ਅਸ਼ੋਕ ਵਰਮਾ
ਬਠਿੰਡਾ, 28 ਮਈ 2020 - ਸ਼ੋਮਣੀ ਅਕਾਲੀ ਦਲ ਨੇ ਪੰਜਾਬ ਵਿੱਚ ਝੋਨੇ ਦੇ ਜਾਅਲੀ ਬੀਜ ਘੁਟਾਲੇ ਦੀ ਉੱਚ ਪੱਧਰੀ ਜਾਂਚ ਕਰਕੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਸਰਕਾਰ ਵੱਲੋਂ ਸੁਸਤ ਕਾਰਵਾਈ ਉੱਤੇ ਸਖਤ ਨਰਾਜਗੀ ਪ੍ਰਗਟਾਈ ਹੈ। ਅੱਜ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਜਿਲਾ ਪ੍ਰਧਾਨ ਜਗਦੀਪ ਸਿੰਘ ਨਕੱਈ ਦੀ ਅਗਵਾਈ ਵਿੱਚ ਇਸ ਮਾਮਲੇ ਦੀ ਜਾਂਚ ਕਰਵਾਉਣ ਸਬੰਧੀ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮੰਗ ਪੱਤਰ ਸੌਪਿਆ ਗਿਆ।
ਇਸ ਮੌਕੇ ਮਲੂਕਾ ਵੱਲੋਂ ਪ੍ਰੈਸ ਨਾਲ ਗੱਲਬਾਤ ਕਰਦਿਆ ਕਿਹਾ ਕਿ ਇਹ ਘਪਲਾ ਸਰਕਾਰ ਦੇ ਨੱਕ ਥੱਲੇ ਅਤੇ ਕਾਂਗਰਸੀ ਆਗੂਆਂ ਦੀ ਸ਼ਹਿ ਤੇ ਹੋਇਆ ਹੈ। ਉਹਨਾਂ ਕਿਹਾ ਕਿ ਗੈਰ ਮਾਨਤਾ ਪ੍ਰਾਪਤ ਝੋਨੇ ਦਾ ਬੀਜ ਲੁਧਿਆਣਾ ਖੇਤੀਬਾੜੀ ਯੂਨਵਰਸਿਟੀ ਦੇ ਬਿਲਕੁਲ ਗੇਟ ਤੇ ਬਣੀਆ ਦੁਕਾਨਾ ਤੇ ਵੇਚਿਆ ਗਿਆ ਹੈ। ਉਹਨਾਂ ਕਿਹਾ ਕਿ ਹਜਾਰਾ ਕੁਆਇੰਟਲ ਨਕਲੀ ਬੀਜ ਵੇਚ ਕੇ ਕਰੋੜਾਂ ਰੁਪਏ ਦਾ ਕਥਿਤ ਘੋਟਾਲਾ ਕੀਤਾ ਗਿਆ ਹੈ। ਮਲੂਕਾ ਨੇ ਕਿਹਾ ਕਿ ਦੇਸ਼ ਦੇ ਅੰਨ ਦਾਤਾ ਦੀ ਹੋਈ ਲੁੱਟ ਦੇ ਮਾਮਲੇ ਵਿੱਚ ਅਕਾਲੀ ਦਲ ਚੁੱਪ ਨਹੀ ਬੈਠੇਗਾ। ਉਨਾਂ ਕਿਹਾ ਕਿ ਖੇਤੀਬਾੜੀ ਯੂਨੀਵਰਸਿਟੀ ਨੇ ਤਾਂ ਝੋਨੇ ਦੀ ਨਵੀਂ ਵਰਾਇਟੀ 128 ਅਤੇ 129 ਦਾ ਤਕਰੀਬਨ 2 ਹਜ਼ਾਰ ਕੁਇੰਟਲ ਬੀਜ ਹੀ ਵੇਚਿਆ, ਪਰ ਖੇਤੀਬਾੜੀ ਵਿਭਾਗ ਤੋਂ ਅਧਿਕਾਰਤ ਬੀਜ ਵਿਕਰੇਤਾਵਾਂ ਦੀਆਂ ਦੁਕਾਨਾਂ ਤੋਂ ਹਜ਼ਾਰਾਂ ਕੁਇੰਟਲ ਨਕਲੀ ਬੀਜ ਦੇ ਫੜੇ ਜਾਣਾ ਬਹੁਤ ਵੱਡੀ ਪੜਤਾਲ ਦਾ ਵਿਸ਼ਾ ਹੈ।
ਅਕਾਲੀ ਆਗੂ ਨੇ ਸੂਬੇ ਦੇ ਕਈ ਜ਼ਿਲਿਆਂ ਵਿੱਚ ਚਾਰ ਗੁਣਾ ਭਾਅ ‘’ਤੇ ਇਹ ਨਕਲੀ ਬੀਜਾਂ ਦੀ ਵਿਕਰੀ ਕੀਤੇ ਜਾਣ ਦੇ ਮਾਮਲੇ ਸਾਹਮਣੇ ਆਉਣ ’ਤੇ ਗੰਭੀਰ ਚਿੰਤਾ ਪ੍ਰਗਟਾਈ ਹੈ। ਉਨਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣੀ ਚਾਹੁੰਦੇ ਹਨ ਤਾਂ ਅਕਾਲੀ ਦਲ ਦੀ ਮੰਗ ਅਨੁਸਾਰ ਇਸ ਦੀ ਜਾਂਚ ਸੀ.ਬੀ.ਆਈ ਜਾਂ ਹਾਈ ਕੋਰਟ ਦੇ ਕਿਸੇ ਜੱਜ ਤੋਂ ਕਰਵਾਈ ਜਾਵੇ। ਉਨਾਂ ਕਿਹਾ ਕਿ ਇਸ ਮਾਮਲੇ ਵਿੱਚ ਕਾਂਗਰਸ ਦੇ ਵੱਡੇ ਆਗੂਆਂ ਦੀ ਕਥਿਤ ਸ਼ਮੂਲੀਅਤ ਕਾਰਨ ਸੂਬੇ ਦੀ ਪੁਲਿਸ ਜਾਂ ਕਿਸੇ ਹੋਰ ਏਜੰਸੀ ਦੀ ਜਾਂਚ ਤੋਂ ਇਨਸਾਫ ਦੀ ਕੋਈ ਉਮੀਦ ਨਹੀ।
ਮਲੂਕਾ ਨੇ ਕਿਹਾ ਕਿ ਜੇਕਰ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਅਸਲ ਦੋਸ਼ੀਆ ਤੇ ਕਾਰਵਾਈ ਨਾ ਕੀਤੀ ਗਈ ਤਾਂ ਆਉਣ ਵਾਲੇ ਦਿਨਾ ਵਿੱਚ ਅਕਾਲੀ ਦਲ ਵੱਡੇ ਸੰਘਰਸ਼ ਦਾ ਐਲਾਨ ਕਰੇਗਾ। ਇਸ ਮੌਕੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ, ਦਰਸ਼ਨ ਸਿੰਘ ਕੋਟਫੱਤਾ, ਅਮਿਤ ਰਤਨ, ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ, ਮੀਡੀਆ ਇੰਚਾਰਜ ਰਤਨ ਸ਼ਰਮਾਂ , ਮੁੱਖ ਬੁਲਾਰਾ ਚਮਕੌਰ ਮਾਨ ਅਤੇ ਪ੍ਰੈਸ ਸਕੱਤਰ ਡਾ. ਓਮ ਪ੍ਰਕਾਸ਼ ਸ਼ਰਮਾਂ ਆਦਿ ਹਾਜਰ ਸਨ।