ਦਿਨੇਸ਼
ਗੁਰਦਾਸਪੁਰ, 23 ਮਈ 2020- ਕੋਰੋਨਾ ਬਿਮਾਰੀ ਕਾਰਨ ਜਿੱਥੇ ਪੂਰਾ ਵਿਸ਼ਵ ਪ੍ਰਭਾਵਿਤ ਹੁੰਦਾ ਵਿਖਾਈ ਦੇ ਰਿਹਾ ਹੈ। ਉੱਥੇ ਹੀ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਥਾਪਿਤ ਕੀਤਾ ਗਿਆ ਕਰਤਾਰਪੁਰ ਕਾਰੀਡੋਰ ਵੀ ਹੁਣ ਤੱਕ ਦੁਬਾਰਾ ਨਹੀਂ ਖੁੱਲ੍ਹ ਸਕਿਆ। ਕਿਉਂਕਿ ਕੋਰੋਨਾ ਬਿਮਾਰੀ ਦੇ ਭਾਰਤ ਅੰਦਰ ਪੈਰ ਪਸਾਰਨ ਦੌਰਾਨ ਭਾਰਤ ਸਰਕਾਰ ਵੱਲੋਂ ਬਾਕੀ ਸਾਰੇ ਬਾਡਰਾਂ ਦੇ ਨਾਲ ਨਾਲ ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਵਿਖੇ ਸਥਿਤ ਕਰਤਾਰਪੁਰ ਕਾਰੀਡੋਰ ਨੂੰ ਬੰਦ ਕਰਦਿਆਂ। ਇਸ ਯਾਤਰਾ ਦੀ ਰਜਿਸਟ੍ਰੇਸ਼ਨ ਅਤੇ ਯਾਤਰਾ ਸਬੰਧੀ ਅਣਮਿਥੇ ਸਮੇਂ ਲਈ ਰੋਕ ਲਗਾ ਦਿੱਤੀ ਗਈ ਸੀ।
ਹਾਲਾਂ ਕੀ ਭਾਰਤ ਵਿਖੇ ਇਹ ਜਨਤਕ ਕਰਫ਼ਿਊ 22 ਮਾਰਚ ਤੋਂ ਸ਼ੁਰੂ ਕੀਤਾ ਗਿਆ ਸੀ। ਪਰ ਕਰਤਾਰਪੁਰ ਕਾਰੀਡੋਰ ਨੂੰ 16 ਮਾਰਚ ਤੋਂ ਹੀ ਅਗਲੇ ਹੁਕਮਾਂ ਤੱਕ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਸਨ ਅਤੇ ਇਸ ਦੌਰਾਨ ਡੇਰਾ ਬਾਬਾ ਨਾਨਕ ਵਿਖੇ ਜ਼ੀਰੋ ਲਾਈਨ ਤੇ ਸਥਿਤ ਦੂਰਬੀਨਾਂ ਰਾਹੀਂ ਵੀ ਦਰਸ਼ਨਾਂ ਤੇ ਰੋਕ ਲਗਾ ਦਿੱਤੀ ਗਈ ਸੀ। ਮੌਜੂਦਾ ਹਾਲ ਇਹ ਹਨ ਕਿ ਇਸ ਸਮੇਂ ਕਰਤਾਰਪੁਰ ਕਾਰੀਡੋਰ ਵਿਖੇ ਸਿਰਫ਼ ਬੀ.ਐੱਸ.ਐਫ ਅਤੇ ਹੋਰ ਪ੍ਰਾਈਵੇਟ ਸੁਰੱਖਿਆ ਕੰਪਨੀਆਂ ਦੇ ਨੁਮਾਇੰਦੇ ਨਜ਼ਰ ਆ ਰਹੇ ਹਨ।
ਉੱਥੇ ਦੂਜੇ ਪਾਸੇ ਨਾਨਕ ਨਾਮ ਲੇਵਾ ਸੰਗਤ ਵੱਲੋਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ, ਕਿ ਇਸ ਕਾਰੀਡੋਰ ਨੂੰ ਜਿਨ੍ਹਾਂ ਜਲਦੀ ਹੋ ਸਕੇ ਉੱਨੀ ਜਲਦੀ ਖੋਲ੍ਹ ਦਿੱਤਾ ਜਾਵੇ। ਪਰ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਕਿ ਇਹ ਕਾਰੀਡੋਰ ਕਦੋਂ ਅਤੇ ਕਿਵੇਂ ਖੁੱਲ੍ਹਦਾ ਹੈ।
ਪੂਰੇ ਮਸਲੇ ਸਬੰਧੀ ਬਾਬਾ ਸੁਖਦੇਵ ਸਿੰਘ ਬੇਦੀ ( ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕੁਲ ਵਿੱਚੋਂ) ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਕਿਹਾ ਕਿ ਬੜੀ ਮੰਦਭਾਗੀ ਗੱਲ ਹੈ ਕਿ 72 ਸਾਲਾਂ ਬਾਦ ਖੁੱਲ੍ਹੇ ਕਰਤਾਰਪੁਰ ਕਾਰੀਡੋਰ ਨੂੰ ਕੋਰੋਨਾ ਬਿਮਾਰੀ ਕਾਰਨ ਬੰਦ ਕਰਨ ਦੀ ਨੌਬਤ ਆਈ ਹੈ। ਉਨ੍ਹਾਂ ਕਿਹਾ ਕਿ ਅਖ਼ਬਾਰਾਂ ਮੁਤਾਬਿਕ ਪਾਕਿਸਤਾਨ ਨੇ ਆਪਣੇ ਵਾਲੇ ਪਾਸਿਉਂ ਕਰਤਾਰਪੁਰ ਸਾਹਿਬ ਵਿਖੇ ਟਰੱਕ ਭਰ ਕੇ ਆਏ ਅਫਗਾਨੀ ਸਿੱਖਾਂ ਨੂੰ ਦਰਸ਼ਨ ਕਰਨ ਸਬੰਧੀ ਇਜਾਜ਼ਤ ਦੇ ਦਿੱਤੀ ਹੈ। ਤਾਂ ਭਾਰਤ ਸਰਕਾਰ ਵੀ ਕੋਰੋਨਾ ਸਬੰਧੀ ਕੋਈ ਢੁਕਵਾਂ ਹੱਲ ਲੱਭ ਕੇ ਕਰਤਾਰਪੁਰ ਕਾਰੀਡੋਰ ਨੂੰ ਮੁੜ ਤੋਂ ਸ਼ੁਰੂ ਕਰੇ।
ਉੱਥੇ ਦੂਜੇ ਪਾਸੇ ਡੇਰਾ ਬਾਬਾ ਨਾਨਕ ਦੇ ਰਹਿਣ ਵਾਲੇ ਗੁਰਕਿਰਪਾਲ ਸਿੰਘ ਸਮੇਤ ਬਾਕੀ ਸ਼ਰਧਾਲੂਆਂ ਨੇ ਕਿਹਾ ਕਿ ਭਾਵੇਂ ਕੋਰੋਨਾ ਬਿਮਾਰੀ ਫੈਲ ਰਹੀ ਹੈ। ਪਰ ਸਰਕਾਰਾਂ ਚਾਹੁਣ ਤਾਂ ਕੀ ਨਹੀਂ ਕਰ ਸਕਦੀਆਂ। ਉਨ੍ਹਾਂ ਕਿਹਾ ਕਿ ਜੇਕਰ ਭਾਰਤ ਪਾਕਿਸਤਾਨ ਦੇ ਆਪਸੀ ਨਾਜ਼ੁਕ ਸਬੰਧਾਂ ਦਰਮਿਆਨ ਕਰਤਾਰਪੁਰ ਕਾਰੀਡੋਰ ਖੋਲ੍ਹਿਆ ਜਾ ਸਕਦਾ ਹੈ। ਤਾਂ ਕੋਰੋਨਾ ਦਾ ਵੀ ਕੋਈ ਢੁਕਵਾਂ ਹੱਲ ਲੱਭ ਕੇ ਕਰਤਾਰਪੁਰ ਕਾਰੀਡੋਰ ਨੂੰ ਮੁੜ ਤੋਂ ਸ਼ੁਰੂ ਕਿਉਂ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਭਾਰਤ ਅਤੇ ਪਾਕਿਸਤਾਨ ਸਰਕਾਰ ਤੋਂ ਅਪੀਲ ਕੀਤੀ ਕੀ ਕਰਤਾਰਪੁਰ ਕਾਰੀਡੋਰ ਨੂੰ ਮੁੜ ਤੋਂ ਸ਼ੁਰੂ ਕੀਤਾ ਜਾਵੇ। ਤਾਂ ਜੋ ਨਾਨਕ ਨਾਮ ਲੇਵਾ ਸੰਗਤ ਆਪਣੇ ਵਿੱਛੜੇ ਗੁਰੂ ਧਾਮ ਦੇ ਮੁੜ ਤੋਂ ਖੁੱਲ੍ਹੇ ਦਰਸ਼ਨ ਦਿਹਾੜੇ ਕਰ ਸਕੇ।