ਮਨਿੰਦਰਜੀਤ ਸਿੱਧੂ
ਜੈਤੋ, 26 ਅਪ੍ਰੈਲ 2020 - ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਲਗਾਏ ਗਏ ਕਰਫ਼ਿਊ ਅੱਜ ਇੱਕ ਮਹੀਨੇ ਤੋਂ ਉੱਪਰ ਹੋ ਗਿਆ ਹੈ। ਕਰਫ਼ਿਊ ਦੇ ਚਲਦਿਆਂ ਲੋਕਾਂ ਦੇ ਕਾਰੋਬਾਰ ਪੂਰੀ ਤਰਾਂ ਨਾਲ ਠੱਪ ਹੋ ਗਏ ਹਨ ਇਹਨਾਂ ਸਬਦਾਂ ਦਾ ਪ੍ਰਗਟਾਵਾ ਜੈਤੋ ਹਲਕੇ ਤੋਂ ਯੂਥ ਅਕਾਲੀ ਆਗੂ ਅੰਕੁਸ਼ ਬਾਂਸਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਾਰ-ਵਾਰ ਮਕਾਨਾਂ ਅਤੇ ਦੁਕਾਨਾਂ ਦੇ ਮਾਲਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜੋ ਕਿਰਾਏਦਾਰ ਉਹਨਾਂ ਦੀ ਦੁਕਾਨ ਵਿੱਚ ਕਿਰਾਏ ਉੱਪਰ ਬੈਠੇ ਹਨ ਉਹਨਾਂ ਦਾ ਕਿਰਾਇਆ ਮਾਫ਼ ਕਰਨ ਤਾਂ ਜੋ ਇਸ ਮੁਸ਼ਕਿਲ ਘੜੀ ਵਿੱਚ ਕਿਰਾਏਦਾਰਾਂ ਦਾ ਸਾਥ ਦਿੱਤਾ ਜਾ ਸਕੇ।
ਉਹਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਦੀ ਨੀਅਤ ਵਾਕਿਆ ਹੀ ਲੋਕਾਂ ਦੇ ਨਾਲ ਇਸ ਮੁਸ਼ਕਿਲ ਦੌਰ ਵਿੱਚ ਖੜਨਾ ਚਾਹੁੰਦੀ ਹੈ ਤਾਂ ਸਰਕਾਰ ਨੂੰ ਸਭ ਤੋਂ ਪਹਿਲਾਂ ਨਗਰ ਨਿਗਮ ਜਾਂ ਨਗਰ ਕੌਂਸਲ ਅਧੀਨ ਆਉਂਦੀਆਂ ਸਾਰੀਆਂ ਦੁਕਾਨਾਂ ਦਾ ਕਿਰਾਇਆ ਮਾਫ਼ ਕਰ ਦੇਣਾ ਚਾਹੀਦਾ ਹੈ। ਆਮ ਹੀ ਕਿਹਾ ਜਾਂਦਾ ਹੈ ਕਿ ਦੂਸਰੇ ਲੋਕਾਂ ਨੂੰ ਕੋਈ ਵੀ ਸਲਾਹ ਜੇਕਰ ਦੇਣੀ ਹੋਵੇ ਤਾਂ ਪਹਿਲਾਂ ਉਸਨੂੰ ਆਪਣੇ ਉੱਪਰ ਲਾਗੂ ਕਰਨਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਪੰਜਾਬ ਵਿੱਚ ਬਹੁਤੇ ਦੁਕਾਨਦਾਰਾਂ ਦਾ ਹਾਲ ਵੀ ਦਿਹਾੜੀਦਾਰ ਮਜ਼ਦੂਰਾਂ ਵਰਗਾ ਹੀ ਹੁੰਦਾ ਹੈ। ਉਹਨਾਂ ਦਾ ਗੁਜਾਰਾ ਜੋ ਉਹ ਆਪਣੀ ਦੁਕਾਨ ਵਿੱਚੋਂ ਰੋਜ ਕਮਾਉਂਦੇ ਹਨ ਉਸ ਕਮਾਈ ਦੇ ਆਸਰੇ ਹੀ ਹੁੰਦਾ ਹੈ। ਪੰਜਾਬ ਸਰਕਾਰ ਨੂੰ ਇਸ ਮੌਕੇ ਆਪਣੇ ਲੋਕਾਂ ਨਾਲ ਖੜਨਾ ਚਾਹੀਦਾ ਹੈ ਅਤੇ ਪਹਿਲਕਦਮੀ ਕਰਦੇ ਹੋਏ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀ ਮਲਕੀਅਤ ਵਾਲੀਆਂ ਸਾਰੀਆਂ ਵਪਾਰਕ ਦੁਕਾਨਾਂ ਜੋ ਜਨਤਾ ਨੂੰ ਕਿਰਾਏ ਤੇ ਦਿੱਤੀਆਂ ਹੋਈਆਂ ਹਨ ਦਾ ਕਿਰਾਇਆ ਮਾਫ਼ ਦੇਣਾ ਚਾਹੀਦਾ ਹੈ।