ਹਰਦਮ ਮਾਨ
ਸਰੀ, 24 ਮਈ 2020 - ਬੀਤੀ ਰਾਤ ਚਿਲੀਵੈਕ ਵਿਚ ਕ੍ਰਿਸਟਿਨਾ ਡ੍ਰਾਈਵ ਦੇ 46000 ਬਲਾਕ ਵਿੱਚ ਵਾਪਰੀ ਇਕ ਘਟਨਾ ਵਿਚ ਇਕ ਬੰਦੇ ਨੇ ਪੁਲਿਸ ਅਧਿਕਾਰੀਆਂ ਉਪਰ ਗੋਲੀ ਚਲਾ ਦਿੱਤੀ। ਇਸ ਉਪਰੰਤ ਪੁਲਿਸ ਦੀ ਐਮਰਜੈਂਸੀ ਰਿਸਪਾਂਸ ਟੀਮ, ਚਿਲੀਵੈਕ ਆਰਸੀਐਮਪੀ ਦੇ ਮੈਂਬਰ, ਆਰਸੀਐਮਪੀ ਐਮਰਜੈਂਸੀ ਨੈਗੋਸ਼ੀਏਟਰ ਅਤੇ ਏਅਰ ਵਨ ਸਮੇਤ ਪੁਲਿਸ ਵੱਡੀ ਗਿਣਤੀ ਵਿਚ ਘਟਨਾ ਸਥਾਨ ਤੇ ਪਹੁੰਚ ਗਈ, ਇਲਾਕੇ ਦੀ ਘੇਰਾਬੰਦੀ ਕਰ ਲਈ ਅਤੇ ਕ੍ਰਿਸਟੀਨਾ ਡਰਾਈਵ ਖੇਤਰ ਦੇ ਵਸਨੀਕਾਂ ਨੂੰ ਆਪਣੇ ਘਰਾਂ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ।
ਆਰ ਸੀ ਐਮ ਪੀ ਅਨੁਸਾਰ ਪੁਲਿਸ ਨੂੰ ਸ਼ਾਮ 9 ਵਜੇ ਸੂਚਨਾ ਮਿਲੀ ਕਿ ਇਕ ਘਰ ਵਿਚ ਇਕ ਆਦਮੀ ਪ੍ਰੇਸ਼ਾਨ ਕਰ ਰਿਹਾ ਹੈ। ਜਦੋਂ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਤਾਂ ਉਸ ਆਦਮੀ ਨੇ ਪੁਲਿਸ ਤੇ ਗੋਲੀ ਚਲਾ ਦਿੱਤੀ। ਸਥਿਤੀ ਗੰਭੀਰ ਬਣ ਗਈ ਪਰ ਪੁਲਿਸ ਨੇ ਇਸ ਘਟਨਾ ਨੂੰ ਸੁਰੱਖਿਅਤ ਢੰਗ ਨਾਲ ਨਿਬੇੜਨ ਲਈ ਕਾਰਵਾਈ ਅਰੰਭ ਕਰ ਦਿੱਤੀ।
ਆਰਸੀਐਮਪੀ ਨੇ ਅੱਜ ਸਵੇਰੇ ਕਿਹਾ ਕਿ ਚਿਲੀਵੈਕ ਵਿਚ ਸ਼ਨੀਵਾਰ ਰਾਤ ਨੂੰ ਪੁਲਿਸ ਅਫਸਰਾਂ ਉੱਤੇ ਇਕ ਬੰਦੇ ਵੱਲੋਂ ਕੀਤੀ ਗਈ ਫਾਇਰਿੰਗ ਦੀ ਘਟਨਾ ਸੁਲਝਾ ਲਈ ਗਈ ਹੈ ਅਤੇ ਹੁਣ ਲੋਕ ਆਪਣੇ ਘਰਾਂ ਚੋਂ ਨਿਕਲ ਸਕਦੇ ਹਨ, ਕੋਈ ਖ਼ਤਰਾ ਨਹੀਂ ਹੈ। ਇਸ ਘਟਨਾ ਵਿਚ ਕਿਸੇ ਦੇ ਜ਼ਖ਼ਮੀ ਹੋਣ ਸਬੰਧੀ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com