ਐੱਸ.ਐੱਸ.ਪੀ ਖੰਨਾ ਹਰਪ੍ਰੀਤ ਸਿੰਘ
ਦੀਦਾਰ ਗੁਰਨਾ/ਜਸਪਾਲ ਨਿੱਝਰ
ਖੰਨਾ, 30 ਮਾਰਚ : ਕਰੋਨਾ ਵਾਇਰਸ ਨੇ ਬੇਸ਼ੁਮਾਰ ਦੌਲਤ ਵਾਲ਼ੇ ਅਮੀਰ ਵਿਅਕਤੀ ਤੋਂ ਲੈ ਕੇ ਝੁੱਗੀ ਝੌਂਪੜੀ ਵਿੱਚ ਰਹਿ ਰਹੇ ਇਕ ਗ਼ਰੀਬ ਤੱਕ ਦੀ ਨੀਂਦ ਉਡਾ ਦਿੱਤੀ ਹੈ। ਇੱਥੋਂ ਤੱਕ ਕਿ ਬਾਬੂਸ਼ਾਹੀ ਦੇ ਪੱਤਰਕਾਰ ਨੂੰ ਕਿਸੇ ਨੇ ਦੱਸਿਆ ਕਿ ਕਰੋਨਾ ਵਾਇਰਸ ਅੱਜ ਕਲ ਸੁਪਨਿਆਂ ਦੇ ਵਿੱਚ ਆ ਕੇ ਵੀ ਡਰਾਉਣ ਲੱਗ ਪਿਆ ਹੈ। ਇਸ ਮਹਾਂਮਾਰੀ ਪ੍ਰਤੀ ਸਹੀ ਜਾਣਕਾਰੀ ਨਾ ਹੋਣ ਕਰਕੇ ਅਤੇ ਜਾਗਰੂਕਤਾ ਨਾ ਹੋਣ ਕਰਕੇ ਲੋਕਾਂ ਦੇ ਵਿੱਚ ਕਈ ਤਰਾਂ ਦੀਆਂ ਅਫ਼ਵਾਹਾਂ ਭੈਅ ਦੀ ਵਜ੍ਹਾ ਬਣ ਰਹੀਆਂ ਰਹੀਆਂ ਨੇ।
ਕਰਫ਼ਿਊ ਕਾਰਨ ਲੋਕ ਘਰਾਂ ਵਿੱਚ ਬੈਠਣ ਲਈ ਮਜਬੂਰ ਹਨ ਅਤੇ ਗ਼ਰੀਬ ਤੇ ਬੇਰੁਜ਼ਗਾਰ ਹੋ ਚੁੱਕਿਆ ਵਿਅਕਤੀ ਪ੍ਰਸ਼ਾਸਨ ਅਤੇ ਪੁਲਿਸ ਦੀ ਮਦਦ ਦੇ ਆਸਰੇ ਹੀ ਬੈਠਾ ਹੈ। "ਪੁਲਿਸ ਜ਼ਿਲ੍ਹਾ ਖੰਨਾ" ਵਿੱਚ, ਪੁਲਿਸ ਲੋਕਾਂ ਲਈ ਕੀ ਕੁਝ ਕਰ ਰਹੀ ਹੈ ਇਸ ਸਬੰਧੀ ਬਾਬੂਸ਼ਾਹੀ ਦੇ ਪੱਤਰਕਾਰ ਨੇ ਖੰਨਾ ਦੇ ਐੱਸ ਐੱਸ ਪੀ ਸ: ਹਰਪ੍ਰੀਤ ਸਿੰਘ ਨਾਲ਼ ਵਿਸ਼ੇਸ਼ ਗੱਲ-ਬਾਤ ਕੀਤੀ। ਐੱਸ.ਐੱਸ.ਪੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਕਰਫ਼ਿਊ ਲੱਗਣ ਤੋਂ ਲੈ ਕੇ ਹੁਣ ਤੱਕ ਖੰਨਾ ਪੁਲਿਸ ਵੱਲੋਂ ਕੁੱਝ ਸਮਾਜ ਸੇਵੀ ਸੰਸਥਾਵਾਂ ਦੀ ਮਦਦ ਨਾਲ਼ ਤਕਰੀਬਨ 7 ਹਜ਼ਾਰ ਵਿਅਕਤੀਆਂ ਨੂੰ ਸੁੱਕਾ ਰਾਸ਼ਨ ਵੰਡਿਆ ਜਾ ਚੁੱਕਾ ਹੈ ਅਤੇ ਅੱਗੇ ਵੀ ਤਕਰੀਬਨ 2500 ਲੋੜਵੰਦ ਲੋਕਾਂ ਨੂੰ ਸੁੱਕਾ ਰਾਸ਼ਨ ਦੇਣ ਦਾ ਟੀਚਾ ਮਿਥਿਆ ਹੈ।
ਐੱਸ.ਐੱਸ.ਪੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸੁੱਕੇ ਰਾਸ਼ਨ ਤੋਂ ਇਲਾਵਾ ਤਿਆਰ ਕੀਤੇ ਭੋਜਨ ਦਾ ਲੰਗਰ ਰੋਜ਼ਾਨਾ ਲੋੜਵੰਦ ਲੋਕਾਂ ਨੂੰ ਛਕਾਇਆ ਜਾ ਰਿਹਾ ਹੈ। ਲੋੜ ਮੁਤਾਬਿਕ ਮਾਸਕ ਤੇ ਸੈਨੇਟਾਈਜ਼ਰ ਵੀ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਐੱਸ.ਐੱਸ.ਪੀ ਹਰਪ੍ਰੀਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ "ਲੋਕਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਪੁਲਿਸ ਪ੍ਰਸ਼ਾਸਨ ਦਿਨ ਰਾਤ ਲੋਕਾਂ ਦੀ ਮਦਦ ਲਈ ਯਤਨਸ਼ੀਲ ਹੈ, ਲੋਕਾਂ ਨੂੰ ਕਰਫ਼ਿਊ ਦੀ ਪਾਲਣਾ ਕਰਦੇ ਹੋਏ ਘਰਾਂ ਦੇ ਅੰਦਰ ਰਹਿਣਾ ਚਾਹੀਦਾ ਹੈ ਤਾਂ ਜੋ ਪੁਲਿਸ ਹੋਰ ਬਿਹਤਰ ਤਰੀਕੇ ਨਾਲ਼ ਆਪਣੀ ਡਿਊਟੀ ਨਿਭਾ ਸਕੇ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਭਰੋਸਾ ਦਿੱਤਾ ਕਿ "ਖੰਨਾ ਦੇ ਵਿੱਚ ਕਿਸੇ ਨੂੰ ਵੀ ਭੁੱਖਾ ਨਹੀਂ ਰਹਿਣ ਦਿੱਤਾ ਜਾਵੇਗਾ" ਹਰ ਜ਼ਰੂਰਤਮੰਦ ਨੂੰ ਲੋੜ ਮੁਤਾਬਿਕ ਰਾਸ਼ਨ ਯਾ ਭੋਜਨ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਲਈ ਲੋਕ 112 ਨੰਬਰ ਤੇ ਕਾਲ ਕਰਕੇ ਆਪਣੀ ਸਮੱਸਿਆ ਦੱਸ ਸਕਦੇ ਨੇ, ਪੁਲਿਸ ਲੋਕਾਂ ਦੀ ਹਰ ਸੰਭਵ ਸਹਾਇਤਾ ਕਰੇਗੀ।
ਐੱਸ.ਐੱਸ.ਪੀ ਹਰਪ੍ਰੀਤ ਸਿੰਘ ਨੇ ਇਹ ਵੀ ਕਿਹਾ ਕਿ ਅਜਿਹੇ ਤਣਾਅ ਭਰੇ ਮਾਹੌਲ ਦੇ ਵਿੱਚ ਜਦੋਂ ਲੋਕ ਪਹਿਲਾਂ ਹੀ ਘਬਰਾਏ ਹੋਏ ਨੇ ਅਜਿਹੇ ਵਿੱਚ ਮੀਡੀਆ ਦੀ ਸਕਾਰਾਤਮਿਕ ਰਿਪੋਰਟਿੰਗ ਤੇ ਸਹੀ ਜਾਣਕਾਰੀ ਤਣਾਅ ਨੂੰ ਘੱਟ ਕਰਨ ਵਿੱਚ ਸਹਾਈ ਸਿੱਧ ਹੁੰਦੀ ਹੈ ਤੇ "ਬਾਬੂਸ਼ਾਹੀ" ਸਕਰਾਤਮਿਕ ਅਤੇ ਸਹੀ ਰਿਪੋਰਟਿੰਗ ਲਈ ਜਾਣਿਆਂ ਜਾਂਦਾ ਹੈ।
ਲੋੜਵੰਦਾਂ ਨੂੰ ਸੁੱਕਾ ਰਾਸ਼ਨ ਦਿੰਦੇ ਖੰਨਾ ਪੁਲਿਸ ਦੇ ਅਫਸਰ ਅਤੇ ਕਰਮਚਾਰੀ