ਅਸ਼ੋਕ ਵਰਮਾ
ਬਠਿੰਡਾ, 3 ਜੂਨ 2020 - ਕੋਰੋਨਾ ਮਹਾਂਮਾਰੀ ਕਾਰਨ ਬਲੱਡ ਬੈਂਕਾਂ ‘ਚ ਹੋਈ ਖੂਨ ਦੀ ਕਮੀਂ ਨੂੰ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਵਲੰਟੀਅਰਾਂ ਵੱਲੋਂ ਰੈੱਡ ਕਰਾਸ ਦੀ ਮੰਗ ਤਹਿਤ ਮੌੜ ਮੰੰਡੀ ’ਚ 55 ਯੂਨਿਟ ਖੂਨਦਾਨ ਕੀਤਾ ਗਿਆ। ਸਿਵਲ ਹਸਪਤਾਲ ਬਠਿੰਡਾ ਦੇ ਬਲੱਡ ਬੈਂਕ ‘ਚੋਂ ਬਲਦੇਵ ਸਿੰਘ ਰੋਮਾਣਾ ਸਮੇਤ ਪੁੱਜੀ ਉਨਾਂ ਦੀ ਟੀਮ ਨੇ ਖੂਨਦਾਨ ਹਾਸਲ ਕੀਤਾ। ਕੈਂਪ ‘ਚ ਭਾਵੇਂ ਹੀ ਹੋਰ ਵੀ ਕਾਫੀ ਖੂਨਦਾਨੀ ਖੂਨਦਾਨ ਕਰਨ ਲਈ ਪੁੱਜੇ ਸੀ ਪਰ ਬਲੱਡ ਬੈਂਕ ਦੀ ਟੀਮ ਨੇ ਆਪਣੀ ਸਮਰੱਥਾ ਮੁਤਾਬਿਕ ਹੀ 55 ਯੂਨਿਟ ਖੂਨ ਇਕੱਤਰ ਕੀਤਾ। ਖੂਨਦਾਨ ਦੀ ਇਸ ਮੁਹਿੰਮ ਮੌਕੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਜੋ ਸਾਵਧਾਨੀਆਂ ਵਰਤੀਆਂ ਜਾਂਦੀਆਂ ਹਨ ਉਨਾਂ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ। ਸਮੁੱਚੇ ਖੂਨਦਾਨੀ ਮਾਸਕ ਪਹਿਨਕੇ ਆਏ ਅਤੇ ਹੱਥਾਂ ਨੂੰ ਸੈਨੇਟਾਈਜ਼ ਕਰਨ ਤੇ ਤਾਪਮਾਨ ਚੈਕ ਕਰਨ ਉਪਰੰਤ ਹੀ ਖੂਨਦਾਨ ਕੀਤਾ।
ਇਸ ਕੈਂਪ ਦੌਰਾਨ ਪਿੰਡ ਜੋਧਪੁਰ ਪਾਖਰ ਤੋਂ ਦੋ ਸਕੇ ਭਰਾਵਾਂ ਜਸਵਿੰਦਰ ਸਿੰਘ ਤੇ ਸੂਬਾ ਸਿੰਘ ਇੰਸਾਂ ਪੁੱਤਰ ਹਾਕਮ ਸਿੰਘ ਨੇ ਇਕੱਠਿਆਂ ਖੂਨਦਾਨ ਕਰਨ ਦੀ ਇੱਛਾ ਜਤਾਈ ਜਿਸ ਨੂੰ ਦੇਖਦਿਆਂ ਟੀਮ ਨੇ ਦੋਵਾਂ ਦਾ ਖੂਨ ਹਾਸਲ ਕੀਤਾ। ਇਸ ਮੌਕੇ 45 ਮੈਂਬਰ ਪੰਜਾਬ ਗੁਰਦੇਵ ਸਿੰਘ ਬਠਿੰਡਾ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਕਾਰਨ ਬਲੱਡ ਬੈਂਕਾਂ ‘ਚ ਹੋਈ ਖੂਨ ਦੀ ਘਾਟ ਨੂੰ ਪੂਰਾ ਕਰਨ ਲਈ ਇਹ ਕੈਂਪ ਲਾਏ ਜਾ ਰਹੇ ਹਨ ਜਿਸ ਤਹਿਤ ਅੱਜ ਮੌੜ ਮੰਡੀ ‘ਚ 55 ਯੂਨਿਟ ਖੂਨਦਾਨ ਹੋਇਆ। ਖੂਨਦਾਨ ਸੰਮਤੀ ਦੇ ਜਿੰਮੇਵਾਰ ਸੇਵਾਦਾਰ ਲਖਵੀਰ ਇੰਸਾਂ ਨੇ ਦੱਸਿਆ ਕਿ ਜੇਕਰ ਆਉਣ ਵਾਲੇ ਦਿਨਾਂ ‘ਚ ਵੀ ਬਲੱਡ ਬੈਂਕਾਂ ਨੂੰ ਖੂਨ ਦੀ ਜ਼ਰੂਰਤ ਪਈ ਤਾਂ ਵਲੰਟਂਅਰ ਖੂਨਦਾਨ ਲਈ ਤਿਆਰ ਹਨ। ਸਿਵਲ ਹਸਪਤਾਲ ਬਠਿੰਡਾ ਦੀ ਟੀਮ ਦੇ ਮੈਂਬਰਾਂ ਬਲਦੇਵ ਸਿੰਘ ਰੋਮਾਣਾ ਨੇ ਖੂਨਦਾਨੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਨਾਂ ਨੂੰ ਵਿਸ਼ਵਾਸ ਹੈ ਕਿ ਜਦੋਂ ਕਿਤੇ ਵੀ ਭਵਿੱਖ ‘ਚ ਖੂਨ ਦੀ ਲੋੜ ਪਵੇਗੀ ਤਾਂ ਇਸੇ ਤਰ੍ਹਾਂ ਸਹਿਯੋਗ ਦਿੱਤਾ ਜਾਵੇਗਾ।