ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ,27 ਮਾਰਚ । ਕਰੋਨਾ ਤੋਂ ਬਚਾਓ ਲਈ ਦੇਸ਼ ’ਚ ਲਾਗੂ ਕੀਤੀ ਤਾਲਾਬੰਦੀ ਦੇ ਕਾਰਨ ਰੋਜ਼ ਦੀ ਰੋਜ਼ ਕਮਾ ਕੇ ਖਾਣ ਵਾਲੇ ਮਜ਼ਦੂਰ ਪਰਿਵਾਰਾਂ ਨੂੰ ਰੋਟੀ ਦੇ ਲਾਲੇ ਪੈਣ ਲੱਗੇ ਹਨ। ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਇਕੱਤਰ ਜਾਣਕਾਰੀ ਮੁਤਾਬਕ ਨਾ ਸਿਰਫ਼ ਖੇਤ ਮਜ਼ਦੂਰ ਘਰਾਂ ’ਚ ਰਾਸ਼ਨ ਤੇ ਜ਼ਰੂਰੀ ਲੋੜਾਂ ਦੀ ਭਾਰੀ ਕਮੀ ਪਾਈ ਜਾ ਰਹੀ ਹੈ ਸਗੋਂ ਪਿੰਡਾਂ ’ਚ ਪ੍ਰਚੂਨ ਦੇ ਦੁਕਾਨਦਾਰਾਂ ਕੋਲ ਵੀ ਸਮਾਨ ਖ਼ਤਮ ਹੋਣ ਨਾਲ ਮਜ਼ਦੂਰਾਂ ਨੂੰ ਹੋਰ ਵੀ ਭਾਰੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਛ ਸਿੰਘ ਸੇਵੇਵਾਲਾ ਤੇ ਜ਼ਿਲਾ ਸਕੱਤਰ ਤਰਸੇਮ ਸਿੰਘ ਖੁੰਡੇ ਹਲਾਲ ਨੇ ਦੱਸਿਆ ਕਿ ਪਿੰਡ ਖੁੰਡੇ ਹਲਾਲ ਦਾ ਮਜ਼ਦੂਰ ਜੱਗਾ ਸਿੰਘ ਜੋ ਆਪ ਅਧਰੰਗ ਦਾ ਮਰੀਜ਼ ਹੈ ਉਸਦੀ ਪਤਨੀ ਬਲਵਿੰਦਰ ਕੌਰ ਦਿਹਾੜੀ ਵਗੈਰਾ ਕਰਕੇ ਘਰ ਦਾ ਗੁਜ਼ਾਰਾ ਚਲਾਉਦੀ ਸੀ ਪਰ ਹੁਣ ਕੰਮ ’ਤੇ ਨਾ ਜਾਣ ਸਦਕਾ ਉਹਨਾਂ ਦੇ ਲਈ ਦੋ ਡੰਗ ਦੀ ਰੋਟੀ ਵੀ ਵੱਡਾ ਮਸਲਾ ਬਣ ਗਈ ਹੈ। ਜੱਗਾ ਸਿੰਘ ਦੀ ਭਾਵੇਂ ਪੈਨਸ਼ਨ ਤਾਂ ਲੱਗੀ ਹੈ ਪਰ ਬੈਂਕ ਬੰਦ ਹੋਣ ਕਾਰਨ ਉਹਨਾਂ ਪੈਸੇ ਕਢਾਉਣੇ ਮੁਸ਼ਕਲ ਹਨ। ਉਹਨਾਂ ਦੱਸਿਆ ਕਿ ਇਸੇ ਪਿੰਡ ਦੇ ਹਰਜਿੰਦਰ ਸਿੰਘ ਪੁੱਤਰ ਗੁਰਦਾਸ ਸਿੰਘ ਜਿਸਦੇ ਚਾਰ ਬੱਚੇ ਹਨ ਦੇ ਘਰ ਸਿਰਫ਼ ਆਟਾ ਹੀ ਬਚਿਆ ਹੈ ਨਾ ਖੰਡ-ਪੱਤੀ ਹੈ ਨਾ ਕੋਈ ਦਾਲ ਸਬਜ਼ੀ ਤੇ ਤੇਲ ਹੈ। ਸ਼ਮਿੰਦਰ ਸਿੰਘ ਪੁੱਤਰ ਸਤਪਾਲ ਸਿੰਘ ਦੇ ਪਰਿਵਾਰ ਦੀ ਹਾਲਤ ਵੀ ਇਹੀ ਹੈ। ਪਿੰਡ ਖੂਨਣ ਖੁਰਦ ਦੀ 65 ਸਾਲ ਦੀ ਮੁਖਤਿਆਰ ਕੌਰ ਜੋ ਆਪਣੇ ਮਾਨਸਿਕ ਰੋਗੀ ਤੇ ਪੋਲੀਓ ਦੇ ਸ਼ਿਕਾਰ ਪੁੱਤਰ ਸੀਰਾ ਸਿੰਘ ਨਾਲ ਰਹਿੰਦੀ ਹੈ ਅਤੇ ਲੋਕਾਂ ਦੇ ਘਰਾਂ ’ਚ ਗੋਹਾ ਕੂੜਾ ਕਰਕੇ ਤੇ ਦਿਹਾੜੀ ਕਰਕੇ ਡੰਗ ਸਾਰਦੀ ਹੈ ਹੁਣ ਘਰੇ ਬੈਠੀ ਹੈ ਜਿਸ ਕਾਰਨ ਉਹਨਾਂ ਦੇ ਘਰ ਵੀ ਖਾਣ ਲਈ ਕੁੱਝ ਨਹੀਂ ਬਚਿਆ। ਅਜਿਹੀ ਹਾਲਤ ਦੋ ਚਾਰ ਪਰਿਵਾਰਾਂ ਦੀ ਨਹੀਂ ਸਗੋਂ ਸੂਬੇ ਦੇ ਲੱਖਾਂ ਖੇਤ ਮਜ਼ਦੂਰ ਤੇ ਸ਼ਹਿਰੀ ਮਜ਼ਦੂਰ ਪਰਿਵਾਰ ਇਸ ਬਦਤਰ ਹਾਲਤ ’ਚੋਂ ਲੰਘ ਰਹੇ ਹਨ। ਮਜ਼ਦੂਰ ਆਗੂਆਂ ਨੇ ਆਖਿਆ ਕਿ ਸਰਕਾਰ ਘਰ-ਘਰ ਰਾਸ਼ਨ ਦੀ ਸਪਲਾਈ ਦੇ ਵਾਅਦੇ ਤਾਂ ਕਰ ਰਹੀ ਹੈ ਪ੍ਰੰਤੂ ਜਮੀਨੀ ਹਕੀਕਤਾਂ ਇਸ ਤੋਂ ਪੂਰੀ ਤਰਾਂ ਉਲਟ ਹਨ। ਇਸ ਖੇਤਰ ਦੇ ਕਿਸੇ ਵੀ ਪਿੰਡ ’ਚ ਸਰਕਾਰੀ ਰਾਸ਼ਨ ਦੀ ਸਪਲਾਈ ਨਹੀਂ ਪਹੁੰਚ ਰਹੀ। ਉਹਨਾਂ ਦੱਸਿਆ ਕਿ ਖੂਨਣ ਖੁਰਦ ਦੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਉੱਥੋਂ ਦੇ ਮਜ਼ਦੂਰ ਆਗੂਆਂ ਵੱਲੋਂ ਵਾਰ-ਵਾਰ ਜ਼ਿਲਾ ਅਧਿਕਾਰੀਆਂ ਨੂੰ ਫੋਨ ਕਰਨ ਦੇ ਬਾਵਜੂਦ ਕਿਸੇ ਨੇ ਫੋਨ ਤੱਕ ਨਹੀਂ ਚੁੱਕਿਆ। ਸ਼੍ਰੀ ਸੇਵੇਵਾਲਾ ਨੇ ਦੱਸਿਆ ਕਿ ਫਰੀਦਕੋਟ ਦੇ ਪਿੰਡ ਨੰਗਲ ਦੇ 70 ਪਰਿਵਾਰਾਂ ਦੀ ਤਰਸਯੋਗ ਹਾਲਤ ਦਾ ਵੇਰਵਾ ਦੇ ਕੇ ਡਿਪਟੀ ਕਮਿਸ਼ਨਰ ਨੂੰ ਰਾਸ਼ਨ ਭੇਜਣ ਦੀ ਮੰਗ ਕਰਨ ਵਾਲੇ ਜ਼ਿਲਾ ਆਗੂਆਂ ਦੇ ਹੁਣ ਡੀ.ਸੀ. ਨੇ ਫੋਨ ਚੁੱਕਣੇ ਹੀ ਬੰਦ ਕਰ ਦਿੱਤੇ ਹਨ।
ਉਹਨਾਂ ਮੰਗ ਕੀਤੀ ਕਿ ਕਰਫਿੳੂੁ ਤੇ ਤਾਲਾਬੰਦੀ ਦੀ ਦੇ ਚਲਦਿਆਂ ਸਭਨਾਂ ਲੋਕਾਂ ਤੱਕ ਰਾਸ਼ਨ ਪੁਚਾਉਣਾ ਯਕੀਨੀ ਕੀਤਾ ਜਾਵੇ, ਕਰੋਨਾ ਪੀੜਤ ਮਰੀਜ਼ਾਂ ਦੀ ਭਾਲ ਕਰਨ, ਪਿੰਡਾਂ ਤੇ ਕਸਬਿਆਂ ’ਚ ਸਥਾਨਕ ਪੱਧਰਾਂ ’ਤੇ ਟੈਸਟਾਂ ਦਾ ਪ੍ਰਬੰਧ ਕਰਨ, ਮਰੀਜਾਂ ਦਾ ਇਲਾਜ ਕਰਨ ਅਤੇ ਹੰਗਾਮੀ ਹਾਲਤ ਨਾਲ ਨਜਿੱਠਣ ਲਈ ਵੱਡੀ ਪੱਧਰ ’ਤੇ ਡਾਕਟਰਾਂ ਤੇ ਪੈਰਾ ਮੈਡੀਕਲ ਸਟਾਫ਼ ਦੀ ਭਰਤੀ ਕਰਨ ਅਤੇ ਲੋੜੀਂਦਾ ਸਮੁੱਚਾ ਢਾਂਚਾ ਉਸਾਰਨ ਲਈ ਵੱਡੀ ਪੱਧਰ ’ਤੇ ਬਜਟ ਜਾਰੀ ਕੀਤੇ ਜਾਣ। ਕਰਫਿੳੂ ਤੇ ਤਾਲਾਬੰਦੀ ਦੌਰਾਨ ਗਰੀਬ ਲੋਕਾਂ ਦੇ ਰੋਟੀ ਪਾਣੀ ਅਤੇ ਹੋਰਨਾਂ ਜ਼ਰੂਰੀ ਲੋੜਾਂ ਦੀ ਪੂਰਤੀ ਨੂੰ ਯਕੀਨੀ ਬਣਾਉਣ ਲਈ ਫੰਡ ਜਾਰੀ ਕੀਤੇ ਜਾਣ। ਸਮੁੱਚੀਆਂ ਸਿਹਤ ਸੇਵਾਵਾਂ ਦਾ ਨਿੱਜੀਕਰਨ ਖਤਮ ਕਰਕੇ ਇਹਨਾਂ ਦਾ ਕੌਮੀਕਰਨ ਕੀਤਾ ਜਾਵੇ, ਸਮੁੱਚੇ ਮੈਡੀਕਲ ਸਟਾਫ਼ ਅਤੇ ਸਫ਼ਾਈ ਕਰਮਚਾਰੀਆਂ ਲਈ ਬਚਾਓ ਕਿੱਟਾਂ ਮੁਫ਼ਤ ਮਹੱਈਆ ਕਰਵਾਈਆਂ ਜਾਣ ਅਤੇ ਪੀੜਤਾਂ ਦਾ ਇਲਾਜ ਤੇ ਦੇਖ ਭਾਲ ਕਰਨ ਸਮੇਂ ਕਰੋਨਾਂ ਦੀ ਲਪੇਟ ’ਚ ਆਉਣ ਵਾਲੇ ਡਾਕਟਰਾਂ, ਸਟਾਫ਼ ਨਰਸਾਂ ਤੇ ਹੋਰਨਾਂ ਮੈਂਬਰਾਂ ਦਾ ਮੁਫ਼ਤ ਇਲਾਜ ਅਤੇ ਢੁੱਕਵੇਂ ਮੁਆਵਜ਼ੇ ਦਾ ਪ੍ਰਬੰਧ ਕੀਤਾ ਜਾਵੇ। ਇਸੇ ਤਰਾਂ ਕਰੋਨਾ ਕਾਰਨ ਮਰਨ ਵਾਲੇ ਵਿਅਕਤੀਆਂ ਦੇ ਵਾਰਸਾਂ ਨੂੰ ਵੀ ਮੁਆਵਜ਼ਾ ਦੇਣ ਦਾ ਪ੍ਰਬੰਧ ਕੀਤਾ ਜਾਵੇ। ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਦੀਆਂ ਗਲੀਆਂ ਤੇ ਘਰਾਂ ਨੂੰ ਕੀਟਾਣੂ ਮੁਕਤ ਕਰਨ ਲਈ ਵੱਡੀ ਪੱਧਰ ਕੀਟਾਣੂ ਰੋਧਕ ਛਿੜਕਾਅ ਕੀਤਾ ਜਾਵੇ। ਇਸ ਹੰਗਾਮੀ ਹਾਲਤ ਨੂੰ ਮੁੱਖ ਰੱਖਦੇ ਹੋਏ ਸੀ.ਏ.ਏ., ਐਨ.ਆਰ.ਸੀ. ਤੇ ਐਨ.ਪੀ.ਆਰ. ਰੱਦ ਕੀਤੀ ਜਾਵੇ।