ਫ਼ਤਹਿਗੜ੍ਹ ਸਾਹਿਬ, 25 ਮਈ 2020 - ਸਰਬੱਤ ਖਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਨਾਮ ਇੱਕ ਸ਼ਿਕਾਇਤ ਨਿਹੰਗ ਸਿੰਘ ਜਥੇਬੰਦੀ ਇੰਟਰਨੈਸ਼ਨਲ ਮਿਸਲ ਸ਼੍ਰੋਮਣੀ ਸ਼ਹੀਦ ਬਾਬਾ ਸੰਗਤ ਸਿੰਘ ਜੀ ਦੇ ਮੁੱਖ ਚੀਫ ਬਾਬਾ ਚੜ੍ਹਤ ਸਿੰਘ ਅਤੇ ਮੀਤ ਜਥੇਦਾਰ ਰਾਜਾ ਰਾਜ ਸਿੰਘ ਵੱਲੋਂ ਦਿੱਤੀ ਗਈ। ਇਹ ਸ਼ਿਕਾਇਤ ਪੱਤਰ ਪ੍ਰੈੱਸ ਕਾਨਫਰੰਸ ਦੌਰਾਨ ਭਾਈ ਹਵਾਰਾ ਕਮੇਟੀ ਦੇ ਮੈਂਬਰਾਂ ਨੇ ਪ੍ਰਾਪਤ ਕੀਤਾ।
ਸ਼ਿਕਾਇਤ ਪੱਤਰ ਵਿੱਚ ਨਿਹੰਗ ਸਿੰਘ ਜਥੇਬੰਦੀ ਵੱਲੋਂ ਕਿਹਾ ਗਿਆ ਕਿ ਕੁਝ ਸੰਪਰਦਾਵਾਂ ਵੱਲੋਂ ਅੰਮ੍ਰਿਤ ਸੰਚਾਰ ਵੇਲੇ ਮਜ਼੍ਹਬੀ ਅਤੇ ਰਾਮਦਾਸੀਏ ਸਿੰਘਾਂ ਨੂੰ ਜੱਟ ਸਿੱਖਾਂ ਤੋਂ ਅਲਹਿਦਾ ਕਰਕੇ ਅੰਮ੍ਰਿਤ ਛਕਾਇਆ ਜਾਂਦਾ ਹੈ ਅਤੇ ਲੰਗਰ ਵਿੱਚ ਵੀ ਜਾਤ ਪਾਤ ਦਾ ਵਿਤਕਰਾ ਹੈ। ਗੁਰੂ ਸਾਹਿਬ ਵੱਲੋਂ ਬਖਸ਼ੀ ਹੋਈ ਮਰਿਆਦਾ ਅਨੁਸਾਰ ਜਾਤ ਪਾਤ ਦਾ ਭੇਦ ਮਿਟਾ ਕੇ ਇੱਕੋ ਹੀ ਬਾਟੇ ਵਿੱਚੋਂ ਅੰਮ੍ਰਿਤ ਛਕਾਉਣ ਦਾ ਹੁਕਮ ਹੈ।
ਜਥੇਦਾਰ ਹਵਾਰਾ ਕਮੇਟੀ ਦੇ ਆਗੂ ਐਡਵੋਕੇਟ ਅਮਰ ਸਿੰਘ ਚਾਹਲ, ਪ੍ਰੋਫੈਸਰ ਬਲਜਿੰਦਰ ਸਿੰਘ ਅਤੇ ਬਾਪੂ ਗੁਰਚਰਨ ਸਿੰਘ ਨੇ ਕਿਹਾ ਕਿ ਪੰਥ ਪ੍ਰਵਾਨਿਤ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਅਨੁਸਾਰ ਅੰਮ੍ਰਿਤ ਛਕਾਉਣ ਵੇਲੇ ਜਾਤੀ ਦੇ ਆਧਾਰ ਤੇ ਕਿਸੇ ਵੀ ਪ੍ਰਕਾਰ ਦਾ ਵਿਤਕਰਾ ਕਰਨ ਦੀ ਇਜਾਜ਼ਤ ਨਹੀਂ ਹੈ ਅਤੇ ਨਾ ਹੀ ਲੰਗਰ ਛਕਾਉਣ ਅਤੇ ਵਰਤਾਉਣ ਵਿੱਚ ਜਾਤੀ ਦਾ ਭੇਦ ਭਾਵ ਹੈ।
ਇਸ ਸ਼ਿਕਾਇਤ ਦਾ ਹੱਲ ਕਰਨ ਲਈ ਕਮੇਟੀ ਗਠਿਤ ਕਰਕੇ ਸਬੰਧਿਤ ਸੰਪਰਦਾਵਾਂ ਨਾਲ ਸੰਪਰਕ ਕੀਤਾ ਜਾਵੇਗਾ ਤਾਂ ਜੋ ਅੰਮ੍ਰਿਤ ਛਕਾਉਣ ਦੀ ਮਰਿਆਦਾ ਵਿੱਚ ਇੱਕਸਾਰਤਾ ਲਿਆਈ ਜਾ ਸਕੇ। ਉਨ੍ਹਾ ਕਿਹਾ ਕਿ ਵਿਸ਼ਵ ਦੇ ਸਿੱਖਾਂ ਲਈ ਵਰਲਡ ਸਿੱਖ ਪਾਰਲੀਮੈਂਟ ਸਾਂਝਾ ਮੰਚ ਹੈ। ਇਸਦੇ ਰਾਹੀਂ ਕੌਮੀ ਮਸਲੇ ਸੰਜੀਦਗੀ ਨਾਲ ਹੱਲ ਕੀਤੇ ਜਾ ਸਕਦੇ ਹਨ ਇਸ ਲਈ ਸਾਨੂੰ ਇਸਨੂੰ ਹੋਰ ਮਜ਼ਬੂਤ ਕਰਨ ਲਈ ਯਤਨ ਕਰਨੇ ਚਾਹੀਦੇ ਹਨ। ਨਿਹੰਗ ਸਿੰਘਾਂ ਨੇ ਇਹ ਮਸਲਾ ਵਰਲਡ ਸਿੱਖ ਪਾਰਲੀਮੈਂਟ ਕੋਲ ਵੀ ਰਖਿਆ ਹੈ।
ਪ੍ਰੈੱਸ ਕਾਨਫਰੰਸ ਵਿੱਚ ਹੋਰਨਾਂ ਤੋਂ ਇਲਾਵਾ ਗੁਰਜੰਟ ਸਿੰਘ ਪਟਿਆਲਾ, ਪ੍ਰਦੀਪ ਸਿੰਘ ਸੰਗਤਪੁਰ ਸੋਢੀਆਂ, ਜਥੇਦਾਰ ਬਾਬਾ ਕੁਲਵੰਤ ਸਿੰਘ ਸੋਢੀ, ਮੁਖੀ ਦਸ਼ਮੇਸ਼ ਤਰਨਾ ਦਲ, ਜਥੇਦਾਰ ਬਾਬਾ ਨਰੈਣ ਸਿੰਘ ਮੁੱਖੀ ਤਰਨਾ ਦੱਲ, ਜਥੇਦਾਰ ਸ਼ੇਰ ਸਿੰਘ ਸੋਢੀ ਮੁੱਖੀ ਤਰਨਾ ਦਲ ਲੁਧਿਆਣਾ, ਜਥੇਦਾਰ ਕੁਲਦੀਪ ਸਿੰਘ ਕੋਟਦੁਨਾ ੪ ਤਰਨਾ ਦਲ, ਕੁਲਦੀਪ ਸਿੰਘ ਦੁਬਾਲੀ, ਬਲਜੀਤ ਸਿੰਘ ਭਾਊ, ਜਸਵੰਤ ਸਿੰਘ ਸਿੱਧੂਪੁਰ, ਗੁਰਪ੍ਰੀਤ ਸਿੰਘ ਬੱਬਰ, ਮਹਾਂਬੀਰ ਸਿੰਘ ਸੁਲਤਾਨਵਿੰਡ, ਮਾਸਟਰ ਕਾਬਲ ਸਿੰਘ, ਇੰਦਰਜੀਤ ਸਿੰਘ, ਹਰਦੀਪ ਸਿੰਘ ਸਿੱਧੂਪੁਰ, ਹਰਪ੍ਰੀਤ ਸਿੰਘ, ਪਰਵਿੰਦਰ ਸਿੰਘ ਲਾਡੀ, ਗੁਰਜੰਟ ਸਿੰਘ, ਪਰਵਿੰਦਰ ਸਿੰਘ ਕਵੀਸ਼ਰ ਆਦਿ ਹਾਜ਼ਰ ਸਨ।