ਹਰਿੰਦਰ ਨਿੱਕਾ
- ਹੋਰਨਾਂ ਖਿਲਾਫ ਕਾਰਵਾਈ ਦੀ ਕਵਾਇਦ ਸ਼ੁਰੂ
- ਡੀਐਸਪੀ ਰੰਧਾਵਾ ਨੇ ਕਿਹਾ, ਆਈਟੀ ਐਕਟ ਦੇ ਜੁਰਮ ਦਾ ਵੀ ਹੋਇਆ ਵਾਧਾ, ਦੋਸ਼ੀਆਂ ਦੀ ਗਿਰਫਤਾਰੀ ਲਈ ਯਤਨ ਤੇਜ਼
ਬਰਨਾਲਾ, 31 ਮਈ 2020 - ਕੁਝ ਸਮੇਂ ਤੋਂ ਹਿੰਦੂ ਸਮਾਜ ਪ੍ਰਤੀ ਬਹੁਤ ਹੀ ਘਟੀਆਂ ਸ਼ਬਦਾਂ ਵਾਲੀ ਪੋਸਟ, ਸੋਸ਼ਲ ਮੀਡੀਆ ਤੇ ਵਟਸਐਪ ਰਾਹੀਂ ਵਾਇਰਲ ਕਰਕੇ ਭਗਵਾਨ ਸ੍ਰੀ ਰਾਮ ਜੀ ਦੇ ਚਰਿੱਤਰ ਤੇ ਚਿੱਕੜ ਸੁੱਟਣ ਵਾਲੇ ਵਿਅਕਤੀ ਦੇ ਖਿਲਾਫ ਤਪਾ ਪੁਲਿਸ ਨੇ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਅਤੇ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਦੇਣ ਦੇ ਦੋਸ਼ ਚ, ਕੇਸ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਸਨਾਤਨ ਸਮਾਜ ਤਪਾ ਮੰਡੀ ਦੇ ਆਗੂਆਂ ਸੋਮਨਾਥ ਸੋਮੀ ਤੇ ਵਨੀਤ ਕੁਮਾਰ ਆਦਿ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਵਨੀਤ ਕੁਮਾਰ ਅਤੇ ਹੋਰਨਾਂ ਦੇ ਮੋਬਾਇਲਾਂ ਤੇ ਜਿੰਦਰ ਸਿੰਘ ਘੁੰਨਸ ਅਤੇ ਮਨਪ੍ਰੀਤ ਸਿੰਘ ਤਪਾ ਵੱਲੋਂ ਭਗਵਾਨ ਸ੍ਰੀ ਰਾਮ ਜੀ ਦੇ ਚਰਿੱਤਰ ਤੇ ਚਿੱਕੜ ਸੁੱਟਣ ਵਾਲੀ ਪੋਸਟ ਸੋਸ਼ਲ ਮੀਡੀਆ ਤੇ ਵੱਟਸਅੱਪ ਰਾਹੀਂ ਵਾਇਰਲ ਕਰਕੇ ਹਿੰਦੂ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾ ਰਹੀ ਸੀ। ਇਸ ਸਬੰਧੀ ਸ਼ਿਕਾਇਤ ਡੀਐਸਪੀ ਤਪਾ ਰਵਿੰਦਰ ਸਿੰਘ ਰੰਧਾਵਾ ਨੂੰ ਸਨਾਤਨ ਸਮਾਜ ਵੱਲੋਂ ਸਾਂਝੇ ਤੌਰ ਤੇ ਦਿੱਤੀ ਅਤੇ ਦੋਸ਼ੀਆਂ ਖਿਲਾਫ ਕੇਸ ਦਰਜ਼ ਕਰਨ ਦੀ ਮੰਗ ਕੀਤੀ ਗਈ ਸੀ । ਡੀਐਸਪੀ ਰੰਧਾਵਾ ਨੇ ਸ਼ਿਕਾਇਤ ਦੀ ਪੜਤਾਲ ਤੋਂ ਬਾਅਦ ਜਿੰਦਰ ਸਿੰਘ ਘੁੰਨਸ ਦੇ ਖਿਲਾਫ ਕੇਸ ਦਰਜ਼ ਕਰਨ ਲਈ ਹੁਕਮ ਦੇ ਦਿੱਤਾ ।
- ਮਾਮਲੇ ਦੇ ਤਫਤੀਸ਼ ਅਧਿਕਾਰੀ ਸਹਾਇਕ ਥਾਣੇਦਾਰ ਜਗਸੀਰ ਸਿੰਘ ਨੇ ਦੱਸਿਆ ਕਿ ਦੋਸ਼ੀ ਜਿੰਦਰ ਸਿੰਘ ਦੇ ਵਿਰੁੱਧ ਅਧੀਨ ਜੁਰਮ 295 ਏ, 506 ਆਈਪੀਸੀ ਦੇ ਤਹਿਤ ਕੇਸ ਦਰਜ਼ ਕਰਕੇ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਉਸਨੂੰ ਗਿਰਫਤਾਰ ਕਰ ਲਿਆ ਜਾਵੇਗਾ।
- ਦੋਸ਼ੀ ਨੂੰ ਬਚਾਉਣ ਤੇ ਲੱਗੀ ਪੁਲਿਸ, ਹਿੰਦੂ ਸਮਾਜ 'ਚ ਫੈਲਿਆ ਰੋਹ
ਸਨਾਤਨ ਸਮਾਜ ਦੇ ਆਗੂ ਸੋਮਨਾਥ ਸੋਮੀ ਨੇ ਜਿੱਥੇ ਕੇਸ ਦਰਜ ਕਰਨ ਲਈ ਪੁਲਿਸ ਦੀ ਸ਼ਲਾਘਾ ਕੀਤੀ, ਉੱਥੇ ਹੀ ਪੁਲਿਸ ਵੱਲੋਂ 1 ਨਾਮਜ਼ਦ ਦੋਸ਼ੀ ਮਨਪ੍ਰੀਤ ਸਿੰਘ ਨੂੰ ਕੇਸ ਚੋਂ ਬਾਹਰ ਕੱਢ ਦੇਣ ਤੇ ਗਿਲਾ ਵੀ ਕੀਤਾ। ਉਨ੍ਹਾਂ ਕਿਹਾ ਕਿ ਪੁਲਿਸ ਦੁਆਰਾ ਆਈਟੀ ਐਕਟ ਦੀ ਧਾਰਾ ਐਫਆਈਆਰ 'ਚ ਨਹੀਂ ਲਗਾਈ ਗਈ। ਜਦੋਂ ਕਿ ਦੋਸ਼ੀਆਂ ਨੇ ਸੋਸ਼ਲ ਮੀਡੀਆ ਤੇ ਹੀ ਪੋਸਟਾਂ ਪਾ ਕੇ ਹਿੰਦੂ ਸਮਾਜ ਦੀਆਂ ਭਾਵਨਾਵਾਂ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਹਿੰਦੂ ਸਮਾਜ ਚ, ਭਾਰੀ ਰੋਹ ਫੈਲਿਆ ਹੋਇਆ ਹੈ। ਹਿੰਦੂ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਅੱਜ ਹੋ ਰਹੀ ਹੰਗਾਮੀ ਬੈਠਕ ਚ, ਸੰਘਰਸ਼ ਦਾ ਅਗਲਾ ਐਲਾਨ ਕੀਤਾ ਜਾਵੇਗਾ।
- ਡੀਐਸਪੀ ਰੰਧਾਵਾ ਨੇ ਕਿਹਾ, ਆਈਟੀ ਐਕਟ ਦਾ ਕੀਤਾ ਵਾਧਾ, ਕੋਈ ਵੀ ਦੋਸ਼ੀ ਬਖਸ਼ਿਆ ਨਹੀਂ ਜਾਵੇਗਾ
ਡੀਐਸਪੀ ਤਪਾ ਰਵਿੰਦਰ ਸਿੰਘ ਰੰਧਾਵਾ ਨੇ ਕਿਹਾ ਭਾਂਵੇ ਫਿਲਹਾਲ ਇੱਕ ਦੋਸ਼ੀ ਜਿੰਦਰ ਸਿੰਘ ਘੁੰਨਸ ਦੇ ਖਿਲਾਫ ਹੀ ਕੇਸ ਦਰਜ਼ ਕੀਤਾ ਗਿਆ ਹੈ। ਪਰੰਤੂ ਕਾਰਵਾਈ ਪੁਲਿਸ ਚ, ਲਿਖਿਆ ਗਿਆ ਹੈ ਕਿ ਗਰੁੱਪ ਐਡਮਿਨ ਸਮੇਤ ਕੋਈ ਵੀ ਦੋਸ਼ੀ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਕੇਸ ਦਰਜ਼ ਕਰਨ ਤੋਂ ਬਾਅਦ ਹੁਣ ਆਈਟੀ ਐਕਟ ਜੁਰਮ ਦਾ ਵੀ ਵਾਧਾ ਕਰ ਦਿੱਤਾ ਗਿਆ ਹੈ। ਉਨ੍ਹਾਂ ਹਿੰਦੂ ਸਮਾਜ ਦੇ ਲੋਕਾਂ ਨੂੰ ਕਿਸੇ ਵੀ ਭੜਕਾਹਟ ਵਿੱਚ ਨਾ ਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਕੱਲਾ ਮਨਪ੍ਰੀਤ ਹੀ ਨਹੀਂ, ਜੋ ਵੀ ਦੋਸ਼ੀ ਪੜਤਾਲ ਦੌਰਾਨ ਸਾਹਮਣੇ ਆਇਆ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।