- ਠੇਕਾ-ਕਰਮੀ 2 ਜੂਨ ਨੂੰ ਦੇਣਗੇ ਸੂਬਾ ਪੱਧਰੀ ਧਰਨਾ
ਫਿਰੋਜ਼ਪੁਰ, 30 ਮਈ 2020 : ਪਾਵਰਕਾਮ ਸੀਐੱਚਬੀ ਠੇਕਾ ਕਾਮੇ ਆਪਣੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ ਆਪਣੇ ਪਰਿਵਾਰਾਂ ਸਮੇਤ 2 ਜੂਨ ਨੂੰ ਪਾਵਰਕਾਮ ਦੇ ਮੁੱਖ ਦਫ਼ਤਰ ਪਟਿਆਲਾ ਵਿਖੇ 11 ਵਜੇ ਸੂਬਾ ਪੱਧਰੀ ਧਰਨਾ ਤੇ ਮੁਜਾਹਰਾ ਕਰਨ ਜਾ ਰਹੇ ਹਨ। ਡੀਟੀਐੱਫ਼ ਦੇ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਰਾਜਦੀਪ ਸੰਧੂ, ਜ਼ਿਲ੍ਹਾ ਸਕੱਤਰ ਫਿਰੋਜ਼ਪੁਰ ਬਲਰਾਮ ਸ਼ਰਮਾ ਨੇ ਡੀਟੀਐੱਫ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ, ਸੂਬਾਈ ਆਗੂ ਬਲਵੀਰ ਚੰਦ ਲੌਂਗੋਵਾਲ, ਸੂਬਾ ਮੀਤ ਪ੍ਰਧਾਨ ਕਰਨੈਲ ਸਿੰਘ ਗੁਰਦਾਸਪੁਰ, ਸੂਬਾ ਜਨਰਲ ਸਕੱਤਰ ਸਰਵਣ ਸਿੰਘ ਔਜਲਾ ਨੇ ਦੱਸਿਆ ਕਿ ਪਾਵਰਕਾਮ ਠੇਕਾ ਕਰਮੀ ਪੰਜਾਬ ਦੀ ਗੂੰਗੀ ਬਹਿਰੀ ਸਰਕਾਰ, ਮੈਨੇਜਮੈਂਟ, ਕੰਪਨੀਆਂ ਤੇ ਕਿਰਤ ਵਿਭਾਗ ਅਧਿਕਾਰੀਆਂ ਨੂੰ ਜਗਾਉਣ ਲਈ, ਆਪਣੀਆਂ ਸੇਵਾਵਾਂ ਨੂੰ ਨਿਯਮਿਤ ਕਰਵਾਉਣ ਲਈ ਤੇ ਹੋਰ ਮੰਗਾਂ ਨੂੰ ਲੈ ਕੇ 2 ਜੂਨ ਨੂੰ ਸੂਬਾਈ ਧਰਨਾ ਦੇਣ ਜਾ ਰਹੇ ਹਨ।
ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਦੀ ਸੂਬਾ ਕਮੇਟੀ ਨੇ ਹੱਕੀ ਮੰਗਾਂ ਲਈ ਹੋਣ ਜਾ ਰਹੇ ਇਸ ਧਰਨੇ ਨੂੰ ਡਟਵਾਂ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਆਗੂਆਂ ਨੇ ਮੰਗ ਕੀਤੀ ਹੈ ਕਿ ਨਿਗੂਣੀ ਤਨਖਾਹ 'ਤੇ ਜੋਖਮ ਭਰੇ ਕੰਮ ਕਰਦੇ ਇਨ੍ਹਾਂ ਕਾਮਿਆਂ ਦੀਆਂ ਸੇਵਾਵਾਂ ਤੁਰੰਤ ਰੈਗੂਲਰ ਕੀਤੀਆਂ ਜਾਣ। ਕੋਰੋਨਾ ਵਾਇਰਸ ਮਹਾਂਮਾਰੀ ਲਾਕਡਾਊਨ ਦੇ ਸੰਕਟ ਦੌਰਾਨ ਇਨ੍ਹਾਂ ਕਾਮਿਆਂ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾ ਨਿਰਵਿਘਨ ਬਿਜਲੀ ਸਪਲਾਈ ਕਰਨ ਵਿਚ ਆਪਣਾ ਯੋਗਦਾਨ ਪਾਇਆ।
ਜਥੇਬੰਦੀ ਨੇ ਮੰਗ ਕੀਤੀ ਹੈ ਕਿ ਰੈਗੂਲਰ ਕਾਮਿਆਂ ਵਾਂਗ ਹਰ ਠੇਕਾ ਕਾਮੇ ਦਾ ਪਾਵਰਕਾਮ ਵੱਲੋਂ 50 ਲੱਖ ਰੁਪਏ ਦਾ ਬੀਮਾ ਕਰਵਾਇਆ ਜਾਵੇ ਤਾਂ ਜੋ ਕਿ ਜੋਖਮ ਭਰੀ ਡਿਊਟੀ ਸਮੇਂ ਨੁਕਸਾਨ ਹੋਣ ਦੀ ਸੂਰਤ ਵਿਚ ਪੀੜਤ ਕਾਮਿਆਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਮੱਦਦ ਹੋ ਸਕੇ। ਸੀਐੱਚਬੀ ਕਾਮਿਆਂ ਦੀ ਛਾਂਟੀ ਬੰਦ ਕੀਤੀ ਜਾਵੇ। ਇਸ ਸਮੇਂ ਇਸ ਮੌਕੇ ਜ਼ਿਲ੍ਹਾ ਆਗੂਆਂ ਗੁਰਦੇਵ ਸਿੰਘ, ਮਲਕੀਤ ਸਿੰਘ, ਗੁਰਸੇਵਕ ਸਿੰਘ, ਸਤੀਸ਼ ਕੁਮਾਰ, ਸੰਦੀਪ ਕੁਮਾਰ, ਗੁਰਸ਼ਾਮ ਸਿੰਘ, ਗੁਰਪ੍ਰੀਤ ਮੱਲੋਕੇ, ਸੰਤੋਖ ਸਿੰਘ, ਅਜੇ ਕੁਮਾਰ, ਵਿਸ਼ਾਲ ਗੁਪਤਾ, ਕੁਲਦੀਪ ਸਿੰਘ, ਵਿਸ਼ਾਲ ਸਹਿਗਲ, ਨਸੀਬ ਕੁਮਾਰ, ਗੁਰਪਾਲ ਸੰਧੂ, ਕੁਲਵਿੰਦਰ ਹਰਦਾਸਾ, ਰਤਨਦੀਪ ਸਿੰਘ, ਗੁਰਮੀਤ ਸਿੰਘ ਤੂੰਬੜ ਭੰਨ ਆਦਿ ਆਗੂ ਵੀ ਹਾਜ਼ਰ ਸਨ।