ਹਰਦਮ ਮਾਨ
ਸਰੀ, 4 ਜੂਨ 2020 - ਕੈਨੇਡਾ ਦੀ ਮੁੱਖ ਵਿਰੋਧੀ ਰਾਜਸੀ ਪਾਰਟੀ (ਕੰਜ਼ਰਵੇਟਿਵ ਪਾਰਟੀ) ਦੀ ਲੀਡਰਸ਼ਿਪ ਦੌੜ ਲਈ ਉਮੀਦਵਾਰਾਂ ਦੀ ਪਹਿਲੀ ਡਿਬੇਟ 17 ਤੇ 18 ਜੂਨ ਨੂੰ ਟੋਰਾਂਟੋ ਵਿਖੇ ਹੋਵੇਗੀ। ਇਹ ਡਿਬੇਟ ਕੋਵਿਡ-19 ਕਾਰਨ ਲਟਕਦੀ ਆ ਰਹੀ ਸੀ ਪਰ ਹੁਣ ਪਾਰਟੀ ਨੇ ਇਸ ਡਿਬੇਟ ਦੀਆਂ ਤਰੀਕਾਂ ਦਾ ਐਲਾਨ ਕਰਦੇ ਹੋਏ ਕਿਹਾ ਹੈ ਕਿ ਡਿਬੇਟ ਦੌਰਾਨ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣ ਕੀਤੀ ਜਾਵੇਗੀ।
ਪਾਰਟੀ ਦੀ ਸੂਚਨਾ ਅਨੁਸਾਰ 17 ਜੂਨ ਨੂੰ ਹੋਣ ਵਾਲੀ ਡੀਬੇਟ ਫਰੈਂਓ ਭਾਸ਼ਾ ਵਿਚ ਹੋਵੇਗੀ ਅਤੇ 18 ਜੂਨ ਨੂੰ ਅੰਗਰੇਜ਼ੀ ਭਾਸ਼ਾ ਵਿਚ ਹੋਵੇਗੀ। ਪਾਰਟੀ ਦੀ ਵੈਬਸਾਈਟ 'ਤੇ ਇਨ੍ਹਾਂ ਦਾ ਸਿੱਧਾ ਪ੍ਰਸਾਰਨ ਕੀਤਾ ਜਾਵੇਗਾ। ਡਿਬੇਟ ਦਾ ਸੰਚਾਲਨ ਲੀਡਰਸ਼ਿਪ ਇਲੈਕਸ਼ਨ ਆਰਗੇਨਾਈਜ਼ਿੰਗ ਕਮੇਟੀ ਦੀ ਕੋ-ਚੇਅਰ ਡੈਨ ਨੋਵਲਨ ਅਤੇ ਲਿਸਾ ਰਾਇਤ ਕਰਨਗੇ।
ਜ਼ਿਕਰਯੋਗ ਹੈ ਕਿ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਦੌੜ ਲਈ ਚਾਰ ਉਮੀਦਵਾਰਾਂ-ਪੀਟਰ ਮੈਕੇ, ਲੈਸਲਿਨ ਲੇਵਿਸ, ਐਰਿਨ ਓਟੂਲ ਅਤੇ ਡੈਰਕ ਸਲੋਅਨ ਨੇ ਕੁਆਲੀਫ਼ਾਈ ਕੀਤਾ ਹੈ। ਇਸ ਡੀਬੇਟ ਲਈ ਲੋਕ ਆਪਣੇ ਸਵਾਲ 10 ਜੂਨ ਤੱਕ ਵੈਬਸਾਈਟ www.cpc-leadership2020.ca 'ਤੇ ਵੀਡੀਓ ਰਾਹੀਂ ਭੇਜ ਸਕਦੇ ਹਨ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com