ਅਸ਼ੋਕ ਵਰਮਾ
ਚੰਡੀਗੜ੍ਹ, 31 ਮਈ 2020 - ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸੱਦੇ 'ਤੇ ਮੋਟਰਾਂ ਤੇ ਬਿੱਲ ਲਾਉਣ ਦੀ ਤਜਵੀਜ ਖਿਲਾਫ ਪੰਜਾਬ ’ਚ ਕਿਸਾਨਾਂ ਨੇ ਪਾਵਰਕੌਮ ਦੇ ਦਫਤਰਾਂ ਅੱਗੇ ਸਰਕਾਰ ਦੇ ਪੁਤਲੇ ਸਾੜ ਕੇ ਇਹ ਫੈਸਲਾ ਵਾਪਿਸ ਲੈਣ ਦੀ ਮੰਗ ਕੀਤੀ। ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਿਲਾਂ ਸਬੰਧੀ ਸਪੱਸ਼ਟੀਕਰਨ ਕਰਨ ਦਿੱਤੇ ਜਾਣ ਉਪਰੰਤ ਵੀ ਕਿਸਾਨਾਂ ਰੋਹ ਸ਼ਾਂਤ ਨਹੀਂ ਹੋਇਆ। ਕਿਸਾਨਾਂ ਨੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਲਿਆਂਦੇ ਬਿਜਲੀ-ਐਕਟ-2020 ਨੂੰ ਕਿਸਾਨ-ਵਿਰੋਧੀ ਦੱਸਦਿਆਂ ਤੁਰੰਤ ਰੱਦ ਕਰਨ 'ਤੇ ਜੋਰ ਦਿੱਤਾ।
ਜਥੇਬੰਦੀ ਨੇ ਵੱਖ-ਵੱਖ ਮਸਲਿਆਂ ‘ਤੇ ਚਰਚਾ ਕਰਨ ਲਈ 1 ਜੂਨ ਨੂੰ ਸੂਬਾ-ਕਮੇਟੀ ਦੀ ਮੀਟਿੰਗ ਸੱਦ ਲਈ ਹੈ। ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ, ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਅਤੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਨਸੀਹਤ ਦਿੱਤੀ ਕਿ ਉਹ ਬਿਜਲੀ ਬਿਲਾਂ ਦੇ ਮਾਮਲੇ ‘ਤੇ ਸਿਆਸੀ ਡਰਾਮੇਬਾਜ਼ੀ ਬੰਦ ਕਰਨ।
ਉਨ੍ਹਾਂ ਆਖਿਆ ਕਿ ਗੱਠਜੋੜ ਸਰਕਾਰ ਨੇ 2010 ‘ਚ ਸੁਖਬੀਰ-ਕਾਲੀਆ ਕਮੇਟੀ ਦੀ ਰਿਪੋਰਟ ਰਾਹੀਂ ਖੇਤੀਬਾੜੀ ਮੋਟਰਾਂ ਦੇ ਬਿਜਲੀ ਬਿੱਲ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਸ ਨੂੰ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਕਾਰਨ ਵਾਪਸ ਲੈਣਾ ਪਿਆ ਸੀ। ਉਨ੍ਹਾਂ ਆਖਿਆ ਕਿ ਹੁਣ ਵੀ ਅਕਾਲੀ ਦਲ ਕੇਂਦਰ ਦੀ ਭਾਜਪਾ ਸਰਕਾਰ ਵਿੱਚ ਭਾਈਵਾਲ ਹੈ ਅਤੇ ਕੇਂਦਰ ਸਰਕਾਰ ਹੀ ਰਾਜਾਂ ਨੂੰ ਬਿਜਲੀ-ਬਿੱਲ ਲਾਗੂ ਕਰਨ ਦੀਆਂ ਸਿਫਾਰਸ਼ਾਂ ਕਰ ਰਹੀ ਹੈ ਜਿਸ ਨੂੰ ਕਿਸਾਨ ਬਰਦਾਸ਼ ਨਹੀਂ ਕਰਨਗੇ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਬਿਜਲੀ-ਐਕਟ-2020 ਰਾਹੀਂ ਵੀ ਬਿਜਲੀ ਖੇਤਰ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ ਪ੍ਰੰਤੂ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਕੇਂਦਰ ਸਰਕਾਰ ਦੇ ਇਹਨਾਂ ਫੈਸਲਿਆਂ ਖ਼ਿਲਾਫ਼ ਇੱਕ ਵੀ ਸ਼ਬਦ ਨਹੀਂ ਬੋਲ ਰਹੇ ਹਨ ਬਲਕਿ ਸਿਆਸੀ ਡਰਾਮੇਬਾਜ਼ੀ ਕਰਕੇ ਲੋਕਾਂ ਨੂੰ ਭਰਮਾਉਣਾ ਚਾਹੁੰਦੇ ਹਨ, ਪਰ ਲੋਕ ਜਾਣਦੇ ਹਨ ਕਿ ਅਕਾਲੀ-ਭਾਜਪਾ ਸਰਕਾਰ ਨੇ ਵੀ ਕਾਂਗਰਸ ਸਰਕਾਰਾਂ ਵਾਂਗ ਕਿਸਾਨੀ ਨੂੰ ਬਰਬਾਦ ਕਰਨ ‘ਚ ਕੋਈ ਕਸਰ ਨਹੀਂ ਸੀ ਛੱਡੀ।
ਅੱਜ ਪਟਿਆਲਾ, ਲੁਧਿਆਣਾ, ਬਰਨਾਲਾ, ਸੰਗਰੂਰ, ਬਠਿੰਡਾ, ਰਾਮਪੁਰਾ, ਸਿਧਵਾਂ ਬੇਟ, ਗਾਲਿਬ, ਗੱਜੂਮਾਜਰਾ, ਕਾਂਝਲਾ, ਰੂਮੀ, ਕੋਟਕਪੂਰਾ, ਫੱਗਣਮਾਜਰਾ, ਧਨੌਲਾ, ਟੌਹੜਾ, ਰੱਖੜਾ, ਰਾਏਕੋਟ, ਬੱਸੀਆਂ, ਲੌਂਗੋਵਾਲ, ਰੰਘੜਿਆਲ, ਭਮਾਲ, ਜਗਰਾਉਂ, ਘਰਾਚੋਂ, ਭਵਾਨੀਗੜ, ਜੇਠੂਕੇ, ਛਾਜਲੀ, ਬੱਲੂਆਣਾ, ਭੁੱਚੋ, ਨਰੂਆਣਾ, ਕੋਟਭਾਰਾ ਅਤੇ ਬਰੇਟਾ ਸਮੇਤ ਵੱਖ-ਵੱਖ ਥਾਵਾਂ ‘ਤੇ ਕੀਤੇ ਅਰਥੀ-ਫੂਕ ਮੁਜ਼ਾਹਰਿਆਂ ਨੂੰ ਸੰਬੋਧਨ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਗੁਰਦੀਪ ਸਿੰਘ ਰਾਮਪੁਰਾ, ਬਲਦੇਵ ਸਿੰਘ ਭਾਈਰੂਪਾ, ਰਾਮ ਸਿੰਘ ਮਟੋਰੜਾ, ਬਲਵੰਤ ਸਿੰਘ ਉੱਪਲੀ, ਹਰਦੀਪ ਸਿੰਘ ਗ਼ਾਲਿਬ, ਮਹਿੰਦਰ ਸਿੰਘ ਦਿਆਲਪੁਰਾ, ਪਰਮਿੰਦਰ ਸਿੰਘ ਹੰਢਾਇਆ, ਗੁਰਮੇਲ ਸਿੰਘ ਢੱਕਡੱਬਾ, ਕਰਮ ਸਿੰਘ ਬਲਿਆਲ, ਤਾਰਾ ਚੰਦ ਬਰੇਟਾ, ਧਰਮਪਾਲ ਸਿੰਘ ਰੋੜੀਕਪੂਰਾ, ਸੁਖਵਿੰਦਰ ਸਿੰਘ ਫੂਲੇਵਾਲਾ, ਮਹਿੰਦਰ ਸਿੰਘ ਕਮਾਲਪੁਰਾ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਕਿਸਾਨ-ਮਾਰੂ ਫੈਸਲੇ ਲੈਣ ਤੋਂ ਬਾਜ ਆਉਣ ਲਈ ਕਿਹਾ ਨਹੀਂ ਤਾਂ ਤਿੱਖੇ-ਸੰਘਰਸ਼ਾਂ ਦਾ ਸਾਹਮਣਾ ਕਰਨਾ ਪਵੇਗਾ।