ਅਸ਼ੋਕ ਵਰਮਾ
ਬਠਿੰਡਾ, 27 ਮਈ 2020 - ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ਉੱਪਰ ਸਾਰੇ ਭਾਰਤ ਵਿੱਚ ਕਿਸਾਨ ਬਚਾਓ, ਦੇਸ਼ ਬਚਾਓ ਦਿਵਸ ਮੌਕੇ ਪੰਜਾਬ ਦੀਆਂ ਛੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਬਲਕਰਨ ਸਿੰਘ ਬਰਾੜ ਸੂਬਾ ਕਾਰਜਕਾਰੀ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ ਪੰਜਾਬ, ਗੁਰਦੀਪ ਸਿੰਘ ਰਾਮਪੁਰਾ ਸੂਬਾ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਡਕੌਦਾ, ਅਮਰਜੀਤ ਸਿੰਘ ਹਨੀ ਜਿਲਾ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ, ਜਗਦੀਸ਼ ਸਿੰਘ ਗੁੰਮਟੀ ਜਿਲਾ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਗੁਰਤੇਜ ਸਿੰਘ ਜਿਲਾ ਪੈੱਸ ਸਕੱਤਰ ਪੰਜਾਬ ਕਿਸਾਨ ਯੂਨੀਅਨ ਅਤੇ ਨਾਇਬ ਸਿੰਘ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਅਗਵਾਈ ਵਿੱਚ ਅੱਜ ਜਿਲਾ ਕਚਿਹਰੀਆਂ ਬਠਿੰਡਾ ਵਿੱਖੇ ਕਿਸਾਨਾਂ ਨੇ ਰੋਹ ਭਰਪੂਰ ਰੋਸ ਮੁਜਾਹਰਾ ਕੀਤਾ ਅਤੇ ਕਿਸਾਨੀ ਦੀਆਂ ਭਖਦੀਆਂ ਮੰਗਾਂ ਦਾ ਮੰਗ ਪੱਤਰ ਪ੍ਰਧਾਨ ਮੰਤਰੀ ਭਾਰਤ ਸਰਕਾਰ ਅਤੇ ਮੁੱਖ ਮੰਤਰੀ ਪੰਜਾਬ ਸਰਕਾਰ ਦੇ ਨਾਮ ਡਿਪਟੀ ਕਮਿਸਨਰ ਬਠਿੰਡਾ ਰਾਹੀਂ ਉਹਨਾਂ ਵੱਲੋਂ ਆਏ ਤਹਿਸੀਲਦਾਰ ਬਠਿੰਡਾ ਨੂੰ ਸੌਂਪਿਆ।
ਕੁੱਲ ਹਿੰਦ ਕਿਸਾਨ ਸਭਾ ਦੇ ਕੌਮੀ ਕੌਸਲ ਮੈਂਬਰ ਜਗਜੀਤ ਸਿੰਘ ਜੋਗਾ ਨੇ ਦੱਸਿਆ ਕਿ ਕਰੋਨਾ ਮਹਾਮਾਰੀ ਦੇ ਦੌਰ ਵਿੱਚ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਵਾਸਤੇ 20 ਲੱਖ ਕਰੋੜ ਦਾ ਜੋ ਪੈਕਜ ਦਿੱਤਾ ਹੈ ਉਸ ਵਿੱਚੋਂ ਕਿਸਾਨਾਂ ਪੱਲੇ ਕਾਣੀ ਕੌਡੀ ਵੀ ਨਹੀਂ ਪਈ ਹੈ। ਉਨਾਂ ਖੇਤੀ ਸੈਕਟਰ ਦਾ ਨਿੱਜੀਕਰਨ ਅਤੇ ਨਿਗਮੀਕਰਨ ਕਰਨ ਲਈ ਲਿਆਂਦੇ ਜਾ ਰਹੇ ਕਾਲੇ ਕਨੂੰਨ ਤੇ ਬਿਜਲੀ ਸੋਧ ਬਿੱਲ 2020 ਰੱਦ ਕਰਨ, 10 ਏਕੜ ਤੱਕ ਦੇ ਕਿਸਾਨ ਅਤੇ ਖੇਤ ਮਜਦੂਰ ਪਰਿਵਾਰਾਂ ਨੂੰ 10 ਹਜਾਰ ਰੁਪਏ ਮਹੀਨਾ ਦੇਣ, ਕਿਸਾਨ ਪਰਿਵਾਰ ਨੂੰ ਪੀ ਐਮ ਕਿਸਾਨ ਯੋਜਨਾਂ ਤਹਿਤ ਮਿਲਦੀ ਰਾਸ਼ੀ 18 ਹਜਾਰ ਰੁਪਏ ਸਲਾਨਾ ਕਰਨ, ਖੇਤੀ ਅਤੇ ਸਹਾਇਕ ਧੰਦਿਆਂ ਉੱਪਰ ਦਿੱਤਾ ਗਿਆ ਹਰ ਕਿਸਾਨ ਦਾ ਕਰਜਾ ਖਤਮ ਅਤੇ ਕਿਸਾਨ ਦੀਆਂ ਫਸਲਾਂ, ਸਬਜੀਆਂ ,ਫਲ ਅਤੇ ਦੁੱਧ ਆਦਿ ਦੇ ਲਾਹਵੰਦ ਭਾਅ ਦੇਣੇ ਯਕੀਨੀ ਬਨਾਉਣ ਸਮੇਤ ਮੰਗ ਪੱਤਰ ’ਚ ਦਰਜ ਮੰਗਾਂ ਪ੍ਰਵਾਨ ਕਰਨ ਦੀ ਮੰਗ ਕੀਤੀ। ਇਸ ਮੌਕੇ ਜਸਵੀਰ ਕੌਰ ਸਰਾਂ , ਬੂਟਾ ਸਿੰਘ ਤੁੰਗਵਾਲੀ ,,ਸਪੂਰਨ ਸਿੰਘ ਬਠਿੰਡਾ, ਸੁਖਦੇਵ ਸਿੰਘ ਢਪਾਲੀ, ਰਾਜਮਹਿੰਦਰ ਸਿੰਘ ਕੋਟਭਾਰਾ, ਜਰਨੈਲ ਸਿੰਘ ਯਾਤਰੀ ਆਦਿ ਵੀ ਹਾਜਰ ਸਨ।