ਹਰਦਮ ਮਾਨ
ਸਰੀ, 5 ਜੁਲਾਈ 2020 - ਨਸਲਵਾਦ, ਹਿੰਸਾ ਅਤੇ ਗਲਤ ਜਾਣਕਾਰੀ ਨੂੰ ਫੈਲਣ ਤੋਂ ਰੋਕਣ ‘ਚ ਅਸਫ਼ਲ ਰਹਿਣ ਹੋਣ ਤੋਂ ਬਾਅਦ ਫੇਸਬੁੱਕ ਵਿਰੁੱਧ ਛਿੜੀ ਅੰਤਰਰਾਸ਼ਟਰੀ ਬਾਈਕਾਟ ਮੁਹਿੰਮ ਵਿਚ ਸ਼ਾਮਲ ਹੁੰਦਿਆਂ ਕੈਨੇਡਾ ਦੇ ਪੰਜ ਵੱਡੇ ਬੈਂਕਾਂ ਨੇ ਫੇਸਬੁੱਕ ਉੱਤੇ ਇਸ਼ਤਿਹਾਰ ਦੇਣੇ ਬੰਦ ਕਰ ਦਿੱਤੇ ਹਨ। ਸਕੋਸ਼ੀਆ ਬੈਂਕ, ਆਰ.ਬੀ.ਸੀ., ਸੀ.ਆਈ.ਬੀ.ਸੀ. ਬੀ.ਐਮ.ਓ. ਅਤੇ ਟੀ.ਡੀ. ਵੱਲੋਂ ਫੇਸਬੁੱਕ ਉੱਤੇ ਇਸ਼ਤਿਹਾਰ ਦੇਣੇ ਬੰਦ ਕਰਨ ਦੀ ਪੁਸ਼ਟੀ ਕਰਦਿਆਂ ਕਿਹਾ ਗਿਆ ਹੈ ਕਿ ਐਨ.ਏ.ਏ.ਸੀ.ਪੀ. ਅਤੇ ਐਂਟੀ-ਡਿਫੈਮੈਂਸ਼ਨ ਲੀਗ ਵਰਗੀਆਂ ਸੰਸਥਾਵਾਂ ਦੀ ਅਗਵਾਈ ਹੇਠ ਇਸ ਪਹਿਲ ਦੀ ਸ਼ੁਰੂਆਤ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਪਾਈ ਜਾ ਰਹੀ ਐਂਟੀ-ਸੇਮਟਿਕ ਅਤੇ ਬਲੈਕ-ਵਿਰੋਧੀ ਬਿਆਨਬਾਜ਼ੀ ਦੇ ਵਿਰੋਧ ‘ਚ ਸ਼ੁਰੂ ਹੋਈ ਹੈ।
ਸਕੋਸ਼ੀਆਬੈਂਕ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਕਰਮਚਾਰੀਆਂ, ਗਾਹਕਾਂ, ਸ਼ੇਅਰ ਹੋਲਡਰਜ਼ ਤੇ ਕਮਿਊਨਿਟੀਜ਼ ਲਈ ਸੁਰੱਖਿਅਤ ਮਾਹੌਲ ਬਣਾਉਣ ਦੀ ਸਾਡੀ ਮੌਲਿਕ ਮਾਨਤਾ ਤੇ ਰੁਝਾਨ ਦੇ ਅਧਾਰ ਉੱਤੇ ਇਹ ਫੈਸਲਾ ਲਿਆ ਗਿਆ ਹੈ।
ਆਰ.ਬੀ.ਸੀ ਦੇ ਬੁਲਾਰੇ ਏਜੇ ਗੌਡਮੈਨ ਨੇ ਆਖਿਆ ਕਿ ਬੈਂਕ ਦਾ ਮੰਨਣਾ ਹੈ ਕਿ ਪੂਰੇ ਸਿਸਟਮ ਵਿੱਚ ਫੈਲੇ ਨਸਲਵਾਦ ਕਾਰਨ ਸਿਆਹ ਨਸਲ ਦੇ ਲੋਕਾਂ, ਮੂਲਵਾਸੀਆਂ ਤੇ ਹੋਰ ਨਸਲਾਂ ਦੇ ਲੋਕਾਂ ਲਈ ਆਰਥਿਕ ਤੇ ਸਮਾਜਕ ਤਰੱਕੀ ਲਈ ਮਿਲਣ ਵਾਲੇ ਮੌਕਿਆਂ ਲਈ ਬਰਾਬਰੀ ਨਾਲ ਮੁਕਾਬਲਾ ਕਰਨ ਦੀ ਸਮਰੱਥਾ ਵਿੱਚ ਰੁਕਾਵਟ ਆਉਂਦੀ ਹੈ। ਉਨ੍ਹਾਂ ਆਖਿਆ ਕਿ ਆਰਬੀਸੀ ਦਾ ਮੰਤਵ ਆਪਣੇ ਗਾਹਕਾਂ ਤੇ ਕਮਿਊਨਿਟੀਜ਼ ਦੀ ਖੁਸ਼ਹਾਲੀ ਲਈ ਕੰਮ ਕਰਨਾ ਹੈ ਤੇ ਇਸ ਟੀਚੇ ਦੀ ਪ੍ਰਾਪਤੀ ਲਈ ਸਾਨੂੰ ਸਿਸਟਮ ਵਿਚਲੇ ਨਸਲਵਾਦ ਤੇ ਪੱਖਪਾਤ ਨੂੰ ਖ਼ਤਮ ਕਰਨ ਵੱਲ ਕੰਮ ਕਰਨਾ ਹੋਵੇਗਾ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com