ਸੰਜੀਵ ਸੂਦ
- ਕਿਹਾ ਬੱਸ ਹੁਣ ਖੁਦਕੁਸ਼ੀਆਂ ਹੀ ਬਾਕੀ..
ਲੁਧਿਆਣਾ, 28 ਮਈ 2020 - ਲੁਧਿਆਣਾ ਵਿੱਚ ਡੀਸੀ ਦਫ਼ਤਰ ਅੱਗੇ ਅੱਜ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਵੱਡੀ ਤਦਾਦ 'ਚ ਆਏ ਸਕੂਲ ਬੱਸ ਦੇ ਡਰਾਈਵਰਾਂ ਕੰਡਕਟਰਾਂ ਨੇ ਜੰਮ ਕੇ ਸਰਕਾਰ ਅਤੇ ਸਿੱਖਿਆ ਮੰਤਰੀ ਖਿਲਾਫ ਆਪਣੀ ਭੜਾਸ ਕੱਢੀ। ਇਸ ਦੌਰਾਨ ਇਨ੍ਹਾਂ ਕੰਡਕਟਰਾਂ-ਡਰਾਈਵਰਾਂ ਵੱਲੋਂ ਆਪਣੇ ਕੱਪੜੇ ਖੋਲ੍ਹ ਕੇ ਡੀਸੀ ਦਫ਼ਤਰ ਅੱਗੇ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਉਹ ਮਰਨ ਦੀ ਕਗਾਰ ਤੇ ਆ ਗਏ ਨੇ ਅਤੇ ਘਰ ਦਾ ਖਰਚਾ ਨਹੀਂ ਚੱਲ ਰਿਹਾ, ਮੰਗ ਕੇ ਰੋਟੀ ਖਾਣੀ ਚੰਗੀ ਨਹੀਂ ਲੱਗਦੀ ਅਤੇ ਹੁਣ ਬੱਸ ਖੁਦਕੁਸ਼ੀ ਹੀ ਉਨ੍ਹਾਂ ਦਾ ਆਖਰੀ ਰਸਤਾ ਰਹਿ ਗਿਆ ਹੈ।
ਇਸ ਦੌਰਾਨ ਸਕੂਲ ਬੱਸ ਡਰਾਈਵਰਾਂ ਅਤੇ ਕੰਡਕਟਰਾਂ ਨੇ ਕਿਹਾ ਕਿ ਸਕੂਲਾਂ ਵੱਲੋਂ ਬੱਚਿਆਂ ਦੇ ਮਾਪਿਆਂ ਵੱਲੋਂ ਉਨ੍ਹਾਂ ਦੀ ਇੱਕ ਵਾਰ ਵੀ ਸਾਰ ਨਹੀਂ ਲਈ ਗਈ, ਜੇਕਰ ਉਨ੍ਹਾਂ ਨੂੰ ਫ਼ੋਨ ਕੀਤਾ ਜਾਵੇ ਤਾਂ ਉਹ ਨਾ ਹੀ ਫ਼ੋਨ ਚੁੱਕਦੇ ਨੇ। ਉਨ੍ਹਾਂ ਕਿਹਾ ਕਿ ਸਾਡੀ ਹਾਲਤ ਬਹੁਤ ਖਸਤਾ ਹੈ। ਬੀਤੇ ਦੋ ਮਹੀਨਿਆਂ ਤੋਂ ਬੱਸਾਂ ਖੜ੍ਹੀਆਂ ਨੇ ਟੈਕਸ ਭਰਨਾ ਪੈ ਰਿਹਾ ਹੈ। ਸਰਕਾਰ ਟੈਕਸ ਮਾਫ ਨਹੀਂ ਕਰ ਰਹੀ। ਜਦੋਂ ਕਿ ਸਾਡੀਆਂ ਗੱਡੀਆਂ ਖੜ੍ਹੀਆਂ ਨੇ ਅਤੇ ਉਹ ਹੁਣ ਖ਼ੁਦਕੁਸ਼ੀ ਹੀ ਕਰ ਸਕਦੇ ਨੇ। ਟੈਕਸੀ ਡਰਾਈਵਰਾਂ ਅਤੇ ਸਕੂਲ ਬੱਸ ਡਰਾਈਵਰਾਂ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੀ ਸਾਰ ਲਵੇ ਟੈਕਸ ਮਾਫ਼ ਕਰੇ ਤਾਂ ਜੋ ਉਹ ਆਪਣੇ ਘਰ ਦਾ ਗੁਜ਼ਾਰਾ ਕਰ ਸਕਣ।