ਮੋਹਾਲੀ, 28 ਮਈ 2020 - ਪੇਂਡੂ ਵਿਕਾਸ ਵਿਭਾਗ ਵੱਲੋਂ ਪੇਂਡੂ ਕਿਰਤੀਆਂ ਲਈ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਨ ਦੇ ਉਦੇਸ਼ ਨਾਲ ਪਿੰਡਾਂ ਵਿੱਚ ਵਿਕਾਸ ਗਤੀਵਿਧੀਆਂ ਲਗਾਤਾਰ ਜਾਰੀ ਹਨ, ਆਉਣ ਵਾਲੇ ਬਰਸਾਤੀ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਪਾਣੀ ਪ੍ਰਬੰਧਨ ਸਬੰਧੀ ਵੱਖ ਵੱਖ ਪ੍ਰਾਜੈਕਟਾਂ ਉੱਪਰ ਕੰਮ ਕੀਤੇ ਜਾ ਰਹੇ ਹਨ।
ਪੰਜਾਬ ਦੀ ਆਰਥਿਕਤਾ ਖੇਤੀ ਤੇ ਆਧਾਰਿਤ ਹੋਣ ਕਾਰਨ ਇਸ ਖੇਤਰ ਵਿੱਚ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਪਾਣੀ ਦਾ ਜ਼ਮੀਨ ਹੇਠਲਾ ਪੱਧਰ ਲਗਾਤਾਰ ਹੇਠਾਂ ਜਾਣ ਕਾਰਨ ਝੋਨੇ ਅਤੇ ਸਾਉਣੀ ਦੀਆਂ ਹੋਰ ਫਸਲਾਂ ਪੈਦਾ ਕਰਨ ਲਈ ਕਿਸਾਨਾਂ ਨੂੰ ਬਹੁਤ ਜਦੋਂ ਜਹਿਦ ਕਰਨੀ ਪੈਂਦੀ ਸੀ, ਪ੍ਰੰਤੂ ਪੰਜਾਬ ਸਰਕਾਰ ਦੀ ਵਿਸ਼ੇਸ਼ ਪਹਿਲ ਸਦਕਾ ਸਾਰੇ ਰਜਬਾਹੇ ਅਤੇ ਖਾਲਿਆਂ ਦੀ ਮਨਰੇਗਾ ਦੀ ਲੇਬਰ ਨਾਲ ਸਾਫ਼ ਸਫ਼ਾਈ ਕਰਵਾਈ ਜਾ ਰਹੀ ਹੈ।
ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਪਿੰਡਾਂ ਦੇ ਛੱਪੜਾਂ ਦੀ ਸਾਫ ਸਫਾਈ ਦੇ ਨਾਲ ਨਾਲ ਸਿੰਚਾਈ ਲਈ ਵਰਤੋਂ ਵਿੱਚ ਆਉਣ ਵਾਲੇ ਨਹਿਰੀ ਖਾਲਿਆਂ ਦੀ ਸਾਫ਼ ਸਫ਼ਾਈ ਲਈ ਇੱਕ ਵਿਆਪਕ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ। ਰਜਬਾਹੇ ਅਤੇ ਖਾਲਿਆਂ ਵਿੱਚ ਜੰਮੀ ਘਾਹ ਬੂਟੀ ਕਾਰਨ ਨਹਿਰੀ ਪਾਣੀ ਅੜਕ ਜਾਂਦਾ ਹੈ ਅਤੇ ਪੂਰੀ ਸਮਰੱਥਾ ਨਾਲ ਖੇਤ ਤੱਕ ਨਹੀਂ ਪਹੁੰਚਦਾ ,ਇਸ ਲਈ ਨਹਿਰੀ ਖਾਲਿਆਂ ਦੀ ਸਾਫ ਸਫਾਈ ਕਰਨੀ ਅਤਿਅੰਤ ਜ਼ਰੂਰੀ ਸੀ, ਜਿਸ ਕਾਰਨ ਮਗਨਰੇਗਾ ਅਧੀਨ ਨਹਿਰੀ ਖਾਲਿਆਂ ਦੀ ਸਾਫ਼ ਸਫ਼ਾਈ ਨਾਲ ਉਨ੍ਹਾਂ ਦੀ ਸਮਰੱਥਾ ਨੂੰ ਵਧਾਉਣ ਦਾ ਕੰਮ ਜੰਗੀ ਪੱਧਰ ਤੇ ਜਾਰੀ ਹੈ।
ਕੋਰੋਨਾ ਮਹਾਂਮਾਰੀ ਦੇ ਅਰਥਚਾਰੇ ਤੇ ਮਾੜੇ ਪ੍ਰਭਾਵ ਨੂੰ ਰੋਕਣ ਦੇ ਮੰਤਵ ਨਾਲ ਪਿੰਡਾਂ ਦੇ ਕਾਮਿਆਂ ਨੂੰ ਰੁਜ਼ਗਾਰ ਦੇ ਭਰਪੂਰ ਮੌਕੇ ਮੁਹੱਈਆ ਕਰਨ ਲਈ ਮਗਨਰੇਗਾ ਵਰਕਰਾਂ ਨੂੰ ਖਾਲਿਆਂ ਦੀ ਸਾਫ਼ ਸਫ਼ਾਈ ਦਾ ਕੰਮ ਦੇ ਕੇ ਬਹੁ ਤਰਫੀ ਲਾਭ ਪ੍ਰਾਪਤ ਹੋਣਗੇ । ਸੰਯੁਕਤ ਡਾਇਰੈਕਟਰ ਅਵਤਾਰ ਸਿੰਘ ਭੁੱਲਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਖਾਲਿਆਂ ਦੀ ਸਫ਼ਾਈ ਦਾ ਕੰਮ 30 ਜੂਨ ਤੋਂ ਪਹਿਲਾਂ ਮੁਕੰਮਲ ਕਰਨ ਦੀ ਤਜਵੀਜ਼ ਹੈ ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਫ਼ ਸਫ਼ਾਈ ਦਾ ਕੰਮ ਮਸ਼ੀਨਾਂ ਦੀ ਬਜਾਏ ਮਗਨਰੇਗਾ ਵਰਕਰਾਂ ਪਾਸੋਂ ਕਰਵਾਉਣ ਨਾਲ ਜਿੱਥੇ ਮਗਨਰੇਗਾ ਵਰਕਰਾਂ ਨੂੰ ਆਰਥਿਕ ਹੁਲਾਰਾ ਮਿਲੇਗਾ ਉੱਥੇ ਹੀ ਕੰਮ ਦੀ ਕੁਆਲਟੀ ਵੀ ਵਧੀਆ ਹੋਵੇਗੀ ।
ਉਨ੍ਹਾਂ ਵੱਲੋਂ ਅੱਜ ਅਪਰਬਾਰੀ ਦੁਆਬ ਕੈਨਾਲ ਸਿਸਟਮ ਦੇ ਪਿੰਡ ਸਰਦਿਓ ,ਰਜਧਾਨ ਅਤੇ ਟੱਕਾਪੁਰ ਵਿਚ ਮਗਨਰੇਗਾ ਅਧੀਨ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ ਗਿਆ।ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਇਸ ਮੌਕੇ ਮਗਨਰੇਗਾ ਅਧੀਨ ਕੰਮ ਕਰ ਰਹੇ ਕਾਮਿਆਂ ਨੂੰ ਹਦਾਇਤ ਕੀਤੀ ਗਈ ਕਿ ਉਨ੍ਹਾਂ ਵੱਲੋਂ ਸੋਸ਼ਲ ਡਿਸਟੈਸਿੰਗ ਦਾ ਪਾਲਣ ਕਰਦੇ ਹੋਏ ਆਪਣਾ ਮੂੰਹ ਢਕਣਾ ਅਤੇ ਬਾਰ ਬਾਰ ਹੱਥ ਧੋਣਾਂ ਯਕੀਨੀ ਬਣਾਇਆ ਜਾਵੇ ।