ਅਸ਼ੋਕ ਵਰਮਾ
ਮਾਨਸਾ, 24 ਮਈ 2020 - ਤੇਜਾ ਸਿੰਘ ਸੁਤਤੰਰ ਭਵਨ ਵਿਖੇ ਸੀ.ਪੀ.ਆਈ. ਦੇ ਜਿਲਾ ਸਕੱਤਰ ਕਾਮਰੇਡ ਕਿ੍ਸ਼ਨ ਚੌਹਾਨ ,ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਅਤੇ ਸੀਪੀਆਈ ਦੇ ਸ਼ਹਿਰੀ ਸਕੱਤਰ ਰਤਨ ਭੋਲਾ ਦੀ ਅਗਵਾਈ ਹੇਠ ਗਦਰ ਲਹਿਰ ਦੇ ਨਾਇਕ ਸਹੀਦ ਕਰਤਾਰ ਸਿੰਘ ਸਰਾਭਾ ਦਾ 124ਵਾਂ ਜਨਮ ਦਿਨ ਮਨਾਇਆ ਗਿਆ।
ਇਸ ਸਮੇਂ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੰਗਰੇਜ ਹਕੂਮਤ ਦੇ ਖਿਲਾਫ ਅਤੇ ਦੇਸ਼ ਦੀ ਅਜਾਦੀ ਲਈ ਨੌਜਵਾਨ ਕਰਤਾਰ ਸਿੰਘ ਸਰਾਭਾ ਦੀ ਅਗਵਾਈ ਹੇਠ ਗਦਰ ਪਾਰਟੀ ਦਾ ਗਠਨ ਕਰਕੇ ਗੋਰਿਆਂ ਨੂੰ ਦੇਸ਼ ਵਿੱਚੋ ਕੱਢਣ ਲਈ ਸੰਘਰਸ਼ ਦੇ ਰਾਹ ਪਏ ਅਤੇ ਅਨੇਕਾਂ ਗਦਰੀ ਯੋਧਿਆਂ ਅਤੇ ਇਨਕਲਾਬੀਆਂ ਨੇ ਕੁਰਬਾਨੀਆਂ ਕੀਤੀਆਂ । ਉਨਾਂ ਦੱਸਿਆ ਕਿ 17 ਸਾਲਾ ਨੌਜਵਾਨ ਸਰਾਭਾ ਦੇਸ਼ ਦੀ ਦੀ ਅਜਾਦੀ, ਮਾੜੇ ਰਾਜਨੀਤਕ ਪ੍ਰਬੰਧ ਸਿੱਖਿਆ,ਸਿਹਤ ਅਤੇ ਰੁਜਗਾਰ ਦੀ ਮੰਗ ਕਰ ਰਹੇ ਸਨ।
ਉਨਾਂ ਆਖਿਆ ਕਿ ਅੱਜ ਵੀ ਸ਼ਹੀਦਾਂ ਦੇ ਨਕਸ਼ੇਕਦਮ 'ਤੇ ਚੱਲਦਿਆਂ ਨੌਜਵਾਨ ਵਰਗ ਅਤੇ ਸਮਾਜ ਨੂੰ ਲੁੱਟਣ ਵਾਲੀ ਜਮਾਤ, ਭਾਈਚਾਰਕ ਵੰਡ ਪਾਉਣ ਵਾਲੇ ਰਾਜਨੀਤਕ ਢਾਂਚੇ ਖਿਲਾਫ ਅਤੇ ਸਮਾਜਿਕ ਬਰਾਬਰਤਾ ਲਈ ਦੂਸਰੀ ਅਜਾਦੀ ਵਿੱਚ ਕੁੱਦਣ ਲਈ ਸਾਮਰਾਜੀ ਤਾਕਤਾਂ ਵਿਰੁੱਧ ਸੰਘਰਸ਼ ਦਾ ਰਸਤਾ ਅਖਤਿਆਰ ਕਰਨਾ ਚਾਹੀਦਾ ਹੈ । ਇਸ ਸਮੇਂ ਕਾਕਾ ਸਿੰਘ, ਗੁਲਾਬ ਸਿੰਘ ਅਤੇ ਹਰਮਨ ਸਿੰਘ ਆਦਿ ਵੀ ਮੌਜੂਦ ਸਨ।