ਜਗਦੀਸ਼ ਥਿੰਦ
ਫਾਜ਼ਿਲਕਾ, 25 ਮਈ
ਖੁਰਾਕ ਅਤੇ ਸਪਲਾਈ ਵਿਭਾਗ ਪੰਜਾਬ ਵੱਲੋਂ ਕੈਬੀਨੇਟ ਮੰਤਰੀ ਸ਼੍ਰੀ ਭਾਰਤ ਭੂਸ਼ਣ ਆਸ਼ੂ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕੋਵਿਡ-19 ਮਹਾਂਮਾਰੀ ਦੌਰਾਨ ਹੋਰਨਾਂ ਵਿਭਾਗਾਂ ਵਾਂਗ ਮੋਹਰੀ ਹੋ ਕੇ ਦਿਨ ਰਾਤ ਕੰਮ ਕੀਤਾ ਜਾ ਰਿਹਾ ਹੈ।ਸਰਕਾਰ ਵੱਲੋਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਅਧੀਨ ਸਮਾਰਟ ਰਾਸ਼ਨ ਕਾਰਡ ਹੋਲਡਰਾਂ ਨੂੰ ਪ੍ਰਤੀ ਜੀਅ 5 ਕਿਲੋ ਕਣਕ ਪ੍ਰਤੀ ਮਹੀਨਾ ਅਤੇ 1 ਕਿਲੋ ਦਾਲ ਪ੍ਰਤੀ ਕਾਰਡ ਪ੍ਰਤੀ ਮਹੀਨਾ ਦੇ ਹਿਸਾਬ ਨਾਲ 3 ਮਹੀਨਿਆਂ ਲਈ ਇਕੱਠਾ (15 ਕਿਲੋ ਪ੍ਰਤੀ ਜੀਅ ਕਣਕ ਅਤੇ 3 ਕਿਲੋ ਪ੍ਰਤੀ ਕਾਰਡ ਦਾਲ) ਮੁਫ਼ਤ ਰਾਸ਼ਨ ਦਿੱਤਾ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਜਿਲਾ ਖੁਰਾਕ ਤੇ ਸਪਲਾਈ ਕੰਟਰੋਲਰ ਫਾਜਿਲਕਾ ਸ਼੍ਰੀ ਰਾਜ ਰਿਸ਼ੀ ਮਹਿਰਾ ਨੇ ਦੱਸਿਆ ਕਿ ਜਿਲਾ ਫਾਜਿਲਕਾ ਵਿੱਚ ਲਗਭਗ 1 ਲੱਖ 56 ਹਜਾਰ ਰਾਸ਼ਨ ਕਾਡਰਾਂ ਦੇ 592000 ਦੇ ਕਰੀਬ ਲਾਭਪਾਤਰੀਆਂ ਨੂੰ ਇਹ ਰਾਸ਼ਨ ਦਿੱਤਾ ਜਾਣਾ ਹੈ, ਜਿਸ ਅਧੀਨ ਜਿਲੇ ਵਿੱਚ ਅੱਜ ਤੱਕ ਲਗਭਗ 65000 ਪਰਿਵਾਰਾਂ ਨੂੰ ਇਹ ਰਾਸ਼ਨ ਵੰਡਿਆ ਜਾ ਚੁੱਕਾ ਹੈ ਅਤੇ ਆਉਣ ਵਾਲੇ 4-5 ਦਿਨਾਂ ਵਿੱਚ ਬਾਕੀ ਰਹਿੰਦੇ ਲਾਭਪਾਤਰੀਆਂ ਵਿੱਚ ਇਹ ਰਾਸ਼ਨ ਦੀ ਵੰਡ ਕਰ ਦਿੱਤੀ ਜਾਵੇਗੀ।
ਉਨਾਂ ਦੱਸਿਆ ਕਿ ਵਿਭਾਗ ਦੇ ਸਮੂਹ ਕਰਮਚਾਰੀਆਂ ਅਤੇ ਰਾਸ਼ਨ ਡਿਪੂ ਹੋਲਡਰਾਂ ਵੱਲੋਂ ਬੜੀ ਤਨਦੇਹੀ ਨਾਲ ਗਰੀਬ ਲੋਕਾਂ ਤੱਕ ਇਹ ਰਾਸ਼ਨ ਘਰ-ਘਰ ਪਹੁੰਚਾਉਣ ਲਈ ਕੰਮ ਕੀਤਾ ਜਾ ਰਿਹਾ ਹੈ ਅਤੇ ਰਾਸ਼ਨ ਦੀ ਵੰਡ ਦੌਰਾਨ ਸਿਹਤ ਵਿਭਾਗ ਵੱਲੋਂ ਕੋਵਿਡ-19 ਦੇ ਮੱਦੇਨਜਰ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਵੀ ਯਕੀਨੀ ਬਣਾਈ ਜਾ ਰਹੀ ਹੈ।ਉਨਾਂ ਦੱਸਿਆ ਕਿ ਇਸ ਸਕੀਮ ਦੀ ਰੋਜਾਣਾ ਜਿਲਾ ਪ੍ਰਸ਼ਾਸ਼ਨ ਵੱਲੋਂ ਵੀ ਸਮੀਖਿਆ ਕੀਤੀ ਜਾ ਰਹੀ ਹੈ।ਉਨਾਂ ਦੱਸਿਆ ਕਿ ਇਸ ਮੁਸ਼ਕਲ ਵਾਲੀ ਘੜੀ ਵਿੱਚ ਪੰਜਾਬ ਸਰਕਾਰ ਲੋਕਾਂ ਦੀ ਮਦਦ ਲਈ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ।
ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਲੋੜਵੰਦ ਅਤੇ ਪ੍ਰਵਾਸੀ ਮਜਦੂਰਾਂ ਨੂੰ ਪੰਜਾਬ ਸਰਕਾਰ ਵੱਲੋਂ ਜਿਲਾ ਫਾਜਿਲਕਾ ਵਿੱਚ ਲਗਭਗ 53500 ਫਰੀ ਰਾਸ਼ਨ ਕਿੱਟਾ (10 ਕਿਲੋ ਆਟਾ,2 ਕਿਲੋ ਦਾਲ ਅਤੇ 2 ਕਿਲੋ ਚੀਨੀ) ਜਿਲਾ ਪ੍ਰਸ਼ਾਸ਼ਨ ਰਾਹੀਂ ਵੰਡੀਆਂ ਜਾ ਚੁੱਕੀਆਂ ਹਨ। ਇਸ ਦੇ ਨਾਲ ਹੀ ਜਿਲਾ ਫਾਜਿਲਕਾ ਦੀਆਂ ਸਮੂਹ ਖਰੀਦ ਏਜੰਸੀਆਂ ਵੱਲੋਂ ਰਬੀ ਸੀਜਨ 2020-21 ਦੌਰਾਨ ਲਗਭਗ 812648 ਮੀਟਿ੍ਰਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ ਅਤੇ 773477 ਐਮ.ਟੀ ਕਣਕ ਦੀ ਲਿਫਟਿੰਗ ਕੀਤੀ ਜਾ ਚੁੱਕੀ ਹੈ ਅਤੇ ਕੁੱਲ ਬਣਦੀ ਐਮ.ਐਸ.ਪੀ ਦੇ ਲਗਭਗ 97 ਫੀਸਦੀ ਅਦਾਇਗੀ ਆੜਤਿਆਂ ਨੂੰ ਕੀਤੀ ਜਾ ਚੁੱਕੀ ਹੈ ਅਤੇ ਬਾਕੀ ਰਹਿੰਦੀ ਵੀ ਲਗਾਤਾਰ ਕੀਤੀ ਜਾ ਰਹੀ ਹੈ।