ਦਿਨੇਸ਼
ਗੁਰਦਾਸਪੁਰ, 23 ਮਈ 2020 - ਆਪਣਾ ਅਤੇ ਆਪਣੇ ਪਰਿਵਾਰ ਦਾ ਭਵਿੱਖ ਸੰਵਾਰਨ ਲਈ ਗੁਰਦਾਸਪੁਰ ਦੇ ਪਿੰਡ ਜੌਹਲ ਨੰਗਲ ਦਾ ਰਹਿਣ ਵਾਲਾ ਸਵਾਰ ਗਿਆ ਛੋਟਾ ਜ਼ਿਮੀਂਦਾਰ ਨੌਜਵਾਨ ਆਪਣੀ ਬਿਮਾਰੀ ਕਾਰਨ ਉੱਥੇ ਫਸ ਕੇ ਰਹਿ ਗਿਆ ਹੈ। ਨੌਜਵਾਨ ਵੱਲੋਂ ਬਾਕਾਇਦਾ ਇੱਕ ਵੀਡੀਓ ਜਾਰੀ ਕਰ ਕੇ ਆਪਣੀ ਸਰੀਰਕ ਹਾਲਤ ਬਿਆਨ ਕੀਤੀ ਗਈ ਅਤੇ ਵੀਡੀਓ ਦੀ ਪੜਤਾਲ ਦੌਰਾਨ ਨੌਜਵਾਨ ਦੀ ਹਰੇਕ ਗੱਲ ਸੱਚ ਪਈ ਗਈ।
ਵੀਡੀਓ ਮੁਤਾਬਿਕ ਨੌਜਵਾਨ ਦਾ ਕਹਿਣਾ ਸੀ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਹੈ ਅਤੇ ਕੁਵੈਤ ਦੇ ਡਾਕਟਰਾਂ ਨੂੰ ਉਸ ਦੀ ਬਿਮਾਰੀ ਬਾਰੇ ਸਮਝ ਨਹੀਂ ਲੱਗ ਰਹੀ ਅਤੇ ਡਾਕਟਰਾਂ ਮੁਤਾਬਿਕ ਉਸ ਦੀ ਜਾਨ ਬਚਾਉਣ ਲਈ ਉਸ ਦਾ ਇੱਕ ਪੈਰ ਕੱਟਣਾ ਬਹੁਤ ਜ਼ਰੂਰੀ ਹੈ। ਜਦੋਂ ਕਿ ਨੌਜਵਾਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਕੁਵੈਤ ਦੇ ਡਾਕਟਰਾਂ ਨੂੰ ਉਸ ਦੀ ਬਿਮਾਰੀ ਬਾਰੇ ਸਮਝ ਨਹੀਂ ਲੱਗ ਰਹੀ ਅਤੇ ਜੇਕਰ ਉਸ ਨੂੰ ਭਾਰਤ ਵਾਪਸ ਬੁਲਾ ਲਿਆ ਜਾਵੇ ਤਾਂ ਉਹ ਆਪਣਾ ਸਹੀ ਤਰੀਕੇ ਨਾਲ ਇਲਾਜ ਕਰਵਾ ਸਕਦਾ ਹੈ ਅਤੇ ਨਾਲ ਹੀ ਉਸ ਦਾ ਪੈਰ ਵੀ ਕੱਟੇ ਜਾਣੋ ਬਚ ਸਕਦਾ ਹੈ।
ਵਧੇਰੇ ਜਾਣਕਾਰੀ ਦਿੰਦਿਆਂ ਜਸਬੀਰ ਸਿੰਘ ਦੀ ਪਤਨੀ ਹਰਮਨਦੀਪ ਕੌਰ ਅਤੇ ਬਜ਼ੁਰਗ ਪਿਤਾ ਕਰਤਾਰ ਸਿੰਘ ਵਾਸੀ ਪਿੰਡ ਜੌਹਲ ਨੰਗਲ ਨੇ ਦੱਸਿਆ ਕਿ ਉਨ੍ਹਾਂ ਕੋਲ ਬਹੁਤ ਥੋੜ੍ਹੀ ਵਾਹੀ ਯੋਗ ਜ਼ਮੀਨ ਹੈ ਅਤੇ ਜਸਬੀਰ ਸਿੰਘ ਉੱਪਰ ਦੋ ਛੋਟੇ ਛੋਟੇ ਬੱਚਿਆਂ ਦੇ ਨਾਲ ਨਾਲ ਪਤਨੀ ਅਤੇ ਬਜ਼ੁਰਗ ਹੋ ਚੁੱਕੇ ਪਿਤਾ ਦਾ ਵੀ ਭਾਰ ਹੈ। ਉਨ੍ਹਾਂ ਦੱਸਿਆ ਕਿ ਜਸਬੀਰ ਸਿੰਘ ਕਰੀਬ ਢਾਈ ਸਾਲ ਪਹਿਲਾਂ ਆਪਣੇ ਪਰਿਵਾਰ ਦਾ ਭਵਿੱਖ ਸੰਵਾਰਨ ਲਈ ਕੁਵੈਤ ਵਿਖੇ ਗਿਆ ਸੀ ਅਤੇ ਕਰੀਬ ਇੱਕ ਸਾਲ ਪਹਿਲਾਂ ਛੁੱਟੀ ਲੈ ਕੇ ਆਪਣੇ ਪਿੰਡ ਵੀ ਵਾਪਸ ਆਇਆ ਸੀ।
ਹਰਮਨਦੀਪ ਕੌਰ ਨੇ ਦੱਸਿਆ ਜਸਬੀਰ ਨੂੰ ਪਹਿਲਾਂ ਤੋਂ ਹੀ ਪੇਟ ਦੇ ਇਨਫੈਕਸ਼ਨ ਦੀ ਸ਼ਿਕਾਇਤ ਸੀ ਅਤੇ ਉਸ ਦਾ ਇਲਾਜ ਇੱਥੋਂ ਦੇ ਡਾਕਟਰ ਕੋਲ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਪਰਿਵਾਰ ਵੱਲੋਂ ਜਸਬੀਰ ਸਿੰਘ ਨੂੰ ਲਗਾਤਾਰ ਡਾਕ ਰਾਹੀਂ ਦਵਾਈ ਭੇਜੀ ਜਾਂਦੀ ਰਹੀ ਅਤੇ ਉਸ ਦੌਰਾਨ ਜਸਬੀਰ ਸਿੰਘ ਪੂਰੀ ਤਰਾਂ ਨਾਲ ਠੀਕ ਰਿਹਾ। ਪਰ ਦੋ ਮਹੀਨੇ ਪਹਿਲਾਂ ਦੇਸ਼ ਭਰ ਵਿਖੇ ਲਾਗੂ ਕੀਤੇ ਗਏ ਲਾਕ ਡਾਊਨ ਦੌਰਾਨ ਉਸ ਦਾ ਪਰਿਵਾਰ ਜਸਬੀਰ ਸਿੰਘ ਦੀ ਦਵਾਈ ਨਹੀਂ ਭੇਜ ਸਕਿਆ। ਇਸੇ ਦੌਰਾਨ ਦਵਾਈ ਨਾ ਖਾਣ ਕਾਰਨ ਉਸ ਦੀ ਬਿਮਾਰੀ ਵਧਣੀ ਸ਼ੁਰੂ ਹੋ ਗਈ ਅਤੇ ਉਸ ਦੇ ਪੈਰ ਨੂੰ ਖ਼ੂਨ ਪਹੁੰਚਾਉਣ ਵਾਲੀਆਂ ਨਾੜਾਂ ਬਲਾਕ ਹੋ ਗਈਆਂ। ਉਨ੍ਹਾਂ ਦੱਸਿਆ ਕਿ ਜਸਬੀਰ ਸਿੰਘ ਦਾ ਕੁਵੈਤ ਵਿਖੇ ਇਲਾਜ ਤਾਂ ਕਰਵਾਇਆ ਜਾ ਰਿਹਾ ਹੈ। ਪਰ ਉੱਥੋਂ ਦੇ ਡਾਕਟਰਾਂ ਨੂੰ ਉਸ ਦੀ ਬਿਮਾਰੀ ਸਬੰਧੀ ਸਮਝ ਨਹੀਂ ਲੱਗ ਰਹੀ ਅਤੇ ਉਨ੍ਹਾਂ ਵੱਲੋਂ ਜਸਬੀਰ ਸਿੰਘ ਦਾ ਪੈਰ ਕੱਟਣ ਦੀ ਗੱਲ ਕਹੀ ਜਾ ਰਹੀ ਹੈ। ਉਨ੍ਹਾਂ ਨੇ ਸੂਬਾ ਸਰਕਾਰ ਅਤੇ ਭਾਰਤ ਸਰਕਾਰ ਕੋਲੋਂ ਅਪੀਲ ਕੀਤੀ ਕਿ ਜਸਬੀਰ ਸਿੰਘ ਨੂੰ ਵਾਪਸ ਭਾਰਤ ਬੁਲਵਾਇਆ ਜਾਵੇ। ਤਾਂ ਜੋ ਉਸ ਦਾ ਸਹੀ ਇਲਾਜ ਕਰਵਾ ਕੇ ਉਸ ਨੂੰ ਮੁੜ ਤੋਂ ਤੰਦਰੁਸਤ ਬਣਾਇਆ ਜਾ ਸਕੇ।
ਉੱਥੇ ਦੂਜੇ ਪਾਸੇ ਪਿੰਡ ਦੇ ਸਾਬਕਾ ਸਰਪੰਚ ਸੁਖਦੇਵ ਸਿੰਘ ਨੇ ਦੱਸਿਆ ਕਿ ਜਸਬੀਰ ਸਿੰਘ ਦਾ ਪਰਿਵਾਰ ਬਹੁਤ ਗ਼ਰੀਬ ਹੈ ਅਤੇ ਪਿਤਾ ਵੀ ਬਹੁਤ ਬਜ਼ੁਰਗ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਜਸਬੀਰ ਸਿੰਘ ਦੇ ਘਰ ਵਿੱਚ ਉਸ ਦੀ ਪਤਨੀ, ਇੱਕ ਦੋ ਸਾਲ ਦਾ ਬੇਟਾ ਅਤੇ ਢਾਈ ਸਾਲ ਦੀ ਬੇਟੀ ਸਮੇਤ ਬਜ਼ੁਰਗ ਪਿਤਾ ਹਨ। ਉਨ੍ਹਾਂ ਦੱਸਿਆ ਕਿ ਇਸੇ ਪਰਿਵਾਰ ਦੇ ਖ਼ਰਚੇ ਅਤੇ ਜ਼ਮੀਨ ਦੀ ਘਾਟ ਕਾਰਨ ਜਸਬੀਰ ਸਿੰਘ ਦੁਬਈ ਵਿਖੇ ਗਿਆ ਸੀ। ਪਰ ਬਿਮਾਰੀ ਅਤੇ ਲਾਕਡਾਊਨ ਕਾਰਨ ਉਹ ਉੱਥੇ ਹੀ ਫਸ ਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਅਰਬ ਦੇਸ਼ਾਂ ਵਿਖੇ ਇਲਾਜ ਬਹੁਤ ਮਹਿੰਗਾ ਹੈ ਅਤੇ ਇਸੇ ਕਾਰਨ ਉੱਥੋਂ ਦੀਆਂ ਕੰਪਨੀਆਂ ਜਸਬੀਰ ਸਿੰਘ ਦਾ ਪੂਰਾ ਇਲਾਜ ਨਹੀਂ ਕਰਵਾ ਰਹੀਆਂ। ਇਸ ਲਈ ਪੰਜਾਬ ਅਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਸਬੀਰ ਸਿੰਘ ਨੂੰ ਜਲਦ ਤੋਂ ਜਲਦ ਵਾਪਸ ਭਾਰਤ ਬੁਲਾਇਆ ਜਾਵੇ। ਤਾਂ ਜੋ ਸਮਾਂ ਰਹਿੰਦਿਆਂ ਉਸ ਦਾ ਲੋੜੀਂਦਾ ਇਲਾਜ ਕਰਵਾਇਆ ਜਾ ਸਕੇ।