ਮਨਿੰਦਰਜੀਤ ਸਿੱਧੂ
- ਚੱਲ ਰਹੇ ਫ਼ਿਰਕੂ ਨਫ਼ਰਤ ਦੇ ਮਾਹੌਲ ਵਿੱਚ ਲੋਕਾਂ ਦਾ ਆਪਸੀ ਪਿਆਰ ਅੱਜ ਵੀ ਜਿੰਦਾ
ਜੈਤੋ, 28 ਮਈ 2020 - ਭਾਰਤ ਦੀ ਵੰਡ ਵੇਲੇ ਉਸ ਵਕਤ ਦੇ ਲੀਡਰਾਂ ਨੇ ਆਪਣੀਆਂ ਗੱਦੀਆਂ ਮਹਿਫ਼ੂਜ਼ ਕਰਨ ਲਈ ਦੇਸ਼ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ। ਵੰਡ ਮੌਕੇ ਇੱਕ ਧਰਮ ਦੇ ਲੋਕਾਂ ਨੂੰ ਦੂਜੇ ਧਰਮ ਦੇ ਲੋਕਾਂ ਖਿਲਾਫ਼ ਭੜਕਾ ਕੇ ਹਜਾਰਾਂ ਲੋਕਾਂ ਨੂੰ ਇਸ ਫ਼ਿਰਕੂ ਅੱਗ ਦੀ ਬਲੀ ਚਾੜ੍ਹ ਦਿੱਤਾ ਗਿਆ।
ਪਹਿਲਾਂ 1947 ਦੇ ਦੰਗੇ, ਉਸਤੋਂ ਬਾਅਦ 1984 ਦੇ ਦਿੱਲੀ ਦੰਗੇ, ਫਿਰ 2002 ਵਿੱਚ ਗੁਜ਼ਰਾਤ ਦੇ ਦੰਗੇ ਅਤੇ ਥੋੜ੍ਹਾ ਸਮਾਂ ਪਹਿਲਾਂ ਦਿੱਲੀ ਵਿੱਚ ਨਾਗਰਿਕਤਾ ਸੋਧ ਕਾਨੂੰਨ ਖਿਲਾਫ਼ ਲੱਗੇ ਧਰਨੇ ਨੂੰ ਖਤਮ ਕਰਨ ਲਈ ਦੰਗੇ ਕਰਵਾਏ ਗਏ। ਇਹਨਾਂ ਸਭ ਦੰਗਿਆਂ ਵਿੱਚ ਇਹਨਾਂ ਸਿਆਸੀ ਆਕਾਵਾਂ ਦੀ ਬਦੌਲਤ ਇਨਸਾਨੀਅਤ ਸ਼ਰਮਸਾਰ ਹੁੰਦੀ ਰਹੀ ਹੈ। ਸਿਆਸੀ ਲੋਕ ਜੀਅ ਤੋੜ ਕੋਸਿਸ਼ਾਂ ਦੇ ਬਾਅਦ ਵੀ ਲੋਕਾਂ ਦਾ ਆਪਸੀ ਭਾਈਚਾਰਾ ਤੋੜਨ ਵਿੱਚ ਹਰ ਵਾਰ ਨਾਕਾਮ ਹੁੰਦੇ ਆਏ ਹਨ।
ਅੱਜ ਪੂਰੇ ਦੇਸ਼ ਵਿੱਚ ਮੌਜੂਦਾ ਸਰਕਾਰ ਵੱਲੋਂ ਘੱਟ ਗਿਣਤੀਆਂ ਖਿਲਾਫ਼ ਨਫ਼ਰਤ ਵਾਲਾ ਮਾਹੌਲ ਸਿਰਜਿਆ ਜਾ ਰਿਹਾ ਹੈ। ਖਾਸ ਕਰਕੇ ਮੁਸਲਿਮ ਭਾਈਚਾਰੇ ਖਿਲਾਫ਼ ਲੋਕਾਂ ਵਿੱਚ ਨਫ਼ਰਤ ਦੀ ਭਾਵਨਾ ਪੈਦਾ ਕੀਤੀ ਜਾ ਰਹੀ ਹੈ। ਜੇਕਰ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਬਾਕੀ ਸੂਬਿਆਂ ਦੇ ਮੁਕਾਬਲੇ ਪੰਜਾਬ ਦੇ ਲੋਕਾਂ ਵਿੱਚ ਆਪਸੀ ਭਾਈਚਾਰਾ ਜਿਆਦਾ ਦੇਖਣ ਨੂੰ ਮਿਲਦਾ ਹੈ। ਬਾਹਰਲੇ ਸੂਬਿਆਂ ਵਿੱਚੋਂ ਆਏ ਮੁਸਲਮਾਨ ਵੀ ਆਪਣੇ ਆਪ ਨੂੰ ਪੰਜਾਬ ਵਿੱਚ ਬਾਕੀ ਸੂਬਿਆਂ ਮੁਕਾਬਲੇ ਜਿਆਦਾ ਮਹਿਫ਼ੂਜ ਸਮਝਦੇ ਹਨ, ਜਿਸਦੀ ਤਾਜ਼ਾ ਉਦਹਾਰਣ ਉਦੋਂ ਦੇਖਣ ਨੂੰ ਮਿਲੀ ਜਦੋਂ ਜੈਤੋ ਮੰਡੀ ਵਿੱਚ ਬੈਗ ਅਤੇ ਟਰੈਕਟਰਾਂ ਦੀਆਂ ਛਤਰੀਆਂ ਲਗਾਉਣ ਵਾਲੇ ਇੱਕ ਮੁਸਲਮਾਨ ਮੁਹੰਮਦ ਨਿਆਜ ਦਾ ਕੰਮ ਵੀ ਬਾਕੀ ਲੋਕਾਂ ਵਾਂਗ ਲਾਕਡਾਊਨ ਦੇ ਚਲਦਿਆਂ ਪੂਰੀ ਤਰ੍ਹਾਂ ਠੱਪ ਹੋ ਗਿਆ ਸੀ।
ਮੁਹੰਮਦ ਨਿਆਜ ਵੈਸੇ ਤਾਂ ਪਿੱਛੋਂ ਬਿਹਾਰ ਦੇ ਦਰਭੰਗਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਪਰ ਪਿਛਲੇ 3 ਦਹਾਕਿਆਂ ਤੋਂ ਰੋਜ਼ੀ ਰੋਟੀ ਦੇ ਜੁਗਾੜ ਵਿੱਚ ਉਸਦਾ ਪਰਿਵਾਰ ਕੋਟਕਪੂਰਾ ਵਿਖੇ ਰਹਿ ਰਿਹਾ ਹੈ। ਲਾਕਡਾਊਨ ਦੌਰਾਨ ਜਦੋਂ ਉਸ ਲਈ ਰੋਜਾਨਾ ਕੋਟਕਪੂਰਾ ਤੋਂ ਜੈਤੋ ਆਉਣਾ ਜਾਣਾ ਸੰਭਵ ਨਹੀਂ ਸੀ ਅਤੇ ਦੁਕਾਨ ਵੀ ਬੰਦ ਸੀ ਅਤੇ ਉਪਰੋਂ ਗਰਮੀਆਂ ਦੇ ਮੌਸਮ ਦੀ ਆਮਦ ਨਾਲ ਉਸ ਨੇ ਟਰੈਕਟਰਾਂ ਤੇ ਲਾਉਣ ਲਈ ਛਤਰੀਆਂ ਬਨਾਉਣ ਦਾ ਉਸਦਾ ਸੀਜਨ ਵੀ ਆ ਚੁੱਕਾ ਸੀ।ਕਰਫ਼ਿਊ ਦੌਰਾਨ ਮਜ਼ਬੂਰੀ ਵੱਸ ਜੈਤੋ ਰਹਿਣ ਲਈ ਉਸਨੇ ਅਜਿਹੇ ਤਲਾਸ਼ ਸ਼ੁਰੂ ਕਰ ਦਿੱਤੀ ਜਿੱਥੇ ਬੈਠ ਕੇ ਉਹ ਆਪਣੀਆਂ ਛਤਰੀਆਂ ਬਣਾ ਸਕੇ। ਕੋਰੋਨਾ ਅਤੇ ਕਰਫ਼ਿਊ ਦੇ ਚਲਦਿਆਂ ਕੋਈ ਵੀ ਨਵੇਂ ਕਿਰਾਏਦਾਰਾਂ ਨੂੰ ਮਕਾਨ ਜਾਂ ਦੁਕਾਨ ਕਿਰਾਏ ਉੱਪਰ ਨਹੀਂ ਦੇ ਰਿਹਾ ਸੀ।
ਅਜਿਹੇ ਹਾਲਾਤਾਂ 'ਚ ਗੁਰੂ ਨਾਨਕ ਦੇ ਪੜ੍ਹਾਏ ਪਾਠ ਤੇ ਚੱਲਣ ਵਾਲੇ ਅਤੇ ਇਨਸਾਨੀਅਤ ਨੂੰ ਜਿੰਦਾ ਰੱਖਣ ਵਾਲੇ ਗੁਰਦੇਵ ਸਿੰਘ ਖਾਲਸਾ ਉਰਫ਼ ਭੋਲਾ ਬਿਜਲੀ ਵਾਲਾ ਅਤੇ ਉਸਦੇ ਦੋਹਤੇ ਅਰਸ਼ਦੀਪ ਸਿੰਘ ਢਿੱਲੋਂ ਨੇ ਖਾਨ ਨੂੰ ਆਪਣਾ ਘਰ ਰਹਿਣ ਲਈ ਦਿੱਤਾ। ਸਿਰਫ਼ ਘਰ ਹੀ ਰਹਿਣ ਲਈ ਨਹੀਂ ਦਿੱਤਾ ਸਗੋਂ ਬਿਜਲੀ, ਪਾਣੀ, ਭੋਜਨ ਆਦਿ ਦਾ ਵੀ ਪੂਰਾ ਪ੍ਰਬੰਧ ਕਰਕੇ ਦਿੱਤਾ।
ਰਮਜ਼ਾਨ ਦੇ ਪਵਿੱਤਰ ਮਹੀਨੇ ਦੇ ਚਲਦਿਆਂ ਉਹਨਾਂ ਖਾਨ ਨੂੰ ਉਸਦੇ ਧਰਮ ਮੁਤਾਬਿਕ ਸਭ ਧਾਰਮਿਕ ਰਹੁ ਰੀਤਾਂ ਪੂਰੀਆਂ ਕਰਨ ਵਿੱਚ ਪੂਰਾ ਸਹਿਯੋਗ ਦਿੱਤਾ। ਇਸਤੋਂ ਵੀ ਵੱਡੀ ਹੈਰਾਨੀ ਅਤੇ ਭਾਈਚਾਰਕ ਸਾਂਝ ਦੀ ਗੱਲ ਉਦੋਂ ਉੱਭਰ ਕੇ ਸਾਹਮਣੇ ਆਈ ਅਤੇ ਜਿਸਨੇ ਦੋਹਾਂ ਧਿਰਾਂ ਦੀਆਂ ਅੱਖਾਂ ਨਮ ਕਰ ਦਿੱਤੀਆਂ, ਉਹ ਇਹ ਕਿ ਮਹੀਨਾ ਪੂਰਾ ਹੋਣ ਤੇ ਜਦ ਮੁਹੰਮਦ ਨਿਆਜ ‘ਤੇ ਗੁਰਦੇਵ ਸਿੰਘ ਖਾਲਸਾ ਨੂੰ ਮੁਕੱਰਰ ਕੀਤੇ ਕਿਰਾਏ ਦੇ ਪੈਸੇ ਦੇਣੇ ਚਾਹੇ ਤਾਂ ਖਾਲਸਾ ਜੀ ਨੇ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ।
ਉਹਨਾਂ ਕਿਹਾ ਕਿ ਜੇਕਰ ਇੱਕ ਇਨਸਾਨ ਔਕੜ ਦੀ ਘੜੀ ਵਿੱਚ ਦੂਸਰੇ ਇਨਸਾਨ ਦੇ ਕੰਮ ਨਹੀਂ ਆ ਸਕਦਾ ਤਾਂ ਉਹ ਇਨਸਾਨ ਹੀ ਨਹੀਂ। ਖਾਲਸਾ ਜੀ ਨੇ ਕਿਹਾ ਕਿ ਜਿਸ ਤਰ੍ਹਾਂ ਮੇਰਾ ਦੋਹਤਾ ਅਰਸ਼ਦੀਪ ਹੈ ਉਸੇ ਤਰ੍ਹਾਂ ਹੀ ਤੂੰ ਵੀ ਮੇਰੇ ਬੱਚਿਆਂ ਵਾਂਗ ਹੀ ਹੈ, ਮੈਂ ਤੇਰੇ ਤੋਂ ਕਿਰਾਇਆ ਨਹੀਂ ਲਵਾਂਗਾ ਅਤੇ ਜਿੰਨ੍ਹਾਂ ਚਿਰ ਤੂੰ ਚਾਹੇ ਇਸ ਮੇਰੇ ਘਰ ਵਿੱਚ ਮੇਰੇ ਪਰਿਵਾਰ ਵਾਂਗ ਰਹਿ ਸਕਦਾ ਹੈ।
ਇਸ ਘਟਨਾ ਨੇ ਮੁਹੰਮਦ ਨਿਆਜ ਦੇ ਮਨ ਤੇ ਐਨਾ ਡੂੰਘਾ ਅਸਰ ਪਾਇਆ ਅਤੇ ਉਸਨੂੰ ਐਨਾ ਭਾਵੁਕ ਕੀਤਾ ਕਿ ਉਸ ਦਾ ਮਨ ਵਾਰ ਵਾਰ ਉਸ ਗੁਰੂ ਦੇ ਖਾਲਸੇ ਦੀ ਇਸ ਰਹਿਮਦਿਲੀ ਨੂੰ ਸਿਜਦਾ ਕਰ ਰਿਹਾ ਸੀ। ਇਸ ਘਟਨਾ ਤੋਂ ਬਾਅਦ ਉਸਨੇ ਆਪਣਾ ਘਰ ਵੀ ਕੋਟਕਪੂਰੇ ਤੋਂ ਛੱਡ ਗੁਰਦੇਵ ਸਿੰਘ ਖਾਲਸਾ ਦੇ ਘਰ ਕੋਲ ਜੈਤੋ ਹੀ ਬਨਾਉਣ ਦਾ ਫੈਸਲਾ ਵੀ ਕੀਤਾ।
ਇਸ ਘਟਨਾ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਆਮ ਲੋਕਾਂ ਵਿੱਚ ਹਿੰਦੂ-ਸਿੱਖ, ਸਿੱਖ-ਮੁਸਲਮਾਨ, ਜਾਂ ਹੋਰ ਵੀ ਇੱਕ ਦੂਜੇ ਧਰਮ ਪ੍ਰਤੀ ਕੋਈ ਨਫ਼ਰਤ ਨਹੀਂ ਹੈ। ਆਮ ਲੋਕ ਜਦੋਂ ਵੀ ਆਂਢ-ਗੁਆਂਢ ਵਿੱਚ ਵਸਦੇ ਲੋਕਾਂ ਤੇ ਕੋਈ ਔਕੜ ਆਉਂਦੀ ਹੈ ਤਾਂ ਧਾਰਮਿਕ ਅਤੇ ਫ਼ਿਰਕੂ ਗੱਲਾਂ ਨੂੰ ਪਾਸੇ ਰੱਖ ਕੇ ਇੱਕ ਦੂਜੇ ਦੀ ਮਦਦ ਕਰਦੇ ਹਨ। ਗੁਰਦੇਵ ਸਿੰਘ ਖਾਲਸਾ ਅਤੇ ਮੁਹੰਮਦ ਨਿਆਜ ਖਾਨ ਦੀ ਲਾਕਡਾਊਨ ਵਿੱਚ ਪਈ ਦੋਸਤੀ ਅਤੇ ਖਾਲਸੇ ਵੱਲੋਂ ਖਾਨ ਦੀ ਔਖੇ ਵੇਲੇ ਵਿੱਚ ਫੜ੍ਹੀ ਬਾਂਹ ਨੇ ਉਹਨਾਂ ਲੋਕਾਂ ਦੇ ਮੂੰਹ ਉੱਪਰ ਕਰਾਰੀ ਚਪੇੜ ਮਾਰੀ ਹੈ, ਜੋ ਬਹਾਨੇ ਬਣਾ ਕੇ ਰਾਮ, ਅੱਲ੍ਹਾ ਅਤੇ ਵਾਹਿਗੁਰੂ ਨੂੰ ਵੱਖਰਾ ਦੱਸਣ ਦਾ ਯਤਨ ਕਰਦੇ ਰਹਿੰਦੇ ਹਨ।