ਹਰਦਮ ਮਾਨ
ਸਰੀ, 5 ਜੁਲਾਈ 2020 - ਕਈ ਦਰਜਨ ਪ੍ਰਦਰਸ਼ਨਕਾਰੀਆਂ ਨੇ ਸ਼ਨੀਵਾਰ ਨੂੰ ਵੈਨਕੂਵਰ ਵਿਚ ਚੀਨੀ ਦੂਤਘਰ ਸਾਹਮਣੇ ਇਕੱਠੇ ਹੋ ਕੇ ਚੀਨ ਵਿਚ 550 ਦਿਨਾਂ ਤੋਂ ਨਜ਼ਰਬੰਦ ਕੀਤੇ ਦੋ ਕੈਨੇਡੀਅਨਾਂ ਦੀ ਰਿਹਾਈ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਦੋ ਕੇਨੈਡੀਅਨ ਨਾਗਰਿਕਾਂ (ਮਾਈਕਲ ਸਪੈਵਰ ਅਤੇ ਮਾਈਕਲ ਕੋਵਰੀਗ) ਨੂੰ ਵੈਨਕੂਵਰ ਵਿਚ ਨਜ਼ਰਬੰਦ ਕੀਤੀ ਗਈ ਹੁਆਵੇਈ ਦੀ ਕਾਰਜਕਾਰੀ ਅਫਸਰ ਮੇਂਗ ਵਾਨਜ਼ੂ ਵਿਰੋਧ ਵਿਚ ਕੂਟਨੀਤਕ ਕਾਰਵਾਈ ਅਧੀਨ ਗ੍ਰਿਫਤਾਰ ਕੀਤਾ ਗਿਆ ਹੈ।
ਪ੍ਰਦਰਸ਼ਨ ਕਰ ਰਹੇ ਫਰੈਂਡਜ਼ ਆਫ ਕੈਨੇਡਾ ਇੰਡੀਆ ਆਰਗੇਨਾਈਜ਼ੇਸ਼ਨ ਦੇ ਬੁਲਾਰੇ ਮਨਿੰਦਰ ਸਿੰਘ ਗਿੱਲ ਨੇ ਕਿਹਾ ਕਿ ਮਾਈਕਲ ਸਪੈਵਰ ਅਤੇ ਮਾਈਕਲ ਕੋਵਰੀਗ ਦੀ ਰਿਹਾਈ ਲਈ ਖੜ੍ਹੇ ਹੋਣਾ ਕੈਨੇਡੀਅਨ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ ਦਾ ਮਾਮਲਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਚੀਨ ਦੁਨੀਆਂ ਭਰ ਵਿੱਚ ਧੱਕੇਸ਼ਾਹੀ ਕਰ ਰਿਹਾ ਹੈ। ਚੀਨੀ ਕੌਂਸਲੇਟ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕਰਕੇ ਅਸੀਂ ਚੀਨੀ ਸਰਕਾਰ ਨੂੰ ਸਖ਼ਤ ਸੁਨੇਹਾ ਦੇਣਾ ਚਾਹੁੰਦੇ ਹਾਂ।
ਗਿੱਲ ਨੇ ਇਹ ਵੀ ਕਿਹਾ ਕਿ ਚੀਨ ਵੱਲੋਂ ਹਾਲ ਵਿਚ ਹੀ ਭਾਰਤੀ ਸਰਹੱਦ ‘ਤੇ ਹਮਲਾ ਕਰਨ ਅਤੇ ਹਾਂਗ ਕਾਂਗ ਵਿਚ ਨਵਾਂ ਸੁਰੱਖਿਆ ਕਾਨੂੰਨ ਬਣਾਉਣ ਦੀਆਂ ਘਟਨਾਵਾਂ ਨੇ ਉਨ੍ਹਾਂ ਨੂੰ ਬੋਲਣ ਲਈ ਮਜ਼ਬੂਰ ਕੀਤਾ ਹੈ। ਹਾਂਗ ਕਾਂਗ ਵਿਚ ਲੋਕਤੰਤਰ ਨੂੰ ਬਚਾਉਣ ਲਈ ਲੋਕ ਰੋਜ਼ਾਨਾ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ, ਪਰ ਚੀਨ ਨੂੰ ਲੋਕਤੰਤਰ ਨਾਲ ਨਫ਼ਰਤ ਹੈ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com