ਡੀ.ਐੱਸ.ਪੀ.ਦਿਹਾਤੀ ਪਟਿਆਲਾ ਅਜੇਪਾਲ ਸਿੰਘ ਆਪਣੀ ਟੀਮ ਨਾਲ ਪਿੰਗਲਵਾੜੇ ਵਿੱਚ ਲੋਕਾਂ ਨੂੰ ਲੰਗਰ ਵੰਡਦੇ ਹੋਏ !
ਦੀਦਾਰ ਗੁਰਨਾ/ਜਸਪਾਲ ਨਿੱਝਰ
ਪਟਿਆਲਾ 28 ਮਾਰਚ : ਕੋਈ ਵੀ ਮੁਸੀਬਤ ਆਉਣ ਤੇ ਸਭ ਤੋਂ ਵੱਧ ਮਾੜਾ ਪ੍ਰਭਾਵ ਗ਼ਰੀਬ ਲੋਕਾਂ ਤੇ ਪੈਂਦਾ ਹੈ, ਕਿਉਂਕਿ ਗ਼ਰੀਬਾਂ ਕੋਲ਼ ਸਰਵਾਈਵ ਕਰਨ ਦੇ ਸਾਧਨ ਬਹੁਤ ਘੱਟ ਹੁੰਦੇ ਨੇ ਜਿਸ ਕਰਕੇ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਵਾਧੂ ਮੁਸੀਬਤਾਂ ਦਾ ਭਾਰ ਵੀ ਢੋਣਾ ਪੈਂਦਾ ਹੈ। ਦੁਨੀਆ ਦੇ ਨਾਲ਼ ਨਾਲ਼ ਭਾਰਤ ਅਤੇ ਪੰਜਾਬ 'ਚ ਕਰੋਨਾ ਵਾਇਰਸ ਦਾ ਮਾਰੂ ਪ੍ਰਭਾਵ ਕਈ ਪੱਖਾਂ ਨਾਲ਼ ਸਮਾਜ ਦੇ ਹਰ ਵਰਗ ਨੂੰ ਝੱਲਣਾ ਪੈ ਰਿਹਾ ਹੈ। ਪਰ ਇਸ ਵਾਇਰਸ ਕਾਰਨ ਗ਼ਰੀਬ ਲੋਕਾਂ ਨੂੰ ਵਾਇਰਸ ਦੀ ਚਿੰਤਾ ਘੱਟ ਸਤਾਅ ਰਹੀ ਹੈ ਤੇ ਆਪਣੇ ਨਾਲ਼ ਨਾਲ਼ ਆਪਣੇ ਪਰਿਵਾਰਾਂ ਦਾ ਢਿੱਡ ਕਿਵੇਂ ਭਰਨਾ ਹੈ ਇਸ ਸਵਾਲ ਦਾ ਜਵਾਬ ਗ਼ਰੀਬਾਂ ਲਈ ਕਰੋਨਾ ਨਾਲੋਂ ਵੀ ਜ਼ਿਆਦਾ ਔਖਾ ਹੈ। ਆਰਥਿਕ ਤੰਗੀ ਨਾਲ਼ ਜੂਝ ਰਹੀ ਪੰਜਾਬ ਸਰਕਾਰ ਭਾਵੇਂ ਕਈ ਤਰ੍ਹਾਂ ਦੇ ਐਲਾਨ ਕਰਕੇ ਲੋਕਾਂ ਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਚਿੰਤਾ ਗ੍ਰਸਤ ਤੇ ਅਫ਼ਵਾਹਾਂ ਦੇ ਜਾਲ਼ 'ਚ ਫਸੇ ਲੋਕ ਸਰਕਾਰ ਉੱਪਰ ਭਰੋਸਾ ਕਰਨ ਨੂੰ ਤਿਆਰ ਨਹੀਂ ਜਾਪ ਰਹੇ।
ਪਰ ਲੋਕਾਂ ਨੂੰ ਚਿੰਤਾ ਮੁਕਤ ਕਰਨ ਲਈ ਪਟਿਆਲਾ ਦੀ ਪੁਲਿਸ ਪੂਰੀ ਤਰ੍ਹਾਂ ਨਾਲ਼ ਸਰਗਰਮ ਜਾਪ ਰਹੀ ਹੈ। ਜਿਸ ਦੀ ਇਕ ਹੋਰ ਮਿਸਾਲ ਸਾਹਮਣੇ ਆਈ ਹੈ, ਡੀ.ਐੱਸ.ਪੀ.ਦਿਹਾਤੀ ਪਟਿਆਲਾ ਅਜੇਪਾਲ ਸਿੰਘ ਨੇ ਐੱਸ.ਐੱਸ.ਪੀ ਸ ਮਨਦੀਪ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਟਿਆਲਾ ਸ਼ਹਿਰ ਵਿੱਚ ਆਪਣੀ ਟੀਮ ਦੇ ਸਹਿਯੋਗ ਨਾਲ ਪਿੰਗਲਵਾੜੇ ਵਿੱਚ ਬਿਮਾਰ ਲੋਕਾਂ ਨੂੰ ਅਤੇ ਘਰ-ਘਰ ਜਾ ਕੇ ਸੁੱਕਾ ਰਾਸ਼ਨ ਵੰਡਣ ਦੇ ਨਾਲ਼ ਨਾਲ਼ ਭੁੱਖਿਆਂ ਨੂੰ ਤਿਆਰ ਕੀਤਾ ਭੋਜਨ ਵੀ ਛਕਾਇਆ। ਜਿਸ ਦੀ ਸ਼ਲਾਘਾ ਹੋਰਾਂ ਦੇ ਨਾਲ਼ ਨਾਲ਼ ਸਹਾਇਤਾ ਪ੍ਰਾਪਤ ਕਰਨ ਵਾਲ਼ਿਆਂ ਨੇ ਵੀ ਕੀਤੀ।
ਅਹਿਮ ਗੱਲ ਇਹ ਵੀ ਹੈ ਕਿ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖ ਕੇ ਲਾਏ ਗਏ ਕਰਫ਼ਿਊ ਕਾਰਨ ਪੁਲਿਸ ਵੱਲੋਂ ਕੀਤੀ ਗਈ ਸਖ਼ਤਾਈ ਕਾਰਨ ਲੋਕ ਮਨਾਂ ਅੰਦਰ ਪੁਲਿਸ ਪ੍ਰਤੀ ਗ਼ੁੱਸਾ ਵੀ ਮੌਜੂਦ ਸੀ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਤਰ੍ਹਾਂ ਲੋੜਵੰਦ ਲੋਕਾਂ ਦੀ ਸਹਾਇਤਾ ਕਰਨਾ ਇਹ ਸੰਕੇਤ ਵੀ ਦੇ ਰਿਹਾ ਹੈ ਕਿ ਲੋਕਾਂ ਨੂੰ ਸ਼ਾਂਤੀ ਨਾਲ਼ ਘਰਾਂ ਅੰਦਰ ਬੈਠ ਕੇ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਪੁਲਿਸ ਦੇ ਇਹੋ ਹੱਥ ਡੰਡਾ ਛੱਡ ਕੇ ਰਾਸ਼ਨ ਦੇ ਥੈਲੇ ਚੁੱਕ ਸਕਣ ਤੇ ਲੋੜਵੰਦ ਲੋਕਾਂ ਤੱਕ ਹਰ ਸੰਭਵ ਸਹਾਇਤਾ ਨਿਰਵਿਘਨ ਪਹੁੰਚਾਈ ਜਾ ਸਕੇ।