ਹਰਿੰਦਰ ਨਿੱਕਾ
ਸੰਗਰੂਰ, 31 ਮਈ 2020 - ਗੁਰੂ ਜੀ ਆਸ਼ਰਮ ਟਰੱਸਟ, ਨਵੀਂ ਦਿੱਲੀ ਵੱਲੋਂ ਜ਼ਿਲ੍ਹਾ ਪੁਲਿਸ ਨੂੰ ਕੋਵਿਡ ਦੀ ਰੋਕਥਾਮ ਲਈ ਮਾਸਕ, ਸੈਨੀਟਾਈਜ਼ਰ, ਪੀ.ਪੀ.ਈ. ਕਿੱਟਾਂ, ਮਾਸਕ ਸ਼ੀਲਡਾਂ ਸਮੇਤ ਹੋਰ ਮੈਡੀਕਲ ਸਮੱਗਰੀ ਭੇਂਟ ਕੀਤੀ ਹੈ।
ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਡਾ. ਸੰਦੀਪ ਗਰਗ ਨੇ ਕਿਹਾ ਟਰੱਸਟ ਦੇ ਚੇਅਰਮੈਨ ਨਵਦੀਪ ਸਿੰਘ ਗੌਰਵ ਵੱਲੋਂ ਕੋਰੋਨਾ ਵਾਇਰਸ ਦੀ ਲਾਗ ਤੋਂ ਬਚਣ ਲਈ ਐਸ.ਪੀ. ਮਾਲੇਰਕੋਟਲਾ ਸ੍ਰੀ ਮਨਜੀਤ ਸਿੰਘ ਬਰਾੜ ਰਾਹੀਂ ਇਕ ਲੱਖ ਮਾਸਕ, 25 ਹਜ਼ਾਰ ਹੈਂਡ ਸੈਨੇਟਾਈਜ਼ਰ ਦੀਆਂ ਸ਼ੀਸ਼ੀਆਂ, 10 ਹਜ਼ਾਰ ਮਾਸਕ ਸ਼ੀਲਡਾਂ ਤੇ ਇੱਕ ਹਜ਼ਾਰ ਪੀ.ਪੀ.ਈ. ਕਿੱਟਾਂ ਪ੍ਰਦਾਨ ਕੀਤੀਆਂ ਗਈਆਂ ਹਨ।
ਐਸ.ਐਸ.ਪੀ. ਨੇ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਮਾਜ ਸੇਵੀਆਂ ਨਾਲ ਮਿਲ ਕੇ ਕੋਵਿਡ 19 ਦੀ ਮਹਾਂਮਾਰੀ ਤੋਂ ਛੇਤੀ ਨਿਜ਼ਾਤ ਪਾਈ ਜਾ ਸਕਦੀ ਹੈ। ਇਸ ਮੌਕੇ ਐਸ.ਪੀ. ਮਾਲੇਰਕੋਟਲਾ ਸ੍ਰੀ ਮਨਜੀਤ ਸਿੰਘ ਬਰਾੜ ਨੇ ਕਿਹਾ ਗੁਰੂ ਜੀ ਆਸ਼ਰਮ ਟਰੱਸਟ ਵੱਲੋਂ ਇਹ ਸਭ ਸਮਾਨ ਪਿੰਡ ਦੁੱਗਰੀ ਵਿਖੇ ਗੁਰੂ ਜੀ ਦੀ 13 ਬਰਸੀਂ ਮੌਕੇ ਭੇਂਟ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਟਰੱਸਟ ਵੱਲੋਂ ਪਿੰਡ ਦੁੱਗਰੀ ਦੇ ਗੁਰਦੁਆਰਾ ਸਾਹਿਬ ਦੀ ਕਮੇਟੀ ਨੂੰ ਵੀ ਪੰਜ ਲੱਖ ਰੁਪਏ ਦਾ ਚੈੱਕ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਸਾਲਾਨਾ ਮਨਾਏ ਜਾਣ ਵਾਲੇ ਬਰਸੀ ਸਮਾਗਮ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਸ਼ਾਮਿਲ ਹੁੰਦੀਆਂ ਹਨ ਪਰ ਇਸ ਵਾਰ ਆਸ਼ਰਮ ਵਿਚ ਲਾਕ ਡਾਊਨ ਨਿਯਮਾਂ ਦੀ ਪਾਲਣਾ ਕੀਤੀ ਗਈ ਜੋ ਕਿ ਸ਼ਲਾਘਾਯੋਗ ਹੈ। ਉਨ੍ਹਾਂ ਦੱਸਿਆ ਕਿ ਮੈਡੀਕਲ ਸਮਾਨ ਤੋਂ ਇਲਾਵਾ ਸ਼ਰਬਤ ਤੇ ਪਾਣੀ ਦੀਆਂ ਬੋਤਲਾਂ ਸਮੇਤ ਹੋਰ ਸਮੱਗਰੀ ਵੀ ਭੇਜੀ ਗਈ ਹੈ।
ਜ਼ਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਦੀ ਪ੍ਰੇਰਣਾ ਸਦਕਾ ਪਹਿਲਾਂ ਵੀ ਕਈ ਸਮਾਜ ਸੇਵੀ ਸੰਸਥਾਵਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੋਵਿਡ 19 ਵਿਰੁਧ ਲੜਨ ਲਈ ਮੈਡੀਕਲ ਸਮਾਨ ਤੇ ਹੋਰ ਸਮੱਗਰੀ ਪ੍ਰਦਾਨ ਕੀਤੀ ਗਈ ਹੈ।