ਐਡਵੋਕੇਟ ਅਮਰਦੀਪ ਸਿੰਘ ਧਾਰਨੀ ਗੱਲਬਾਤ ਕਰਦੇ ਹੋਏ
ਦੀਦਾਰ ਗੁਰਨਾ
ਫਤਹਿਗੜ੍ਹ ਸਾਹਿਬ 24 ਮਈ : ਅਕਾਲੀ ਦਲ ਦੇ ਬੁਲਾਰੇ ਅਤੇ ਸੀਨੀਅਰ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਪੱਤਰਕਾਰਾਂ 'ਤੇ ਪਰਚੇ ਕਰਵਾਉਣ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ। ਸ. ਧਾਰਨੀ ਨੇ ਅੱਗੇ ਕਿਹਾ ਕਿ ਅਕਾਲੀ ਦਲ ਪੱਤਰਕਾਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਡੀਜੀਪੀ ਨੂੰ ਮਿਲੇਗਾ ਤਾਂ ਕਿ ਪੱਤਰਕਾਰ ਬੇਖ਼ੌਫ਼ ਤੇ ਨਿੱਡਰਤਾ ਨਾਲ ਆਪਣਾ ਕੰਮ ਕਰ ਸਕਣ ਕਿਉਂਕਿ ਪ੍ਰੈਸ ਲੋਕਤੰਤਰ ਦਾ ਅਨਿੱਖੜਵਾਂ ਅੰਗ ਹੈ ਜਿਸ 'ਤੇ ਸਮਾਜ ਨੂੰ ਬਹੁਤ ਸਾਰੀਆਂ ਉਮੀਦਾਂ ਹਨ ਜੇਕਰ ਕਿਸੇ ਵਿਅਕਤੀ ਦੀ ਕਿਧਰੇ ਵੀ ਸੁਣਵਾਈ ਨਹੀਂ ਹੁੰਦੀ ਤਾਂ ਆਖਰ ਵਿਅਕਤੀ ਨੂੰ ਪ੍ਰੈਸ ਦਾ ਸਹਾਰਾ ਲੈਣਾ ਪੈਂਦਾ ਹੈ ਤੇ ਪ੍ਰੈਸ ਮਾਮਲੇ ਨੂੰ ਉਜ਼ਾਗਰ ਕਰਕੇ ਸਰਕਾਰ ਤੇ ਪ੍ਰਸ਼ਾਸਨ ਤਕ ਪਹੁੰਚਾਉਂਦੀ ਹੈ। ਉਨ੍ਹਾਂ ਕਿਹਾ ਕਿ ਪ੍ਰੈਸ ਦਾ ਕੰਮ ਸਮਾਜ 'ਚ ਫ਼ੈਲੀਆਂ ਕੁਰੀਤੀਆਂ ਅਤੇ ਸਰਕਾਰ ਦੀਆਂ ਨਾਕਾਮੀਆਂ ਨੂੰ ਨਸ਼ਰ ਕਰਨਾ ਹੁੰਦਾ ਹੈ ਪਰ ਸਰਕਾਰ ਦੇ ਨੁਮਾਇੰਦੇ ਨਾਕਾਮੀਆਂ ਉਜ਼ਾਗਰ ਕਰਨ ਵਾਲੇ ਪੱਤਰਕਾਰਾਂ 'ਤੇ ਪਰਚੇ ਦਰਜ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਕਾਂਗਰਸ ਸੱਤਾ 'ਚ ਆਈ ਹੈ ਉਦੋਂ ਤੋਂ ਪ੍ਰੈਸ 'ਤੇ ਹਮਲੇ ਹੋ ਰਹੇ ਹਨ ਜੋ ਕਿ ਬਹੁਤ ਨਿੰਦਦਯੋਗ ਹਨ ਜਦਕਿ ਲੋਕਤੰਤਰ ਨੂੰ ਬਚਾਉਣ ਲਈ ਪ੍ਰੈਸ ਦਾ ਬਹੁਤ ਵੱਡਾ ਯੋਗਦਾਨ ਹੈ। ਸ. ਧਾਰਨੀ ਨੇ ਕਿਹਾ ਕਿ ਪ੍ਰਸ਼ਾਸਨ ਦੀ ਅਲੋਚਨਾ ਕਰਨ ਵਾਲੇ ਵਿਅਕਤੀ ਨਾਲ ਪ੍ਰਸ਼ਾਸਨ ਸਾਰਥਿਤ ਤਰੀਕੇ ਨਾਲ ਪੇਸ਼ ਆਉਣਾ ਚਾਹੀਦਾ ਹੈ ਅਤੇ ਅਲੋਚਨਾ ਕਰਨ ਵਾਲੇ ਵਿਅਕਤੀ ਨੂੰ ਅਣਗੌਲਿਆਂ ਕਰਨ ਦੀ ਬਜਾਏ ਅਲੋਚਨਾ ਸੁਣਨ ਦਾ ਮਾਦਾ ਰੱਖਣਾ ਚਾਹੀਦਾ ਹੈ।