ਅਸ਼ੋਕ ਵਰਮਾ
ਬਠਿੰਡਾ, 28 ਮਈ 2020 - ਸਰਕਾਰ ਵੱਲੋਂ ਮੰਗਾਂ ਪ੍ਰਤੀ ਬੇਰੁਖੀ ਜਾਹਿਰ ਕਰਨ ਤੋਂ ਤੰਗ ਆਈਆਂ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੇ ਆਸ਼ਾ ਵਰਕਰ ਤੇ ਫੈਸਿਲੀਟੇਟਰ ਯੂਨੀਅਨ ਪੰਜਾਬ (ਸਬੰਧਿਤ ਡੀ.ਐਮ.ਐਫ.) ਦੀ ਸੂਬਾ ਕਮੇਟੀ ਦੇ ਸੱਦੇ ‘ਤੇ ਘੱਟੋ ਘੱਟ ਉਜ਼ਰਤਾਂ ਦਾ ਪ੍ਰਬੰਧ ਕਰਨ ਸਮੇਤ ਹੋਰਨਾਂ ਹੱਕੀ ਮੰਗਾਂ ਦੇ ਹੱਲ ਲਈ ਜ਼ਿਲਾ ਬਠਿੰਡਾ ਦੇ ਸਬ-ਸੈਟਰਾਂ ‘ਤੇ ਰੋਹ ਭਰਪੂਰ ਰੋਸ ਪ੍ਰਦਰਸ਼ਨਾਂ ਕਰਕੇ ਸੰਘਰਸ਼ ਦੇ ਅਗਲੇ ਪੜਾਅ ਦਾ ਬਿਗੁਲ ਵਜਾ ਦਿੱਤਾ ਹੈ। ਇਸ ਮੌਕੇ ਸੰਬੋਧਨ ਕਰਦਿਆਂ ਜਿਲਾ ਕਨਵੀਨਰ ਸੁਰੰਜਣਾ ਰਾਣੀ ਨੇ ਕਿਹਾ ਕਿ ਜਥੇਬੰਦੀ ਨੇ ਪੰਜਾਬ ਭਰ ‘ਚ 15 ਮਈ ਨੂੰ ਡਿਪਟੀ ਕਮਿਸ਼ਨਰਾਂ ਅਤੇ ਸਿਵਲ ਸਰਜਨਾਂ ਰਾਹੀਂ ਕੇਂਦਰੀ ਤੇ ਸੂਬਾਈ ਸਿਹਤ ਮੰਤਰੀਆਂ ਨੂੰ ਮੰਗ ਪੱਤਰ ਭੇਜੇ ਸਨ ਜਦੋਂਕਿ 18 ਮਈ ਨੂੰ ਸਾਰੇ ਸੀਨੀਅਰ ਮੈਡੀਕਲ ਅਫਸਰਾਂ ਰਾਹੀਂ ਨੈਸ਼ਨਲ ਹੈਲਥ ਮਿਸ਼ਨ ਵੱਲ ਵੀ ‘ਮੰਗ ਪੱਤਰ’ ਦਿੱਤਾ ਸੀ ਪ੍ਰੰਤੂ ਸਰਕਾਰ ਨੇ ਮੰਗਾਂ ਦਾ ਢੁੱਕਵਾਂ ਹੱਲ ਕਰਨ ਦੀ ਥਾਂ ਨਿਗੁਣੇ ਭੱਤਿਆਂ ‘ਤੇ ਗੁਜਾਰਾ ਕਰ ਰਹੀਆਂ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਦੀ ਹਾਲਤ ਪ੍ਰਤੀ ਗੈਰ-ਸੰਵੇਦਨਸ਼ੀਲ ਰਵੱਈਆ ਅਪਣਾਇਆ ਹੋਇਆ ਹੈ।
ਆਗੂਆਂ ਨੇ ਦੱਸਿਆ ਕਿ ਸਰਕਾਰ ਨੇ ਸਰਕਾਰੀ ਹਸਪਤਾਲਾਂ ਤੇ ਸਿਹਤ ਕੇਂਦਰਾਂ ਦਾ ਪ੍ਰਬੰਧ ਪੁੱਖਤਾ ਕਰਨ, ਸਹੂਲਤਾਂ ਤੋਂ ਸੱਖਣੇ ਸਿਹਤ ਕਰਮੀਆਂ ਨੂੰ ਨਿੱਜੀ ਸੁਰੱਖਿਆ ਉਪਕਰਨ ਮੁਹੱਇਆ ਕਰਵਾਉਣ ਅਤੇ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੂੰ ਘੱਟੋ ਘੱਟ ਉਜਰਤਾਂ ਕਾਨੂੰਨ ਦੇ ਘੇਰੇ ਵਿੱਚ ਲਿਆ ਕੇ ਤਨਖਾਹਾਂ ਵਿੱਚ ਵਾਧਾ ਕਰਕੇ ਹੌਸਲਾ ਵਧਾਉਣ ਦੀ ਥਾਂ ਕੋਵਿਡ-19 ਨੂੰ ਡੰਡੇ ਦੇ ਜੋਰ ‘ਤੇ ਲਾਗੂ ਕੀਤੇ ਕਰਫਿਊ ਤੇ ਤਾਲਾਬੰਦੀ ਰਾਹੀਂ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਹੈ।
ਇਸ ਮੌਕੇ ਬਲਾਕ ਬਠਿੰਡਾ ਦੀ ਪ੍ਰਧਾਨ ਸੁਖਵਿੰਦਰ ਕੌਰ ਅਤੇ ਜਨਰਲ ਸਕੱਤਰ ਮਨਜੀਤ ਕੌਰ ਨੇ ਮੰਗ ਕੀਤੀ ਕਿ ਆਸ਼ਾ ਵਰਕਰਾਂ ਨੂੰ ਘੱਟੋ-ਘੱਟ ਉਜ਼ਰਤਾਂ ਦੇ ਕਾਨੂੰਨ ਹੇਠ ਲਿਆ ਕਿ ਪ੍ਰਤੀ ਮਹੀਨਾ 9958 ਰੁਪਏ ਅਤੇ ਫੈਸਿਲੀਟੇਟਰਾਂ ਨੂੰ ਆਂਗਨਵਾੜੀ ਸੁਪਰਵਾੀਜਰਾਂ ਦਾ ਸਕੇਲ ਦਿੱਤਾ ਜਾਵੇ। ਆਸ਼ਾ ਵਰਕਰਾਂ ਦੇ ਇਨਸ਼ੈਂਟਿਵਾਂ ਅਤੇ ਫੈਸਿਲੀਟੇਟਰਾਂ ਦੇ ਮਾਣ ਭੱਤਿਆਂ ਵਿੱਚ ਪ੍ਰਤੀ ਸਾਲ 20% ਦਾ ਵਾਧਾ ਕੀਤਾ ਜਾਵੇ। ਇਸ ਤੋਂ ਇਲਾਵਾ ਟੂਰ ਭੱਤਾ 250 ਰੁਪਏ ਪ੍ਰਤੀ ਟੂਰ, ਭੋਜਨ ਭੱਤਾ 50 ਰੁਪਏ ਰੋਜਾਨਾ ਅਤੇ ਫੈਸਿਲੀਟੇਟਰਾਂ ਨੂੰ ਰਿਕਾਰਡ ਰੱਖਣ ਦੇ 1000 ਰੁਪਏ ਪ੍ਰਤੀ ਮਹੀਨਾ ਅਲੱਗ ਤੋਂ ਦਿੱਤੇ ਜਾਣ।
ਉਨ੍ਹਾਂ ਦੱਸਿਆ ਕਿ 5 ਲੱਖ ਰੁਪਏ ਦਾ ਮੁਫਤ ਬੀਮਾ ਲਾਗੂ ਕਰਵਾਉਣ, ਸਾਲ ਵਿੱਚ ਦੋ ਵਾਰ ਵਰਦੀ ਭੱਤਾ, ਹਰੇਕ ਮਹੀਨੇ ਧੁਲਾਈ ਭੱਤਾ, ਵਰਕਰਾਂ ਦੀ ਨਜਾਇਜ਼ ਛਾਂਟੀ ਬੰਦ ਕਰਵਾਉਣ, ਪ੍ਰਾਵੀਡੈਂਟ ਫੰਡ ਦੀ ਸਹੂਲਤ, ਹਰੇਕ ਕਿਸਮ ਦੀਆਂ ਛੁੱਟੀਆਂ ਦੀ ਸਹੂਲਤ ਲਾਗੂ ਕਰਵਾਉਣ ਅਤੇ ਮੋਬਾਈਲ ਭੱਤਾ ਲਾਗੂ ਕਰਵਾਉਣ,ਗੁਰਦਾਸਪੁਰ ਦੇ ਧਿਆਨਪੁਰ ਬਲਾਕ ਦੀ ਆਸ਼ਾ ਵਰਕਰ ਅੰਜੂ ਬਾਲਾ ਦੀ ਬੀਤੇ ਦਿਨੀਂ ਡਿਊਟੀ ਕਰਦੇ ਸਮੇਂ ਹੋਈ ਮੌਤ ਦੇ ਮਾਮਲੇ ਵਿੱਚ ਪਰਿਵਾਰ ਨੂੰ ਪੰਜ ਲੱਖ ਰੁਪਏ ਦਾ ਬੀਮਾ ਰਾਸ਼ੀ,ਐਕਸਗ੍ਰੇਸੀਆ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਰੱਖੀ, ਮੋਗਾ ਜਿਲ੍ਹੇ ਦੀਆਂ ਚਾਰ ਵਰਕਰਾਂ ਅਤੇ ਪਟਿਆਲਾ ਦੀ ਇੱਕ ਵਰਕਰ ਨੂੰ ਬਿਮਾਰੀ ਅਤੇ ਆਰਾਮ ਦੇ ਸਮੇਂ ਦੌਰਾਨ ਆਸ਼ਾ ਵਰਕਰ ਵਜੋਂ ਕੰਮ ਕਰਨ ਬਦਲੇ ਮਿਲਦੇ ਭੱਤਿਆਂ ਦੇ ਬਰਾਬਰ ਰਾਸ਼ੀ ਲਗਾਤਾਰ ਦੇਣੀ ਯਕੀਨੀ ਬਣਾਈ ਜਾਣ ਸਮੇਤ ‘ਮੰਗ .ਪੱਤਰ’ ਵਿੱਚ ਦਰਜ਼ ਹੋਰਨਾਂ ਮੰਗਾਂ ਦੀ ਪੂਰਤੀ ਸਬੰਧੀ ਹਾਲੇ ਵੀ ਸਰਕਾਰ ਵਲੋਂ ਸੁਣਵਾਈ ਨਾ ਹੋਣ ‘ਤੇ ਸੰਘਰਸ਼ ਨੂੰ ਹੋਰ ਵਧੇਰੇ ਤਿੱਖਾ ਤੇ ਵਿਸ਼ਾਲ ਕੀਤਾ ਜਾਵੇਗਾ। ਇਸ ਮੌਕੇ ਕੁਸਮ,ਲਕਸ਼ਮੀ, ਸਰਨਜੀਤ ,ਸੀਮਾ ਅਰੋੜਾ ,ਪ੍ਰਨੀਤ ਰਵਿੰਦਰ ,ਬੰਦਨਾ ,ਸੋਨੂੰ ,ਕੁਲਦੀਪ,ਰਾਜੂ ਕੌਰ ,ਰਾਣੀ ਕੌਰ ਅਤੇ ਮਮਤਾ ਪਾਂਡੇ ਆਦਿ ਸ਼ਾਮਲ ਸਨ।