ਪਟਿਆਲਾ, 21 ਮਈ 2020 - ਲੋਕ ਨਿਰਮਾਣ ਵਿਭਾਗ ਵਿੱਚ ਕੰਮ ਕਰਦੇ ਜੂਨੀਅਰ ਅਤੇ ਉੱਪ ਮੰਡਲ ਇੰਜੀਨੀਅਰਾਂ ਨੇ ਅੱਜ ਪਟਿਆਲਾ ਵਿਖੇ ਸਥਿਤ ਮੁੱਖ ਦਫਤਰ ਵਿਖੇ ਮਹਿਕਮੇ ਵਿੱਚ ਤੈਨਾਤ ਜੁਆਂਇੰਟ ਕੰਟਰੋਲਰ (ਵਿੱਤ ਅਤੇ ਲੇਖਾ) ਰਜਿੰਦਰ ਕੁਮਾਰ ਸੌਂਧੀ ਖਿਲਾਫ ਧਰਨਾ ਦੇ ਕੇ ਜਬਰਦਸਤ ਨਾਅਰੇਬਾਜੀ ਕੀਤੀ ਅਤੇ ਵਿਭਾਗ ਦੇ ਮੁੱਖ ਇੰਜੀਨੀਅਰ ਵਰਿੰਦਰਜੀਤ ਸਿੰਘ ਢੀਂਡਸਾ ਨੂੰ ਉਪਰੋਕਤ ਅਧਿਕਾਰੀ ਦੀਆਂ ਆਪਹੁਦਰੀਆਂ ਖਿਲਾਫ ਮੈਮੋਰੰਡਮ ਵੀ ਦਿੱਤਾ।
ਦਰਅਸਲ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਆਪਣੇ ਹੁਕਮਾਂ ਵਿੱਚ ਪੰਜਾਬ ਦੇ ਸਾਰੇ ਮਹਿਕਮਿਆਂ ਵਿੱਚ ਕੰਮ ਕਰਦੇ ਜੂਨੀਅਰ, ਸਹਾਇਕ ਅਤੇ ਉੱਪ ਮੰਡਲ ਇੰਜੀਨੀਅਰਾਂ ਨੂੰ 20/20/25 ਸਾਲਾ ਤਰੱਕੀ ਦੇ ਨਾਲ ਨਾਲ 4/9/14 ਦੀ ਤਰੱਕੀ ਦੇਣ ਦੇ ਹੁਕਮ ਕੀਤੇ ਸਨ। ਹੋਰ ਕਈ ਵਿਭਾਗਾਂ ਨੇ ਇਨ੍ਹਾਂ ਹੁਕਮਾਂ ਦੀ ਤਾਮੀਲ ਕਰਦਿਆਂ ਕਾਫੀ ਸਮਾਂ ਪਹਿਲਾਂ ਹੀ ਇੰਜੀਨੀਅਰਾਂ ਨੂੰ ਬਣਦੀ ਇੰਕਰੀਮੈਂਟ ਦੇ ਦਿੱਤੀ ਸੀ ਪਰ ਉਪਰੋਕਤ ਅਧਿਕਾਰੀ ਦੇ ਅੜੀਅਲ ਵਤੀਰੇ ਕਰਕੇ ਉਸ ਨੇ ਇਸ ਨੂੰ ਲੰਬਿਤ ਰੱਖਿਆ ਹੋਇਆ ਸੀ ਪਰ ਪ੍ਰਮੁੱਖ ਸਕੱਤਰ ਨੇ ਦਖਲਅੰਦਾਜੀ ਦੇ ਕੇਇਹ ਤਰੱਕੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਅਤੇ ਮੁੱਖ ਇੰਜੀਨੀਅਰ ਨੇ ਮਿਤੀ 17/04/20 ਨੂੰ ਸਾਰੇ ਪੰਜਾਬ ਲਈ ਪੱਤਰ ਜਾਰੀ ਕੀਤਾ ਕਿ ਤੁਰੰਤ ਪ੍ਰਭਾਵ ਇਸ ਇਨਕਰੀਮੈਂਟ ਦਾ ਲਾਭ ਦਿੱਤਾ ਜਾਵੇ।
ਜੁਆਂਇੰਟ ਕੰਟਰੋਲਰ ਜੋ ਮੁੱਖ ਇੰਜੀਨੀਅਰ ਦੇ ਅਧੀਨ ਆਉਂਦਾ ਹੈ ਉਸ ਨੇ ਆਪਣੇ ਲੈਵਲ ਤੇ ਪ੍ਰਮੁੱਖ ਸਕੱਤਰ ਅਤੇ ਮੁੱਖ ਇੰਜੀਨੀਅਰ ਦੇ ਕੀਤੇ ਹੁਕਮਾਂ ਨੂੰ ਉਲੱਦਣ ਦੀ ਕੋਸ਼ਿਸ਼ ਕਰਦਿਆਂ ਸਾਰੇ ਪੰਜਾਬ ਦੇ ਨਿਗਰਾਨ ਇੰਜੀਨੀਅਰਾਂ ਨੂੰ ਲਿਖ ਦਿੱਤਾ ਕਿ ਸੀਨੀਅਰ ਅਧਿਕਾਰੀਆਂ ਦੇ ਹੁਕਮ ਨਾ ਮੰਨੇ ਜਾਣ। ਇਸ ਤਰਾਂ ਉਸ ਨੇ ਸਿਵਲ ਸਰਵਸਿਜ ਨਿਯਮਾਂ ਦੀ ਉਲੰਘਣਾ ਤਾਂ ਕੀਤੀ ਹੀ ਅਤੇ ਨਾਲ ਹੀ ਮਹਿਕਮੇ ਲਈ ਸੰਵਿਧਾਨਿਕ ਸੰਕਟ ਖੜਾ ਕਰ ਦਿੱਤਾ। ਇਸ ਲਈ ਅੱਜ ਇੰਜੀਨੀਅਰਾਂ ਨੂੰ ਧਰਨਾ ਲਾਉਣ ਲਈ ਮਜ਼ਬੂਰ ਹੋਣਾ ਪਿਆ।
ਇਸ ਮੌਕੇ ਮੁੱਖ ਇੰਜੀਨੀਅਰ ਵਰਿੰਦਰਜੀਤ ਸਿੰਘ ਢੀਂਡਸਾ ਨੇ ਤੁਰੰਤ ਕਾਰਵਾਈ ਕਰਦਿਆਂ ਮੁੱਖ ਦਫਤਰ ਦੇ ਸਾਰੇ ਅਧਿਕਾਰੀਆਂ ਨੂੰ ਤਾੜਨਾ ਪੱਤਰ ਜਾਰੀ ਕੀਤਾ ਕਿ ਉਹ ਆਪਣੇ ਪੱਧਰ ਤੇ ਫੀਲਡ ਅਧਿਕਾਰੀਆਂ ਨੂੰ ਕੋਈ ਪੱਤਰ ਨਹੀ ਜਾਰੀ ਕਰਨਗੇ। ਉਨਾਂ ਵਫਦ ਨੂੰ ਭਰੋਸਾ ਦਵਾਇਆ ਕਿ ਇਸ ਅਧਿਕਾਰੀ ਵਿਰੁੱਧ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕਰਨ ਲਈ ਉਹ ਸਰਕਾਰ ਨੂੰ ਪੱਤਰ ਲਿਖਣਗੇ ਅਤੇ ਆਪਣੇ ਪੱਧਰ ਤੇ ਉਕਤ ਅਧਿਕਾਰੀ ਵੱਲੋਂ ਜੋ ਪੱਤਰ ਲਿਖਿਆ ਗਿਆ ਹੈ, ਉਸ ਸਬੰਧੀ ਵੀ ਜਲਦ ਹੀ ਯੋਗ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਜੀਤ ਸਿੰਘ ਪੀ ਡੀ ਰਾਣਾ ਭੁਪਿੰਦਰ ਸਿੰਘ ਗਿੱਲ ਅਤੇ ਜਸਵੰਤ ਸਿੰਘ ਗਰੇਵਾਲ ਆਦਿ ਵੀ ਹਾਜਰ ਸਨ।