ਲੋੜਵੰਦ ਲੋਕਾਂ ਨੂੰ ਖ਼ੁਦ ਰਾਸ਼ਣ ਵੰਡਦੇ ਹੋਏ ਐੱਸ.ਪੀ ਮਨਜੀਤ ਸਿੰਘ ਬਰਾੜ ਅਤੇ ਉਹਨਾਂ ਦੀ ਟੀਮ
ਦੀਦਾਰ ਗੁਰਨਾ/ਜਸਪਾਲ ਨਿੱਝਰ
ਮਲੇਰਕੋਟਲਾ, 1 ਅਪ੍ਰੈਲ 2020: ਕਰੋਨਾ ਵਾਇਰਸ ਕਾਰਨ ਸਾਰੀ ਦੁਨੀਆ ਵਿੱਚ ਹਾਹਾਕਾਰ ਮਚੀ ਪਈ ਹੈ ਪਰ ਭਾਰਤ ਵਰਗੇ ਦੇਸ਼ ਵਿੱਚ ਗ਼ਰੀਬੀ ਕਾਰਨ ਮਜ਼ਦੂਰਾਂ ਨੂੰ ਕਰੋਨਾ ਨਾਲ਼ੋਂ ਦੋ ਵਖਤ ਦੀ ਰੋਟੀ ਦਾ ਜ਼ਿਆਦਾ ਫ਼ਿਕਰ ਹੈ। ਮਜ਼ਦੂਰਾਂ ਅਤੇ ਲੋੜਵੰਦਾਂ ਦੇ ਇਸ ਫ਼ਿਕਰ ਨੂੰ ਦੂਰ ਕਰਨ ਲਈ ਜਿੱਥੇ ਧਾਰਮਿਕ ਅਦਾਰੇ ਅਤੇ ਸਮਾਜ ਸੇਵੀ ਸੰਸਥਾਵਾਂ ਸਰਗਰਮ ਹਨ ਉੱਥੇ ਹੀ ਪੰਜਾਬ ਪੁਲਿਸ ਵੀ ਆਪਣੇ ਵੱਲੋਂ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਕਿ ਲੋਕਾਂ ਨੂੰ ਐਮਰਜੈਂਸੀ ਸਹੂਲਤਾਂ ਦੇਣ ਦੇ ਨਾਲ਼ ਨਾਲ਼ ਕਰੋਨਾ ਤੋਂ ਸੁਰੱਖਿਅਤ ਕਿਵੇਂ ਰੱਖਿਆ ਜਾ ਸਕੇ ਇਸ ਲਈ ਸਰਗਰਮ ਭੂਮਿਕਾ ਨਿਭਾ ਰਹੀ ਹੈ।
ਮਲੇਰਕੋਟਲਾ ਦੇ ਵਿੱਚ ਵੀ ਐੱਸ.ਐੱਸ.ਪੀ ਸੰਦੀਪ ਗਰਗ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਐੱਸ.ਪੀ ਮਨਜੀਤ ਸਿੰਘ ਬਰਾੜ ਦੀ ਅਗਵਾਈ ਵਿੱਚ ਪੁਲਿਸ ਲੋਕਾਂ ਦੀ ਸਹੂਲਤ ਵਾਸਤੇ ਕਾਫ਼ੀ ਸਰਗਰਮ ਜਾਪਦੀ ਹੈ।
ਬਾਬੂਸ਼ਾਹੀ ਦੇ ਪੱਤਰਕਾਰ ਨਾਲ਼ ਗੱਲ ਕਰਦਿਆਂ ਐੱਸ.ਪੀ ਮਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਕੁੱਝ ਸਮਾਜ ਸੇਵਕਾਂ ਦੀ ਮਦਦ ਨਾਲ਼ ਮਲੇਰਕੋਟਲਾ ਦੇ ਵਿੱਚ ਹੁਣ ਤੱਕ ਕਈ ਥਾਵਾਂ ਤੇ 25 ਕਿੱਲੋ ਦੀ ਰਾਸ਼ਨ ਦੀ ਕਿੱਟ ਵੰਡੀ ਗਈ ਹੈ। ਜ਼ਿਕਰਯੋਗ ਹੈ ਕਿ 25 ਕਿੱਲੋ ਦੀ ਰਾਸ਼ਨ ਦੀ ਇਹ ਕਿੱਟ ਔਸਤਨ ਵੰਡੀਆਂ ਜਾ ਰਹੀਆਂ ਕਿੱਟਾਂ ਨਾਲ਼ੋਂ ਕਾਫ਼ੀ ਜ਼ਿਆਦਾ ਹੈ ਤੇ ਇਸ ਕਿੱਟ ਵਿੱਚ ਖਾਣ-ਪੀਣ ਦੀਆਂ ਸਾਰੀਆਂ ਜ਼ਰੂਰੀ ਚੀਜ਼ਾਂ ਮੌਜੂਦ ਹਨ ਜਿਵੇਂ ਕਿ ਆਟਾ, ਦਾਲ਼, ਤੇਲ, ਘਿਉ, ਮਸਾਲੇ ਨਮਕ ਆਦਿ।
ਇਸ ਤੋਂ ਇਲਾਵਾ ਸੁਰੱਖਿਆ ਨੂੰ ਮੁੱਖ ਰੱਖਦਿਆਂ ਹੋਇਆਂ ਅਤੇ ਲੋਕਾਂ ਦੇ ਮਨਾਂ ਚੋਂ ਡਰ ਕੱਢਣ ਲਈ ਮਲੇਰਕੋਟਲਾ ਅਧੀਨ ਸੇਵਾ ਨਿਭਾਅ ਰਹੇ ਪੁਲਿਸ ਮੁਲਾਜ਼ਮਾਂ ਦੀ ਮੈਡੀਕਲ ਜਾਂਚ ਵੀ ਕਰਵਾਈ ਗਈ ਹੈ। ਇਸ ਤੋਂ ਇਲਾਵਾ ਇਹ ਪੁੱਛੇ ਜਾਣ ਤੇ ਕਿ ਕਾਲ਼ਾ ਬਜ਼ਾਰੀ ਅਤੇ ਅਫ਼ਵਾਹਾਂ ਨੂੰ ਠੱਲ੍ਹ ਪਾਉਣ ਲਈ ਪੁਲਿਸ ਕੀ ਕਰ ਰਹੀ ਹੈ ਤਾਂ ਜਵਾਬ ਵਿੱਚ ਐੱਸ.ਪੀ ਬਰਾੜ ਨੇ ਦੱਸਿਆ ਕਿ ਕਾਲ਼ਾ ਬਜ਼ਾਰੀ ਦਾ ਕੋਈ ਵੀ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਆਇਆ ਪਰ ਝੂਠੀ ਅਫ਼ਵਾਹ ਫੈਲਾਉਣ ਵਾਲੀ ਘਟਨਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਸਨੌਰ ਥਾਣੇ ਅਧੀਨ ਆਉਂਦੇ ਇਕ ਵਿਅਕਤੀ ਵੱਲੋਂ ਸੋਸ਼ਲ ਮੀਡੀਆ ਤੇ ਝੂਠੀ ਖ਼ਬਰ ਫੈਲਾ ਦਿੱਤੀ ਕਿ ਉਸ ਨੂੰ ਕਰੋਨਾ ਵਾਇਰਸ ਹੋ ਗਿਆ ਹੈ ਜਿਸ ਤੋਂ ਬਾਅਦ ਇਲਾਕੇ ਦਾ ਮਾਹੌਲ ਖੌਫਨੁਮਾ ਹੋ ਗਿਆ ਸੀ। ਪੁਲਸ ਨੇ ਫੁਰਤੀ ਨਾਲ਼ ਹਰਕਤ ਵਿੱਚ ਆ ਕੇ ਮਾਮਲੇ ਦੀ ਜਾਂਚ ਕਰ ਕੇ ਸਾਫ਼ ਕੀਤਾ ਕਿ ਇਹ ਮਹਿਜ਼ ਇੱਕ ਅਫ਼ਵਾਹ ਸੀ। ਸਖ਼ਤ ਕਾਰਵਾਈ ਕਰਦਿਆਂ ਪੁਲਿਸ ਨੇ ਉਸ ਵਿਅਕਤੀ ਖ਼ਿਲਾਫ਼ ਵੱਖ ਵੱਖ ਧਾਰਾਵਾਂ ਦੇ ਤਹਿਤ ਐੱਫ.ਆਈ.ਆਰ ਦਰਜ਼ ਕਰ ਦਿੱਤੀ। ਇਨ੍ਹਾਂ ਧਾਰਾਵਾਂ ਤਹਿਤ ਅਦਾਲਤ ਵਿੱਚ ਦੋਸ਼ੀ ਪਾਏ ਜਾਣ ਤੇ 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।
ਬਾਬੂਸ਼ਾਹੀ ਅਦਾਰਾ ਵੀ ਲੋਕਾਂ ਨੂੰ ਅਪੀਲ ਕਰਦਾ ਹੈ ਕਿ ਕਰਫ਼ਿਊ ਦੌਰਾਨ ਘਰਾਂ ਦੇ ਵਿੱਚ ਰਹਿ ਕੇ ਸਾਨੂੰ ਸਾਰਿਆਂ ਨੂੰ ਸਿਆਣੇ ਨਾਗਰਿਕ ਹੋਣ ਦਾ ਸਬੂਤ ਦੇਣਾ ਚਾਹੀਦਾ ਹੈ ਅਤੇ ਕਿਸੇ ਵੀ ਕਿਸਮ ਦੀ ਅਫ਼ਵਾਹ ਨਾ ਫੈਲਾ ਕੇ ਬੇਲੋੜੀ ਪਰੇਸ਼ਾਨੀ ਤੋਂ ਬਚਿਆ ਜਾ ਸਕਦਾ ਹੈ।