ਕੈਨੇਡਾ: ਓਮਾ ਗੁਰਬਖਸ਼ ਸਿੰਘ ਦੇ ਸਦੀਵੀਂ ਵਿਛੋੜੇ ਉਪਰ ਦੁੱਖ ਦਾ ਪ੍ਰਗਟਾਵਾ
ਹਰਦਮ ਮਾਨ
ਸਰੀ, 25 ਮਈ 2020-ਪੰਜਾਬੀ ਰੰਗਮੰਚ ਦੀ ਪਹਿਲੀ ਅਭਿਨੇਤਰੀ, ਇਪਟਾ ਪੰਜਾਬ ਦੇ ਮੁੱਢਲੇ ਅਤੇ ਸਰਗਰਮ ਕਾਰਕੁਨ ਓਮਾ ਗੁਰਬਖਸ਼ ਸਿੰਘ ਦੇ ਸਦੀਵੀ ਵਿਛੋੜੇ ਉਪਰ ਵੈਨਕੂਵਰ ਵਿਚਾਰ ਮੰਚ, ਗ਼ਜ਼ਲ ਮੰਚ ਸਰੀ ਅਤੇ ਵੈਨਕੂਵਰ ਦੇ ਲੇਖਕਾਂ, ਕਲਾਕਾਰਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਵੈਨਕੂਵਰ ਵਿਚਾਰ ਮੰਚ ਦੇ ਆਗੂ ਅਤੇ ਪ੍ਰਸਿੱਧ ਪੰਜਾਬੀ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਇਸ ਮੌਕੇ ਓਮਾ ਗੁਰਬਖਸ਼ ਸਿੰਘ ਨਾਲ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਅੱਜ ਬੇਸ਼ੱਕ ਪੰਜਾਬੀ ਥੀਏਟਰ ਸਿਖਰਾਂ ਛੋਹ ਰਿਹਾ ਹੈ, ਪਰ ਇਕ ਸਮਾਂ ਉਹ ਵੀ ਸੀ ਜਦੋਂ ਨਾਟਕਾਂ ਵਿਚ ਔਰਤਾਂ ਕਿਰਦਾਰ ਅਦਾ ਨਹੀਂ ਕਰਦੀਆਂ ਸਨ। ਥੀਏਟਰ ’ਚ ਲੜਕੀਆਂ ਦੀ ਆਮਦ ਦਾ ਸਿਹਰਾ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਬੇਟੀ ਓਮਾ ਗੁਰਬਖਸ਼ ਸਿੰਘ ਦੇ ਸਿਰ ਬੱਝਦਾ ਹੈ। ਉਨ੍ਹਾਂ ਨੂੰ ਤਾਅਨੇ ਮਿਹਣੇ ਵੀ ਸਹਿਣੇ ਪਏ ਪਰ ਉਹ ਅਡੋਲ ਰਹੇ ਅਤੇ ਆਪਣਾ ਹੌਸਲਾ ਬੁਲੰਦ ਰੱਖਿਆ। ਥੀਏਟਰ ਦੇ ਉਨ੍ਹਾਂ ਦਿਨਾਂ ਨੂੰ ਯਾਦ ਕਰਦੇ ਸਮੇਂ ਉਨ੍ਹਾਂ ਦੀ ਦਲੇਰੀ ਅਤੇ ਪ੍ਰਗਤੀਸ਼ੀਲ ਸੋਚ ਅੱਗੇ ਸਿਰ ਝੁਕ ਜਾਂਦਾ ਹੈ।
ਵੈਨਕੂਵਰ ਵਿਚਾਰ ਮੰਚ ਦੇ ਸ਼ਾਇਰ ਮੋਹਨ ਗਿੱਲ, ਜਰਨੈਲ ਸਿੰਘ ਆਰਟਿਸਟ, ਅੰਗਰੇਜ਼ ਸਿੰਘ ਬਰਾੜ, ਪਰਮਜੀਤ ਸਿੰਘ ਸੇਖੋਂ, ਗ਼ਜ਼ਲ ਮੰਚ ਸਰੀ ਦੇ ਪ੍ਰਧਾਨ ਅਤੇ ਪ੍ਰਸਿੱਧ ਗ਼ਜ਼ਲਗੋ ਜਸਵਿੰਦਰ, ਕ੍ਰਿਸ਼ਨ ਭਨੋਟ, ਇੰਦਰਜੀਤ ਧਾਮੀ, ਰਾਜਵੰਤ ਰਾਜ, ਹਰਦਮ ਸਿੰਘ ਮਾਨ, ਕਵਿੰਦਰ ਚਾਂਦ, ਦਵਿੰਦਰ ਗੌਤਮ, ਪ੍ਰੀਤ ਮਨਪ੍ਰੀਤ, ਦਸ਼ਮੇਸ਼ ਗਿੱਲ ਫਿਰੋਜ਼, ਗੁਰਦੀਪ ਆਰਟ ਅਕੈਡਮੀ ਸਰੀ ਦੇ ਗੁਰਦੀਪ ਭੁੱਲਰ ਨੇ ਵੀ ਓਮਾ ਗੁਰਬਖਸ਼ ਸਿੰਘ ਦੀ ਮੌਤ ਉਪਰ ਦੁੱਖ ਪ੍ਰਗਟ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਮੌਤ ਪੰਜਾਬੀਆਂ ਅਤੇ ਵਿਸ਼ੇਸ਼ ਕਰਕੇ ਪੰਜਾਬੀ ਥੀਏਟਰ ਲਈ ਬੇਹੱਦ ਦੁਖਦਾਈ ਹੈ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com