- ਬੈਰੀਕੇਡ ਅੱਗੇ ਧੱਕਾ-ਮੁੱਕੀ
- ਮੁੱਖ-ਮੰਤਰੀ ਦੇ ਜਨਮਦਿਨ 'ਤੇ ਰੁਜ਼ਗਾਰ ਮੰਗ ਰਹੇ ਸਨ ਬੇਰੁਜ਼ਗਾਰ ਬੀਐੱਡ ਅਧਿਆਪਕ
ਪਟਿਆਲਾ, 12 ਮਾਰਚ 2020 - ਸੰਘਰਸ਼ਾਂ ਦੇ ਗੜ੍ਹ ਬਣੇ ਪਟਿਆਲਾ ਵਿਖੇ ਰੁਜ਼ਗਾਰ ਪ੍ਰਾਪਤੀ ਅਤੇ ਹੋਰ ਮੰਗਾਂ ਨੂੰ ਲੈ ਕੇ ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਵੱਲੋਂ ਮੋਤੀ-ਮਹਿਲ ਨੇੜੇ ਸੂਬਾਈ ਰੋਸ-ਪ੍ਰਦਰਸ਼ਨ ਕੀਤਾ ਗਿਆ। ਭਾਵੇਂ ਵਾਈ ਪੀ ਐੱਸ ਚੌਂਕ ਵਿੱਚ ਬੈਰੀਕੇਡ ਲਾ ਕੇ ਪੁਲਿਸ ਵੱਲੋਂ ਬੇਰੁਜ਼ਗਾਰ ਬੀਐੱਡ ਅਧਿਆਪਕਾਂ ਨੂੰ ਰੋਕ ਲਿਆ ਗਿਆ, ਪਰ ਬੈਰੀਕੇਡ ਅੱਗੇ ਬੇਰੁਜ਼ਗਾਰ ਅਧਿਆਪਕਾਂ ਨੇ ਜੰਮ ਕੇ ਨਾਅਰੇਬਾਜ਼ੀ ਕੀਤੀ, ਇਸ ਦੌਰਾਨ ਅੱਗੇ ਵਧਣ ਲਈ ਧੱਕਾ-ਮੁੱਕੀ ਵੀ ਹੋਈ।
ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਢਿੱਲਵਾ, ਜਨਰਲ ਸਕੱਤਰ ਗੁਰਜੀਤ ਕੌਰ ਖੇੜੀ, ਪ੍ਰੈੱਸ ਸਕੱਤਰ ਰਣਦੀਪ ਸੰਗਤਪੁਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੇਰੁਜ਼ਗਾਰ ਬੀਐੱਡ ਅਧਿਆਪਕਾਂ ਨੂੰ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੇ ਸ਼ਹਿਰ ਸੰਗਰੂਰ ਵਿਖੇ ਪੱਕਾ-ਧਰਨਾ ਲਾਇਆਂ 6 ਮਹੀਨਿਆਂ ਦਾ ਸਮਾਂ ਹੋ ਗਿਆ ਹੈ। 2 ਸਾਲ ਤੋਂ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਕਰ ਰਹੇ ਬੇਰੁਜ਼ਗਾਰ ਬੀਐੱਡ ਅਧਿਆਪਕ 6 ਵਾਰ ਸੰਗਰੂਰ ਵਿਖੇ ਹਕੂਮਤੀ ਜ਼ਬਰ ਲਾਠੀਚਾਰਜ ਦਾ ਸ਼ਿਕਾਰ ਹੋ ਚੁੱਕੇ ਹਨ।
12 ਲੱਖ ਨੌਕਰੀਆਂ ਵੰਡਣ ਦੇ ਬਿਆਨ ਦਾਗ਼ਣ ਵਾਲੇ ਮੁੱਖ-ਮੰਤਰੀ ਕੋਲ ਯੂਨੀਅਨ ਨਾਲ ਮੀਟਿੰਗ ਕਰਨ ਦਾ ਵੀ ਸਮਾਂ ਨਹੀ ਹੈ। ਸਿੱਖਿਆ ਵਿਭਾਗ ਨੇ ਪਿਛਲੇ ਦਿਨੀਂ ਪੰਜਾਬੀ ਦੀਆਂ 60, ਹਿੰਦੀ ਦੀਆਂ 40 ਅਤੇ ਸਮਾਜਿਕ ਸਿੱਖਿਆ ਵਿਸ਼ੇ ਦੀਆਂ 52 ਅਸਾਮੀਆਂ ਦਾ ਬਾਰਡਰ-ਕੇਡਰ ਆਧਾਰਿਤ ਇਸ਼ਤਿਹਾਰ ਜਾਰੀ ਕਰਕੇ ਸਬੰਧਤ ਵਿਸ਼ਿਆਂ ਦੇ ਕਰੀਬ 35 ਹਜ਼ਾਰ ਟੈਸਟ ਉਮੀਦਵਾਰਾਂ ਨਾਲ ਕੋਝਾ ਮਜ਼ਾਕ ਕੀਤਾ ਹੈ। ਟੈਸਟ ਪਾਸ ਕਰਨ ਦੇ ਬਾਵਜੂਦ ਨੌਕਰੀ ਉਡੀਕਦਿਆਂ ਹਜ਼ਾਰਾਂ ਉਮੀਦਵਾਰ ਭਰਤੀ ਲਈ ਨਿਰਧਾਰਤ ਉਮਰ-ਸੀਮਾ ਲੰਘਾ ਚੁੱਕੇ ਹਨ, ਪਰ ਸਰਕਾਰ ਭਰਤੀ ਲਈ ਉਮਰ-ਹੱਦ ਵਧਾ ਕੇ 37 ਤੋਂ ਵਧਾ ਕੇ 42 ਸਾਲ ਕਰਨ ਤੋਂ ਟਾਲ਼ਾ ਵੱਟ ਰਹੀ ਹੈ।
ਪੀਐੱਚਡੀ, ਐਮਫਿਲ, ਬੀਐੱਡ, ਐਮ.ਐੱਡ ਅਤੇ ਟੈੱਟ, ਨੈੱਟ ਪਾਸ ਕਰਨ ਦੇ ਬਾਵਜੂਦ ਨੌਜਵਾਨ ਸੜਕਾਂ 'ਤੇ ਡਾਂਗਾਂ ਦਾ ਸੇਕ ਝੱਲਣ ਲਈ ਮਜ਼ਬੂਰ ਹਨ। ਗ੍ਰਹਿ-ਜਿਲ੍ਹਿਆਂ ਤੋਂ ਸੈਂਕੜੇ ਕਿਲੋਮੀਟਰ ਦੂਰ 10 ਹਜ਼ਾਰ ਰੁਪਏ 'ਤੇ ਭਰਤੀ ਕਰਕੇ ਪੰਜਾਬ ਸਰਕਾਰ ਟੈੱਟ ਪਾਸ ਉਮੀਦਵਾਰਾਂ ਨੂੰ ਆਰਥਿਕ ਅਤੇ ਮਾਨਸਿਕ ਸੰਤਾਪ 'ਚ ਧੱਕਣਾ ਚਾਹੰਦੀ ਹੈ। ਉਹਨਾਂ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵੇਲ਼ੇ ਕੈਪਟਨ ਅਮਰਿੰਦਰ ਸਿੰਘ ਨੇ ਘਰ-ਘਰ ਨੌਕਰੀ ਅਤੇ 2500 ਰੁਪਏ ਬੇਰੁਜ਼ਗਾਰੀ ਭੱਤਾ ਦੇਣ ਦਾ ਵਾਅਦਾ ਕੀਤਾ ਸੀ, ਹੁਣ ਵਾਅਦੇ ਨਿਭਾਉਣ ਦੀ ਬਜਾਏ ਪੜ੍ਹੇ-ਲਿਖੇ ਨੌਜਵਾਨਾਂ ਨੂੰ ਲਾਠੀਚਾਰਜ ਕਰਕੇ ਦਬਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਦਵਿੰਦਰ ਪੂਨੀਆ, ਸੂਬਾਈ ਆਗੂ ਵਿਕਰਮਦੇਵ, ਆਰਟ ਐਂਡ ਕਰਾਫ਼ਟ ਟੀਚਰਜ਼ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਲਾਲਿਆਂਵਾਲੀ ਅਤੇ ਹਰਜ਼ਿੰਦਰ ਝੁਨੀਰ ਨੇ ਪੰਜਾਬ ਸਰਕਾਰ ਖਿਲਾਫ ਸੰਘਰਸ਼ ਪ੍ਰਤੀ ਇੱਕਜੁੱਟਤਾ ਪ੍ਰਗਟ ਕੀਤੀ। ਇਸ ਦੌਰਾਨ ਵੱਖ-ਵੱਖ ਕਿਸਾਨ, ਮਜ਼ਦੂਰ, ਨੌਜਵਾਨ, ਵਿਦਿਆਰਥੀ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕਰਦਿਆਂ ਬੇਰੁਜ਼ਗਾਰ ਬੀਐੱਡ ਅਧਿਆਪਕਾਂ ਨਾਲ ਇੱਕਮੁੱਠਤਾ ਪ੍ਰਗਟਾਈ ਅਤੇ ਸਰਕਾਰੀ ਸਕੂਲ ਸਿੱਖਿਆ ਪ੍ਰਬੰਧ ਬਚਾਉਣ ਲਈ ਸਾਂਝੇ ਲੋਕ-ਘੋਲ ਵਿੱਢਣ ਦਾ ਸੱਦਾ ਦਿੱਤਾ।
ਇਹ ਹਨ ਮੰਗਾਂ :-
1- ਬੀਐੱਡ ਟੈੱਟ ਪਾਸ ਉਮੀਦਵਾਰਾਂ ਦੀ ਭਰਤੀ ਲਈ ਘੱਟੋ-ਘੱਟ 15 ਹਜ਼ਾਰ ਅਸਾਮੀਆਂ ਦੀ ਭਰਤੀ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ।
2- ਨੌਕਰੀ ਲਈ ਉਮਰ-ਹੱਦ 37 ਤੋਂ 42 ਸਾਲ ਕੀਤਾ ਜਾਵੇ।
3- ਬਾਰਡਰ-ਕੇਡਰ ਬਣਾਉਣ ਦਾ ਫੈਸਲਾ ਤੁਰੰਤ ਵਾਪਸ ਲੈਂਦਿਆਂ ਭਰਤੀ ਪੂਰੇ ਪੰਜਾਬ ਦੇ ਸਕੂਲਾਂ ਲਈ ਕੀਤੀ ਜਾਵੇ।
4- ਹੈਂਡੀਕੈਪਟ ਦੀਆਂ ਬੈਕਲਾਗ 90 ਅਸਾਮੀਆਂ ਵੀ 55 ਫੀਸਦੀ ਸ਼ਰਤ ਖ਼ਤਮ ਕਰਕੇ ਭਰੀਆਂ ਜਾਣ। ਗ੍ਰੈਜੂਏਸ਼ਨ 'ਚੋਂ 55 ਫੀਸਦੀ ਅੰਕਾਂ ਦੀ ਸ਼ਰਤ ਪੱਕੇ ਤੌਰ 'ਤੇ ਖ਼ਤਮ ਕੀਤੀ ਜਾਵੇ।
5- ਸਮਾਜਿਕ ਸਿੱਖਿਆ ਦੇ ਵਿਸ਼ਾ ਟੈਸਟ ਲਈ ਗ੍ਰੈਜੂਏਸ਼ਨ ਦੇ ਵਿਸ਼ੇ ਪਹਿਲਾਂ ਹੋਈਆਂ ਭਰਤੀ ਮੁਤਾਬਿਕ ਵਿਚਾਰੇ ਜਾਣ।
6- ਜਦੋਂ ਤੱਕ ਟੈੱਸਟ ਪਾਸ ਉਮੀਦਵਾਰਾਂ ਨੂੰ ਰੁਜ਼ਗਾਰ ਨਹੀਂ ਮਿਲਦਾ, ਚੋਣਾਂ ਸਮੇਂ ਕੀਤੇ ਵਾਅਦੇ ਮੁਤਾਬਿਕ 2500 ਰੁਪਏ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ।
7- ਨਜ਼ਾਇਜ਼ ਭਰਤੀ ਸ਼ਰਤਾਂ ਕਾਰਨ ਖੁਦਕੁਸ਼ੀ ਕਰ ਗਏ ਜਗਸੀਰ ਸਿੰਘ, ਚੱਕ ਭਾਈਕਾ-ਮਾਨਸਾ ਦੇ ਪਰਿਵਾਰ ਨੂੰ 10 ਲੱਖ ਰੁਪਏ ਵਿੱਤੀ ਸਹਾਇਤਾ ਅਤੇ ਇੱਕ ਨੌਕਰੀ ਦਿੱਤੀ ਜਾਵੇ।
ਮੁੱਖ-ਮੰਤਰੀ ਦੇ ਮੁੱਖ-ਸਕੱਤਰ ਸੁਰੇਸ਼ ਕੁਮਾਰ ਨਾਲ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਦੀ ਚੰਡੀਗੜ੍ਹ ਵਿਖੇ 12 ਮਾਰਚ ਨੂੰ 12 ਵਜੇ ਮੀਟਿੰਗ ਤੈਅ, ਨਹਿਰੂ-ਪਾਰਕ ਵਿਖੇ ਲਗਾਇਆ ਪੱਕਾ-ਧਰਨਾ, ਮੰਗਾਂ ਮੰਨੇ ਜਾਣ ਤੱਕ ਜਾਰੀ ਰਹੇਗਾ। ਮੀਟਿੰਗ ਦਾ ਐਲਾਨ ਡਿਊਟੀ ਮੈਜਿਸਟ੍ਰੇਟ ਰਣਜੀਤ ਸਿੰਘ ਨੇ ਕੀਤਾ।