ਦਿਨੇਸ਼
ਗੁਰਦਾਸਪੁਰ, 31 ਮਾਰਚ 2020 - ਭਾਵੇਂ ਪੰਜਾਬ ਦੇ ਪਾਣੀਆਂ ਨੂੰ ਗੰਧਲਾ ਕਰਨ ਦਾ ਮੁੱਦਾ ਹੋਵੇ ਜਾਂ ਗੰਨਾ ਕਾਸ਼ਤਕਾਰਾਂ ਨੂੰ ਫ਼ਸਲ ਦਾ ਮੁੱਲ ਦੇਣ ਦਾ ਮੁੱਦਾ ਹੋਵੇ। ਅਜਿਹੇ ਹੀ ਕਾਰਨਾਂ ਕਾਰਨ ਗੁਰਦਾਸਪੁਰ ਦੇ ਕਸਬਾ ਹਰਚੋਵਾਲ ਵਿਖੇ ਸਥਿਤ ਚੱਡਾ ਸ਼ੂਗਰ ਮਿੱਲ ਇਸ ਵਾਰ ਨਵੇਂ ਵਿਵਾਦ ਦਾ ਕਾਰਨ ਬਣਦੀ ਵਿਖਾਈ ਦੇ ਰਹੀ ਹੈ। ਕਿਉਂ ਕਿ ਬੀਤੀ ਰਾਤ ਐਕਸਾਈਜ਼ ਵਿਭਾਗ ਅਤੇ ਪੰਜਾਬ ਪੁਲਿਸ ਵੱਲੋਂ ਸਾਂਝੇ ਅਪਰੇਸ਼ਨ ਦੌਰਾਨ ਚੱਡਾ ਸ਼ੂਗਰ ਮਿੱਲ ਵਿਚੋਂ 2 ਟਰੱਕ ਨਾਜਾਇਜ਼ ਸ਼ਰਾਬ ਦੇ ਬਰਾਮਦ ਕੀਤੇ ਗਏ ਹਨ।
ਫ਼ਿਲਹਾਲ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਸ੍ਰੀ ਹਰਗੋਬਿੰਦ ਪੁਲਿਸ ਨੇ ਨਾਜਾਇਜ਼ ਸ਼ਰਾਬ ਨਾਲ ਭਰੇ ਇਹਨਾਂ ਦੋਹਾਂ ਟਰੱਕਾਂ ਨੂੰ ਆਪਣੇ ਕਬਜ਼ੇ ਵਿੱਚ ਲੈਂਦਿਆਂ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਉਣੀ ਅਰੰਭ ਕਰ ਦਿੱਤੀ ਹੈ। ਫ਼ਿਲਹਾਲ ਇਹਨਾਂ ਦੋਹਾਂ ਟਰੱਕਾਂ ਵਿੱਚ ਕਰੀਬ 3500 ਤੋਂ ਵੱਧ ਨਾਜਾਇਜ਼ ਸ਼ਰਾਬ ਦੀਆਂ ਪੇਟੀਆਂ ਮਿਲਣ ਦੀ ਸੰਭਾਵਨਾ ਹੈ, ਕਿਉਂ ਕਿ ਖ਼ਬਰ ਲਿਖੇ ਜਾਣ ਤੱਕ ਇਹਨਾਂ ਦੋਹਾਂ ਟਰੱਕਾਂ ਵਿਚੋਂ ਸ਼ਰਾਬ ਉਤਾਰਨ ਦੀ ਪ੍ਰਕਿਰਿਆ ਜਾਰੀ ਸੀ।
ਪੂਰੇ ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ ਬਾਲ ਕਿਸ਼ਨ ਸਿੰਗਲਾ ਨੇ ਦੱਸਿਆ ਕਿ ਕਸਬਾ ਹਰਚੋਵਾਲ ਸਥਿਤ ਚੱਡਾ ਸ਼ੂਗਰ ਮਿੱਲ ਵਿਚੋਂ ਦੋ ਟਰੱਕ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ ਅਤੇ ਇਸ ਸਬੰਧੀ ਥਾਣਾ ਸ੍ਰੀ ਹਰਗੋਬਿੰਦਪੁਰ ਵਿਖੇ ਅਪਰਾਧਿਕ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਫ਼ਿਲਹਾਲ ਇਸ ਮਾਮਲੇ ਸਬੰਧੀ ਕੋਈ ਵੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਅਤੇ ਕਾਬੂ ਕੀਤੇ ਗਏ ਟਰੱਕਾਂ ਵਿਚੋਂ ਸ਼ਰਾਬ ਉਤਾਰਨ ਦਾ ਕੰਮ ਜਾਰੀ ਹੈ। ਉਨ੍ਹਾਂ ਦੱਸਿਆ ਕਿ ਫ਼ਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇੱਥੇ ਜ਼ਿਕਰਯੋਗ ਹੈ ਕਿ ਚੱਡਾ ਸ਼ੂਗਰ ਮਿੱਲ ਦਾ ਸ਼ੁਰੂ ਤੋਂ ਹੀ ਵਿਵਾਦਾਂ ਨਾਲ ਰਿਸ਼ਤਾ ਰਿਹਾ ਹੈ। ਉਹ ਫੇਰ ਭਾਵੇਂ ਗੰਨਾ ਕਾਸ਼ਤਕਾਰਾਂ ਦੀ ਅਦਾਇਗੀ ਨਾ ਕਰਨ ਕਾਰਨ ਹੋਵੇ। ਜਾਂ ਫਿਰ ਬੀਤੇ ਵਰ੍ਹੇ ਬਿਆਸ ਦਰਿਆ ਵਿਖੇ ਮੱਛੀਆਂ ਮਰਨ ਮਗਰੋਂ ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਇਸ ਮਿੱਲ ਨੂੰ ਕੀਤਾ ਗਿਆ ਨਕਦ ਜੁਰਮਾਨਾ ਹੋਵੇ। ਉੱਥੇ ਦੂਜੇ ਪਾਸੇ ਅਕਾਲੀ ਦਲ ਇਸ ਨੂੰ ਵੀ ਮੁੱਦਾ ਬਣਾਉਣ ਦੀ ਫ਼ਿਰਾਕ ਵਿੱਚ ਹੈ ਅਤੇ ਉਮੀਦ ਹੈ ਕਿ ਇਸ ਮੁੱਦੇ ਨੂੰ ਲੈ ਕੇ ਅਕਾਲੀ ਦਲ ਦੇ ਵੱਡੇ ਆਗੂਆਂ ਵੱਲੋਂ ਇਸ ਮੁੱਦੇ ਨੂੰ ਕਾਂਗਰਸ ਸਰਕਾਰ ਬਨਾਮ ਸੂਬੇ ਦੀ ਲੁੱਟ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਵੇ।