ਪੇਸ਼ਾਵਰ, 3 ਜੁਲਾਈ 2020 - ਪਾਕਿਸਤਾਨ 'ਚ ਵਾਪਰੇ ਰੇਲ ਹਾਦਸੇ 'ਚ ਕੁੱਲ ਮੌਤਾਂ ਦੀ ਗਿਣਤੀ 19 ਹੋ ਗਈ ਹੈ। ਤਾਜ਼ਾ ਮਿਲੀ ਜਾਣਕਾਰੀ ਮੁਤਾਬਕ 22 ਸਿੱਖ ਨਨਕਾਣਾ ਸਾਹਿਬ ਅਰਦਾਸ ਲਈ ਆਏ ਸਨ ਅਤੇ ਪੇਸ਼ਾਵਰ ਵਾਪਸ ਆ ਰਹੇ ਸਨ ਤਾਂ ਉਹਨਾਂ ਦੀ ਵੈਨ ਸੱਚਾ ਸੌਦਾ ਫਾਰੂਕਾਬਾਦ ਸ਼ੇਖੀਪੁਰਾ ਨੇੜੇ ਰੇਲਗੱਡੀ ਨਾਲ ਟਕਰਾ ਗਈ। ਪਤਾ ਲੱਗਾ ਹੈ ਕਿ ਡਰਾਈਵਰ ਦੀ ਅਣਗਹਿਲੀ ਕਾਰਨ ਇਹ ਹਾਦਸਾ ਵਾਪਰਿਆ ਹੈ। ਅਲੱਗ-ਅਲੱਗ ਤਿੰਨ ਵੈਨਾਂ 'ਚ ਸਿੱਖ ਸ਼ਰਧਾਲੂ ਸਵਾਰ ਸਨ, ਜਿਨ੍ਹਾਂ 'ਚੋਂ ਤੀਜੀ ਤੇ ਆਖਰੀ ਵੈਨ ਦੇ ਡਰਾਈਵਰ ਨੇ ਬਿਨਾ ਫਾਟਕ ਵਾਲੀ ਕਰਾਸਿੰਗ 'ਤੇ ਖੜ੍ਹੀਆਂ ਦੋ ਗੱਡੀਆਂ ਨੂੰ ਓਵਰਟੇਕ ਕਰਕੇ ਅੱਗੇ ਨਿੱਕਲਣਾ ਚਾਹਿਆ ਅਤੇ ਕਾਹਲੀ ਕਰਦਿਆਂ ਰੇਲ ਗੱਡੀ ਨਾਲ ਟਕਰਾ ਗਿਆ।
ਹੁਣ ਤੱਕ ਕੁੱਲ ਮੌਤ ਦੀ ਪੁਸ਼ਟੀ 19 ਅਤੇ ਬਾਕੀ ਜ਼ਖਮੀ ਹਨ। ਜ਼ਖਮੀਆਂ ਨੂੰ ਸ਼ੇਖੀਪੁਰਾ ਅਤੇ ਲਹੌਰ ਦੇ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।