ਅਸ਼ੋਕ ਵਰਮਾ
ਬਠਿੰਡਾ, 28 ਮਈ 2020 - ਰਾਜਸਥਾਨ ’ਚ ਫਸਲਾਂ ਲਈ ਕਹਿਰ ਬਣੇ ਟਿੱਡੀ ਦਲ ਦਾ ਰੁੱਖ ਹੁਣ ਪੰਜਾਬ ਵੱਲ ਹੋ ਗਿਆ ਹੈ ਜਿਸ ਨੂੰ ਦੇਖਦਿਆਂ ਕਿਸਾਨ ਫਿਕਰਮੰਦ ਹੋ ਗਏ ਹਨ। ਭਾਵੇਂ ਅੱਜ ਸ਼ਾਮ ਤੱਕ ਕਿਸੇ ਵੱਡੇ ਖਤਰੇ ਦੀ ਸੂਚਨਾਂ ਨਹੀਂ ਪਰ ਟਿੱਡੀ ਦਲ ਦੇ ਸੰਘਰੀਆ ਮੰਡੀ ਲੰਘਣ ਵਾਲੀਆਂ ਰਿਪੋਰਟਾਂ ਫਸਲ ਲਈ ਸ਼ੁਭ ਸੰਕੇਤ ਨਹੀਂ ਹਨ। ਪਤਾ ਲੱਗਿਆ ਹੈ ਕਿ ਜਿਸ ਤਰ੍ਹਾਂ ਟਿੱਡੀ ਦਲ ਦੀ ਰਫਤਾਰ ਹੁੰਦੀ ਹੈ ਉਸ ਮੁਤਾਬਕ ਟਿੱਡੀਆਂ ਪੰਜਾਬ ਵਿੱਚ ਕਿਸੇ ਵੀ ਵਕਤ ਦਾਖਲ ਹੋ ਸਕਦੀਆਂ ਹਨ। ਓਧਰ ਖੇਤੀ ਮਹਿਕਮੇ ਨੇ ਨਰਮਾ ਪੱਟੀ ਦੇ ਮੁੱਖ ਖੇਤੀਬਾੜੀ ਅਫਸਰਾਂ ਨੂੰ ਐਡਵਾਇਜਰੀ ਵੀ ਜਾਰੀ ਕਰ ਦਿੱਤੀ ਹੈ ਅਤੇ ਉਨ੍ਹਾਂ ਨੂੰ ਸੰਭਾਵੀ ਟਾਕਰੇ ਵਾਸਤੇ ਤਿਆਰ ਰਹਿਣ ਲਈ ਆਖਿਆ ਹੈ।
ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਵੀ ਟਿੱਡੀ ਦਲ ਦੇ ਪੰਜਾਬ ਵੱਲ ਵਧਣ ਦੀਆਂ ਰਿਪੋਰਟਾਂ ਤੋਂ ਬਾਅਦ ਪੰਜਾਬ ਦੇ ਸਰਹੱਦੀ ਖਿੱਤੇ ’ਚ ਚੌਕਸੀ ਵਧਾ ਦਿੱਤੀ ਹੈ। ਸੂਤਰ ਦੱਸਦੇ ਹਨ ਕਿ ਗੁਰੂ ਘਰਾਂ ਰਾਹੀਂ ਮੁਨਿਆਦੀ ਕਰਵਾ ਕੇ ਕਿਸਾਨਾਂ ਨੂੰ ਵੀ ਮੁਸਤੈਦ ਰਹਿਣ ਲਈ ਆਖਿਆ ਗਿਆ ਹੈ। ਖੇਤੀਬਾੜੀ ਵਿਭਾਗ ਦੀ ਟੀਮ ਦੀ ਅਗਵਾਈ ਕਰ ਰਹੇ ਡਾਕਟਰ ਅਸਮਾਨਪ੍ਰੀਤ ਸਿੰਘ ਦਾ ਕਹਿਣਾ ਸੀ ਕਿ ਟਿੱਡੀ ਦਲ ਦੀ ਪੰਜਾਬ ਵਿਚ ਦਾਖਲੇ ਦੀ ਸੰਭਾਵਨਾਂ ਹੈ ਜਿਸ ਲਈ ਟੀਮਾਂ ਕਿਸਾਨਾਂ ਤੇ ਆਮ ਲੋਕਾਂ ਨੂੰ ਚੌਕਸ ਕਰ ਰਹੀਆਂ ਹਨ। ਉਨ੍ਹਾਂ ਆਖਿਆ ਕਿ ਜੇਕਰ ਕੋਈ ਸਮੱਸਿਆ ਆਉਂਣੀ ਹੈ ਤਾਂ ਕਿਸਾਨ ਪੀਪੇ ਖੜਕਾਉਣ ਅਤ ਪਟਾਕੇ ਚਲਾ ਕੇ ਟਿੱਡੀ ਦਲ ਨੂੰ ਖੇਤਾਂ ਵਿਚ ਬੈਠਣ ਤੋਂ ਰੋਕਣ। ਖੇਤੀ ਮਹਿਕਮੇ ਨੇ ਪੰਜਾਬ-ਰਾਜਸਥਾਨ ਸਰਹੱਦ ’ਤੇ ਵੀ ਚੌਕਸੀ ਵਧਾ ਦਿੱਤੀ ਹੈ। ਰਾਜਸਥਾਨ ’ਚ ਟਿੱਡੀ ਦਲ ਨੇ ਤਬਾਹੀ ਮਚਾ ਰੱਖੀ ਹੈ ਜਿਸ ਨੂੰ ਲੈਕੇ ਪੰਜਾਬ ਦੇ ਕਿਸਾਨਾਂ ਦਾ ਡਰਨਾ ਸੁਭਾਵਿਕ ਹੈ।
ਵੇਰਵਿਆਂ ਅਨੁਸਾਰ ਪੰਜਾਬ ਨੂੰ ਆਖਰੀ ਵਾਰ ਸਾਲ 1993 ਵਿਚ ਟਿੱਡੀ ਦਲ ਦੀ ਪ੍ਰਕੋਪੀ ਦਾ ਸਾਹਮਣਾ ਕਰਨਾ ਪਿਆ ਸੀ। ਉਦੋਂ ਰਾਜਸਥਾਨ ਵਿੱਚ ਵੱਡਾ ਨੁਕਸਾਨ ਹੋਇਆ ਸੀ। ਐਤਕੀਂ ਪਹਿਲੋਂ ਗੁਜਰਾਤ ਨੂੰ ਟਿੱਡੀ ਦਲ ਨੇ ਚੱਟਿਆ ਅਤੇ ਨਾਲ ਹੀ ਰਾਜਸਥਾਨ ਦੇ ਕਰੀਬ 19 ਜ਼ਿਲਿਆਂ ’ਤੇ ਧਾਵਾ ਬੋਲ ਦਿੱਤਾ ਹੈ। ਕਈ ਥਾਵਾਂ ਤੇ ਬਰਾਨੀ ਫਸਲਾਂ ਤਾਂ ਖਤਮ ਹੀ ਕਰ ਦਿੱਤੀਆਂ ਹਨ ਜਦੋਂ ਕਿ ਉਪਜਾਊ ਜ਼ਮੀਨਾਂ ’ਤੇ ਛੋਟੀ ਟਿੱਡੀ ਦਾ ਹਮਲਾ ਵੱਡਾ ਹੈ। ਪਿਛਲੇ ਤਿੰਨ ਦਿਨਾਂ ’ਚ ਰਾਜਸਥਾਨ ਟਿੱਡੀ ਦਲ ਦਾ ਵੱਡਾ ਨਿਸ਼ਾਨਾ ਬਣਿਆ ਹੋਇਆ ਹੈ ਜਿਸ ਨੂੰ ਬਚਾਉਣ ਲਈ ਕਿਸਾਨ ਕੀਟਨਾਸ਼ਕਾਂ ਦਾ ਛਿੜਕਾਅ ਕਰ ਰਹੇ ਹਨ। ਸੂਤਰਾਂ ਨੇ ਦੱਸਿਆ ਹੈ ਕਿ ਮੁਢਲੇ ਅਨੁਮਾਨਾਂ ਮੁਤਾਬਕ ਰਾਜਸਥਾਨ ’ਚ ਇੱਕ ਹਜਾਰ ਕਰੋੜ ਦਾ ਨੁਕਸਾਨ ਹੋਇਆ ਹੈ ਜੋਕਿ ਪੰਜਾਬ ਦੇ ਕਿਸਾਨਾਂ ਲਈ ਚਿੰਤਾ ਦਾ ਵਿਸ਼ਾ ਹੈ।
ਮੁਸਤੈਦ ਰਹਿਣ ਕਿਸਾਨ:ਡੀਸੀ
ਡਿਪਟੀ ਕਮਿਸ਼ਨਰ ਬੀ. ਸ਼੍ਰੀਨਿਵਾਸਨ ਨੇ ਟਿੱਡੀ ਦਲ ਦੇ ਫ਼ਸਲਾਂ ’ਤੇ ਹੋਣ ਵਾਲੇ ਕਿਸੇ ਤਰਾਂ ਦੇ ਸੰਭਾਵੀ ਹਮਲੇ ਤੋਂ ਜ਼ਿਲੇ ਦੇ ਕਿਸਾਨਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਉਨਾਂ ਦੱਸਿਆ ਕਿ ਟਿੱਡੀਆਂ ਦੇ ਝੰੁਡ ਵਲੋਂ ਕਿਸੇ ਤਰਾਂ ਦੇ ਹਮਲੇ ਤੋਂ ਬਚਾਅ ਲਈ ਖੇਤੀਬਾੜੀ ਵਿਭਾਗ ਨੂੰ ਮੁਸਤੈਦ ਰਹਿਣ ਲਈ ਆਖ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਗੁਆਂਢੀ ਸੂਬੇ ਰਾਜਸਥਾਨ ’ਚ ਟਿੱਡੀਆਂ ਦੇ ਝੁੰਡ ਵਲੋਂ ਫ਼ਸਲਾਂ ’ਤੇ ਹਮਲਾ ਕਰਨ ਦੀਆਂ ਰਿਪੋਰਟਾਂ ਮਿਲੀਆਂ ਹਨ ਜਿਸ ਨੂੰ ਦੇਖਦਿਆਂ ਤਿਆਰੀਆਂ ਕਰ ਲਈਆਂ ਗਈਆਂ ਹਨ।
ਮਾਨਸਾ ’ਚ ਵੀ ਤਿਆਰੀਆਂ ਦਾ ਦਾਅਵਾ
ਡਿਪਟੀ ਕਮਿਸ਼ਨਰ ਮਾਨਸਾ ਗੁਰਪਾਲ ਸਿੰਘ ਚਹਿਲ ਦਾ ਕਹਿਣਾ ਸੀ ਕਿ ਟਿੱਡੀ ਦਲ ਦੇ ਹਮਲੇ ਨਾਲ ਨਿਪਟਣ ਲਈ ਜਿਲਾ ਪ੍ਰਸ਼ਾਸ਼ਨ ਪੂਰੀ ਤਰਾਂ ਤਿਆਰ ਹੈ। ਉਨਾਂ ਕਿਹਾ ਕਿ ਟਿੱਡੀ ਦਲ ਬਾਰੇ ਜਾਣਕਾਰੀ ਦੇਣ ਲਈ ਕੰਟਰੋਲ ਰੂਮ ਬਣਾ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਾਇਰ ਬਿ੍ਰਗੇਡ ਨੂੰ ਤਿਆਰ ਬਰ ਤਿਆਰ ਰਹਿਣ ਦੀ ਹਦਾਇਤ ਕਰ ਦਿੱਤੀ ਗਈ ਹੈ। ਉਨਾਂ ਸਮੂਹ ਅਧਿਕਾਰੀਆਂ ਨੂੰ ਕਿਸੇ ਹਮਲੇ ਦੀ ਸੂਰਤ ’ਚ ਤਾਲਮੇਲ ਬਣਾ ਕਕੇ ਕਾਰਵਾਈ ਕਰਨ ਲਈ ਵੀ ਕਿਹਾ। ਡਿਪਟੀ ਕਮਿਸ਼ਨਰ ਨੇ ਅਪੀਲ ਕੀਤੀ ਕਿ ਜਿਨਾਂ ਕਿਸਾਨਾਂ ਕੋਲ ਟਰੈਕਟਰ ਵਾਲੇ ਸਪਰੇਅ ਪੰਪ ਹਨ, ਉਨਾਂ ਨੂੰ ਅਤੇ ਖੇਤ ਵਿੱਚ ਮੋਟਰ ਵਾਲੀਆਂ ਡਿੱਗੀਆਂ ਨੂੰ ਵੀ ਪਾਣੀ ਨਾਲ ਭਰਕੇ ਰੱਖਣ।
ਖਾਲੀ ਪੀਪਿਆਂ ਦਾ ਫਿਰ ਮੁੱਲ ਪਿਆ
ਬਠਿੰਡਾ ਜਿਲੇ ’ਚ ਟਿੱਡੀ ਦਲ ਦੀ ਆਮਦ ਦੀਆਂ ਰਿਪੋਰਟਾਂ ਉਪਰੰਤ ਕਿਸਾਨਾਂ ਨੇ ਖਾਲੀ ਪੀਪਿਆਂ ਦਾ ਇੰਤਜਾਮ ਕਰਨੇ ਸ਼ੁਰੂ ਕਰ ਦਿੱਤੇ ਹਨ। ਟਿੱਡੀਆਂ ਨੂੰ ਡਰਾਉਣ ਲਈ ਪੀਪੇ ਖੜਕਾਉਣੇ ਪੈਂਦੇ ਹਨ ਕਿਉਂਕਿ ਖੜਕੇ ਨਾਲ ਇਹ ਟਿੱਡੀਆਂ ਫਸਲ ’ਤੇ ਨਹੀਂ ਬੈਠਦੀਆਂ ਹਨ। ਕਿਸਾਨ ਥਾਲੀਆਂ ਵੀ ਖੜਕਾਉਂਦੇ ਹਨ ਅਤੇ ਖੇਤਾਂ ਵਿਚ ਸਪੀਕਰ ਵੀ ਲਾ ਲੈਂਦੇ ਹਨ। ਹੁਣ ਵੀ ਕਿਸਾਨ ਖੇਤਾਂ ਵਿਚ ਪੀਪੇ ਆਦਿ ਰੱਖਣ ਲੱਗੇ ਹਨ। ਪਤਾ ਲੱਗਿਆ ਹੈ ਕਿ ਪੁਰਾਣੇ ਪੀਪਿਆਂ ਦਾ ਮਿਲਣਾ ਮੁਸ਼ਕਲ ਹੋਇਆ ਪਿਆ ਹੈ। ਬਠਿੰਡਾ ’ਚ ਤਾਂ ਅੱਜ ਕਬਾੜੀਆਂ ਕੋਲੋ ਕਾਫੀ ਕਿਸਾਨ ਪੁਰਾਣੇ ਪੀਪੇ ਖਰੀਦਣ ਆਏ ਹਨ। ਪਲਾਸਟਿਕ ਦੀਆਂ ਕੇਨੀਆਂ ’ਚ ਘਿਓ ਵਿਕਣ ਕਰਕੇ ਪੀਪੇ ਦੀ ਆਮਦ ਘਟੀ ਹੈ।
ਸਰਕਾਰ ਫਸਲਾ ਦੀ ਰਾਖੀ ਦਾ ਪ੍ਰਬੰਧ ਕਰੇ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜਿਲਾ ਬਠਿੰਡਾ ਦੇ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਮਾਨਸਾ ਦੇ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਦਾ ਕਹਿਣਾ ਸੀ ਕਿ ਸਰਕਾਰ ਨੂੰ ਟਿੱਡੀ ਦਲ ਦੇ ਖਦਸ਼ੇ ਨੂੰ ਦੇਖਦਿਆਂ ਫਸਲਾਂ ਦੀ ਰਾਖੀ ਲਈ ਢੁੱਕਵੇਂ ਪ੍ਰਬੰਧ ਕਰਨੇ ਚਾਹੀਦੇ ਹਨ।