ਅਸ਼ੋਕ ਵਰਮਾ
ਬਠਿੰਡਾ, 28 ਮਈ 2020 - ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਮ.ਐਸ.ਸੀ. (ਮੈਥੇਮੈਟਿਕਸ) ਪਹਿਲਾ ਅਤੇ ਦੂਜਾ ਸਾਲ ਦੇ ਨਤੀਜਿਆਂ ਦੀਆਂ ਐਲਾਨੀਆਂ ਮੈਰਿਟ ਸੂਚੀਆਂ ਅਨੁਸਾਰ ਬਾਬਾ ਫ਼ਰੀਦ ਕਾਲਜ ਦੀਆਂ 2 ਵਿਦਿਆਰਥਣਾਂ ਨੇ ਯੂਨੀਵਰਸਿਟੀ ਮੈਰਿਟ ਪੁਜ਼ੀਸ਼ਨਾਂ ਹਾਸਲ ਕਰ ਕੇ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ ਹੈ। ਇਸ ਕਾਲਜ ਦੀ ਵਿਦਿਆਰਥਣ ਸਿਮਰਨਜੀਤ ਕੌਰ ਨੇ ਐਮ.ਐਸ.ਸੀ.(ਮੈਥੇਮੈਟਿਕਸ) ਪਹਿਲਾ ਸਾਲ (ਸੈਸ਼ਨ 2017-19) ਦੀ ਮੈਰਿਟ ਸੂਚੀ ਵਿੱਚ ਤੀਜਾ ਸਥਾਨ ਹਾਸਲ ਕੀਤਾ ਹੈ ਜਦੋਂ ਕਿ ਐਮ.ਐਸ.ਸੀ.(ਮੈਥੇਮੈਟਿਕਸ) ਦੂਜਾ ਸਾਲ (ਸੈਸ਼ਨ 2016-18) ਦੀ ਮੈਰਿਟ ਸੂਚੀ ਵਿੱਚ ਬਾਬਾ ਫ਼ਰੀਦ ਕਾਲਜ ਦੀ ਵਿਦਿਆਰਥਣ ਰੁਪਿੰਦਰ ਕੌਰ ਨੇ ਯੂਨੀਵਰਸਿਟੀ ਮੈਰਿਟ ਸੂਚੀ ਵਿੱਚ ਚੌਥੀ ਪੁਜ਼ੀਸ਼ਨ ਹਾਸਲ ਕੀਤੀ ਹੈ। ਮੈਰਿਟ ’ਚ ਆਉਣ ਵਾਲੀਆਂ ਵਿਦਿਆਰਥਣਾਂ ਨੇ ਕਾਲਜ ਦੇ ਪਿ੍ਰੰਸੀਪਲ, ਵਿਭਾਗ ਮੁਖੀ ਅਤੇ ਫੈਕਲਟੀ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਨੂੰ ਕਾਲਜ ਦੇ ਉਸਾਰੂ ਵਿੱਦਿਅਕ ਮਾਹੌਲ, ਆਧੁਨਿਕ ਸਾਇੰਸ ਲੈਬਾਰਟਰੀਆਂ ਅਤੇ ਤਜਰਬੇਕਾਰ ਅਧਿਆਪਕਾਂ ਦੀ ਯੋਗ ਅਗਵਾਈ ਸਦਕਾ ਇਹ ਸਫਲਤਾ ਮਿਲੀ ਹੈ।
ਬਾਬਾ ਫ਼ਰੀਦ ਕਾਲਜ ਦੇ ਪਿ੍ਰੰਸੀਪਲ ਡਾ. ਪ੍ਰਦੀਪ ਕੌੜਾ ਨੇ ਇਹਨਾਂ ਸ਼ਾਨਦਾਰ ਨਤੀਜਿਆਂ ‘ਤੇ ਆਪਣੀ ਖ਼ੁਸ਼ੀ ਪ੍ਰਗਟ ਕਰਦਿਆਂ ਹੋਣਹਾਰ ਵਿਦਿਆਰਥਣਾਂ, ਉਨਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਬਾਬਾ ਫ਼ਰੀਦ ਕਾਲਜ ਦੇ ਹਰ ਵਿਭਾਗ ਦੇ ਵਿਦਿਆਰਥੀ ਲਗਾਤਾਰ ਅਕਾਦਮਿਕ ਨਤੀਜਿਆਂ ਵਿੱਚ ਨਵੀਆਂ ਬੁਲੰਦੀਆਂ ਨੂੰ ਛੂਹ ਰਹੇ ਹਨ। ਉਨਾਂ ਨੇ ਕਿਹਾ ਕਿ ਸੰਸਥਾ ਵਿਖੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਧਿਆਨ ਵਿੱਚ ਰੱਖ ਕੇ ਵੱਖ-ਵੱਖ ਗਤੀਵਿਧੀਆਂ ਜਿਵੇਂ ਇੰਡਸਟਰੀਅਲ ਦੌਰੇ, ਸੈਮੀਨਾਰ, ਮਾਹਿਰ ਭਾਸ਼ਣ ਅਤੇ ਲਾਈਵ ਪ੍ਰੋਜੈਕਟ ਆਦਿ ਰਾਹੀਂ ਵਿਹਾਰਿਕ ਗਿਆਨ ਪ੍ਰਦਾਨ ਕੀਤਾ ਜਾਂਦਾ ਹੈ ਜਿਸ ਸਦਕਾ ਅਜਿਹੇ ਸ਼ਾਨਦਾਰ ਨਤੀਜੇ ਪ੍ਰਾਪਤ ਹੁੰਦੇ ਹਨ। ਉਨਾਂ ਐਮ.ਐਸ.ਸੀ.(ਮੈਥੇਮੈਟਿਕਸ) ਵਿੱਚ ਮੈਰਿਟ ਪੁਜ਼ੀਸ਼ਨਾਂ ਹਾਸਲ ਕਰਨ ਵਾਲੀਆਂ ਹੋਣਹਾਰ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੰਦਿਆਂ ਆਪਣੀਆਂ ਸ਼ੁੱਭ ਕਾਮਨਾਵਾਂ ਵੀ ਦਿੱਤੀਆਂ।