ਦੀਪਕ ਜੈਨ
- ਦੋ ਦਿਨ ਪਹਿਲਾ ਹੋਇਆ ਦੀ ਪਿੰਡ ਅਕਾਲਗੜ੍ਹ 'ਚ ਕਤਲ
ਜਗਰਾਓਂ, 4 ਜੁਲਾਈ 2020 - ਥਾਣਾ ਸੁਧਾਰ ਵਿਖੇ ਦੋ ਦਿਨ ਪਹਿਲਾ ਇੱਕ ਕਤਲ ਦਾ ਮੁਕਦਮਾ ਦਰਜ ਕੀਤਾ ਗਿਆ ਸੀ ਅਤੇ ਉਸ ਵੇਲੇ ਮੁਕਦਮੇ ਵਿੱਚ ਅਣਪਛਾਤੇ ਲਿਖਿਆ ਗਿਆ ਸੀ। ਪਰ ਇਸ ਕਤਲ ਦੀ ਗੁੱਥੀ ਪੁਲਿਸ ਵਲੋਂ ਮੁਸਤੈਦੀ ਵਿਖਾਉਂਦਿਆਂ ਦੋ ਦਿਨ ਵਿਚ ਹੀ ਸੁਲਝਾ ਲਈ ਗਈ। ਜਾਣਕਾਰੀ ਅਨੁਸਾਰ ਪਿੰਡ ਅਕਾਲਗੜ੍ਹ ਵਿਖੇ ਦੋ ਦਿਨ ਪਹਿਲਾ ਹੋਏ ਇੱਕ ਲੜਕੀ ਬਲਵੀਰ ਕੌਰ ਚੀਨੂੰ ਦੇ ਅੰਨ੍ਹੇ ਕਤਲ ਦੀ ਗੁਥੀ ਸੁਲਝਾਉਂਦਿਆਂ ਪੁਲਿਸ ਵਲੋਂ ਮ੍ਰਿਤਕਾ ਬਲਵੀਰ ਕੌਰ ਦੀ ਭਾਭੀ ਚਰਨਜੀਤ ਕੌਰ ਅਤੇ ਚਰਨਜੀਤ ਕੌਰ ਦਾ ਆਸ਼ਕ ਹਰਜੀਤ ਸਿੰਘ ਗਿਰਫ਼ਤਾਰ ਕੀਤਾ ਗਿਆ ਹੈ ।
ਇਸ ਸੰਬੰਧੀ ਅੱਜ ਐਸਐਸਪੀ ਵਿਵੇਕਸ਼ੀਲ ਸੋਨੀ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦਸਿਆ ਕਿ ਪਿੰਡ ਅਕਾਲਗੜ੍ਹ ਦੇ ਇਕ ਘਰ ਵਿਚ ਇਕ ਲੜਕੀ ਦਾ ਕਤਲ ਹੋ ਗਿਆ ਸੀ ਜਿਸਦੀ ਪੁਲਿਸ ਵਲੋਂ ਪੂਰੀ ਡੂੰਘਾਈ ਨਾਲ ਪੜਤਾਲ ਕਰਦਿਆਂ ਦੋਵੇਂ ਦੋਸ਼ੀਆਂ ਨੂੰ ਗਿਰਫ਼ਤਾਰ ਕੀਤਾ ਗਿਆ ਹੈ। ਐਸਐਸਪੀ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਦਾ ਪਿਤਾ ਮੇਵਾ ਸਿੰਘ ਜੋ ਕਿ ਰਿਟਾਇਰ ਹੋਨਰਾਰੀ ਕੈਪਟਨ ਹਨ, ਦੇ ਬਿਆਨ ਤੇ 302 ਦਾ ਮੁਕਦਮਾ ਦਰਜ ਕਰਕੇ ਕਾਰਵਾਈ ਅਰੰਭੀ।
ਪੜਤਾਲ ਵਿੱਚ ਪੁਲਿਸ ਨੂੰ ਪਤਾ ਚੱਲਿਆ ਕਿ ਬਲਵੀਰ ਕੌਰ ਦੀ ਭਾਭੀ ਤੇ ਭਰਾ ਦੋਵੇਂ ਆਪਣੇ ਪਿਓ ਤੋਂ ਅਲੱਗ ਮੁੱਲਾਂਪੁਰ ਰਹਿੰਦੇ ਸਨ। ਐਸਐਸਪੀ ਨੇ ਦੱਸਿਆ ਕਿ ਚਰਨਜੀਤ ਕੌਰ ਨੂੰ ਪਤਾ ਸੀ ਕਿ ਉਸਦੇ ਸਹੁਰਿਆਂ ਕੋਲ ਗਹਿਣਾ ਕਾਫੀ ਹੈ ਤੇ ਉਸਦੇ ਮਨ 'ਚ ਲਾਲਚ ਆ ਗਿਆ ਅਤੇ 2 ਜੁਲਾਈ ਨੂੰ ਚਰਨਜੀਤ ਕੌਰ ਨੇ ਸਾਥੀ ਹਰਜੀਤ ਸਿੰਘ ਨਾਲ ਮਿਲਕੇ ਬਲਵੀਰ ਕੌਰ ਜੋ ਕਿ ਘਰੇ ਇੱਕਲੀ ਸੀ ਨੂੰ ਮਾਰਕੇ ਗਹਿਣੇ ਚੋਰੀ ਕਰਨ ਦਾ ਪਲਾਨ ਬਣਾਇਆ ਤੇ ਹਰਜੀਤ ਸਿੰਘ ਬਾਹਰ ਮੋਟਰਸਾਇਕਲ ਤੇ ਖੜਾ ਸੀ ਤੇ ਚਰਨਜੀਤ ਨੇ ਅੰਦਰ ਜਾਕੇ ਬਲਵੀਰ ਕੌਰ ਦਾ ਚੁੰਨੀ ਨਾਲ ਗਲਾ ਘੁੱਟ ਉਸਨੂੰ ਮਾਰ ਦਿੱਤਾ।
ਜਾਣਕਾਰੀ ਅਨੁਸਾਰ ਮ੍ਰਿਤਕਾ ਚੀਨੂੰ ਦੇ ਪਿਤਾ ਮੇਵਾ ਸਿੰਘ ਦੇ ਦੋ ਵਿਆਹ ਹੋਏ ਸਨ ਅਤੇ ਚਰਨਜੀਤ ਕੌਰ ਉਸਦੇ ਪਹਿਲੇ ਵਿਆਹ ਦੇ ਲੜਕੇ ਨਾਲ ਵਿਆਹੀ ਸੀ ਅਤੇ ਚੀਨੂੰ (ਮ੍ਰਿਤਕਾ ) ਉਸਦੇ ਦੂਜੇ ਵਿਆਹ ਵਾਲੀ ਪਤਨੀ ਨਾਲ ਆਈ ਸੀ। ਪੁਲਿਸ ਮੁਤਾਬਿਕ ਚਰਨਜੀਤ ਕੌਰ ਨੂੰ ਲੱਗਦਾ ਸੀ ਉਸਦੇ ਪਤੀ ਜਤਿੰਦਰ ਸਿੰਘ ਦੀ ਮਤਰੇਈ ਮਾਂ ਕਾਰਨ ਉਹਨਾਂ ਨਾਲ ਵਿਤਕਰਾ ਕੀਤਾ ਜਾਂਦਾ ਹੈ ਤੇ ਉਹ ਦਿਹਾੜੀ ਦਾ ਕੰਮ ਕਰਨ ਨੂੰ ਮਜਬੂਰ ਸਨ ਅਤੇ ਜਿਸ ਕਾਰਨ ਚਰਨਜੀਤ ਕੌਰ ਨੂੰ ਲੱਗਦਾ ਸੀ ਕਿ ਉਸਦਾ ਸਹੁਰਾ ਆਪਣੀ ਦੂਜੇ ਵਿਆਹ ਵਾਲੀ ਪਤਨੀ ਦੀ ਕੁੜੀ ਚੀਨੂੰ ਦਾ ਜ਼ਿਆਦਾ ਕਰਦਾ ਹੈ ਅਤੇ ਸਾਡਾ ਘੱਟ। ਐਸਐਸਪੀ ਸੋਨੀ ਨੇ ਦੱਸਿਆ ਕਿ ਦੋਸ਼ਣ ਚਰਨਜੀਤ ਕੌਰ ਦਾ ਪਤੀ ਜਤਿੰਦਰ ਸਿੰਘ ਪਹਿਲਾ 3 ਸਾਲ ਦੁਬਈ ਰਹਿੰਦਾ ਸੀ ਅਤੇ ਉਸ ਦੌਰਾਨ ਉਸਦੀ ਦੋਸਤੀ ਹਰਜੀਤ ਸਿੰਘ ਨਾਲ ਹੋਈ ਤੇ ਉਹਨਾਂ ਦੇ ਨਾਜਾਇਜ ਸੰਬੰਧ ਬਣਨ ਲੱਗ ਗਏ ਸਨ ਅਤੇ ਹਰਜੀਤ ਨਾਲ ਮਿਲਕੇ ਚਰਨਜੀਤ ਕੌਰ ਨੇ ਬਲਵੀਰ ਕੌਰ ਚੀਨੂੰ ਨੂੰ ਮਾਰਨ ਸੀ ਸਾਜਿਸ਼ ਰਚੀ।