨੂੰ ਏਮਜ਼ ਦੇ ਜੈ ਪ੍ਰਕਾਸ਼ ਨਰਾਇਣ ਏਪੈਕਸ ਟਰੋਮਾ ਸੈਂਟਰ ਵਿਚ ਦਾਖਲ ਹੋਇਆ ਸੀ।