ਮਨਿੰਦਰਜੀਤ ਸਿੱਧੂ
ਜੈਤੋ, 19 ਮਈ 2020 - ਕੋਰੋਨਾ ਵਾਇਰਸ ਦੇ ਚਲਦਿਆਂ ਕਰਫ਼ਿਊ ਲੱਗਣ ਕਾਰਨ ਲੋਕਾਂ ਨੂੰ ਸਿਹਤ ਸੇਵਾਵਾਂ ਲੈਣ ਲਈ ਵੀ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਕਰਫ਼ਿਊ ਕਾਰਨ ਲੋਕਾਂ ਦਾ ਪਿੰਡਾਂ ਵਿੱਚੋਂ ਬਾਹਰ ਨਿਕਲਣਾ ਮਨ੍ਹਾ ਸੀ ਜਿਸ ਕਰਕੇ ਉਨ੍ਹਾਂ ਨੂੰ ਦਵਾਈ ਵਗੈਰਾ ਲੈਣ ਵਿੱਚ ਕਾਫੀ ਮੁਸ਼ਕਿਲਾਂ ਆਈਆਂ। ਉਨ੍ਹਾਂ ਲਈ ਇਸ ਔਕੜ ਦੀ ਘੜੀ ਵਿੱਚ ਜੇਕਰ ਕੋਈ ਸਹਾਰਾ ਬਣਿਆ ਤਾਂ ਉਹ ਆਰ.ਐਮ.ਪੀ. ਡਾਕਟਰ ਸਨ ਇਹਨਾਂ ਸਬਦਾਂ ਦਾ ਪ੍ਰਗਟਾਵਾ ਜੈਤੋ ਹਲਕੇ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਆਰ.ਐਮ.ਪੀ. ਡਾਕਟਰਾਂ ਨੇ ਪਿੰਡ ਪੱਧਰ ਤੇ ਲੋਕਾਂ ਦੀ ਬਹੁਤ ਸੇਵਾ ਕੀਤੀ ਹੈ। ਵੈਸੇ ਵੀ ਸਾਡੇ ਸੂਬੇ ਵਿੱਚ ਸਿਹਤ ਸੇਵਾਵਾਂ ਦੀ ਕਮੀ ਨੂੰ ਪੂਰਾ ਕਰਨ ਲਈ ਆਰ.ਐੱਮ.ਪੀ. ਡਾਕਟਰਾਂ ਨੂੰ ਮਾਨਤਾ ਦੇਣ ਨਾਲ ਪੇਂਡੂ ਖੇਤਰ ਦੇ ਗਰੀਬ ਵਰਗ ਨੂੰ ਵੱਡਾ ਲਾਹਾ ਮਿਲ ਸਕਦਾ ਹੈ। ਇਹਨਾਂ ਡਾਕਟਰਾਂ ਤੱਕ ਗਰੀਬ ਬੰਦੇ ਦੀ ਪਹੁੰਚ ਆਸਾਨੀ ਨਾਲ ਹੋ ਜਾਂਦੀ ਹੈ ਅਤੇ ਇਲਾਜ ਅਤੇ ਦਵਾ ਦਾਰੂ ਦਾ ਖਰਚ ਵੀ ਜੇਬ ਦੇ ਝੱਲਣਯੋਗ ਹੁੰਦਾ ਹੈ।