ਅਸ਼ੋਕ ਵਰਮਾ
- ਫਾਇਰ ਬਿ੍ਰਗੇਡ ਨਾ ਹੋਣ ਕਾਰਨ ਵਾਪਰਿਆ ਹਾਦਸਾ
ਸੰਗਤ ਮੰਡੀ, 26 ਫਰਵਰੀ 2020 - ਸਥਾਨਕ ਮੰਡੀ ਸਥਿਤ ਦੀਵਾਨ ਚੰਦ ਟ੍ਰੇਡ ਕਾਟਨ ਫੈਕਟਰੀ ’ਚ ਐਲੀਵੈਂਟਰ ਮਸ਼ੀਨ ਦੇ ਸਪਾਰਕ ਨਾਲ ਨਰਮੇ ਨੂੰ ਭਿਆਨਕ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ ਹੋ ਗਿਆ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਮੰਡੀ ਵਾਸੀਆਂ ਨੇ ਵੱਡੀ ਗਿਣਤੀ ’ਚ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਮੰਡੀ ’ਚ ਫਾਇਰ ਬਰਗੇਡ ਨਾ ਹੋਣ ਕਾਰਨ ਲੋਕਾਂ ’ਚ ਭਾਰੀ ਰੋਸ਼ ਪਾਇਆ ਗਿਆ, ਉਨਾਂ ਕਿਹਾ ਕਿ ਜੇਕਰ ਸਮੇਂ ਰਹਿੰਦੇ ਫਾਇਰ ਬਿ੍ਰਗੇਡ ਪਹੁੰਚ ਜਾਂਦੀ ਤਾਂ ਕਾਫੀ ਹੱਦ ਤੱਕ ਨੁਕਸਾਨ ਘੱਟ ਹੋਣਾ ਸੀ। ਜਾਣਕਾਰੀ ਅਨੁਸਾਰ ਸਵੇਰ ਸਮੇਂ ਐਲੀਵੈਂਟਰ ਮਸ਼ੀਨ ’ਚ ਚੰਗਿਆੜੀ ਨਿੱਕਲੀ ਅਤੇ ਦੇਖਦਿਆਂ ਹੀ ਦੇਖਦਿਆਂ ਨਰਮੇ ਨੂੰ ਅੱਗ ਲੱਗ ਗਈ। ਇਸ ਤੋਂ ਪਹਿਲਾਂ ਕਿ ਫੈਕਟਰੀ ’ਚ ਮੌਜੂਦ ਮਜ਼ਦੂਰ ਕੁੱਝ ਸਮਝ ਪਾਉਂਦੇ ਉਸ ਸਮੇਂ ਤੱਕ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ।
ਅੱਗ ਦਾ ਪਤਾ ਲੱਗਦਿਆਂ ਹੀ ਮੰਡੀ ਵਾਸੀਆਂ ਵੱਡੀ ਗਿਣਤੀ ’ਚ ਇਕੱਠੇ ਹੋ ਗਏ ਜਿਨਾਂ ਕਾਫੀ ਹੱਦ ਤੱਕ ਅੱਗ ’ਤੇ ਕਾਬੂ ਪਾ ਲਿਆ। ਲੋਕਾਂ ਨੇ ਦੱਸਿਆ ਕਿ ਜਦੋਂ ਤੱਕ ਫਾਇਰ ਬ੍ਰਿਗੇਡ ਬਠਿੰਡਾ ਤੋਂ ਸੰਗਤ ਮੰਡੀ ਆਈ ਉਸ ਸਮੇਂ ਤੱਕ ਲੱਖਾਂ ਦੀ ਕੀਮਤ ਦਾ ਨਰਮਾ ਅੱਗ ਦੀ ਭੇਂਟ ਚੜ ਚੁੱਕਿਆ ਸੀ। ਸ਼ੈਲਰ ਐਸੋਸੀਏਸ਼ਨ ਬਲਾਕ ਸੰਗਤ ਦੇ ਪ੍ਰਧਾਨ ਸ਼ੁਸੀਲ ਕੁਮਾਰ ਗੋਲਡੀ ਨੇ ਦੱਸਿਆ ਕਿ ਸੰਗਤ ਮੰਡੀ ’ਚ ਫਾਇਰ ਬਰਗੇਡ ਦਾ ਕੋਈ ਇੰਤਜ਼ਾਮ ਨਹੀਂ ਹੈ। ਫਾਇਰ ਬ੍ਰਿਗੇਡ ਬਠਿੰਡਾ ਤੋਂ ਆਉਦੀ ਹੈ ਜਿਸ ਦੇ ਆਉਣ ਤੱਕ ਵੱਡਾ ਨੁਕਸਾਨ ਹੋ ਜਾਂਦਾ ਹੈ। ਉਨਾਂ ਕਿਹਾ ਕਿ ਸੰਗਤ ਮੰਡੀ ਤੋਂ ਇਲਾਵਾ ਗੁਰੂਸਰ ਸੈਣਵਾਲਾ ’ਚ ਵੀ ਵੱਡੀਆਂ-ਵੱਡੀਆਂ ਫੈਕਟਰੀਆਂ ਅਤੇ ਮਿੱਲਾਂ ਹਨ, ਪ੍ਰੰਤੂ ਇਥੇ ਫਾਇਰ ਬ੍ਰਿਗੇਡ ਦਾ ਕੋਈ ਇੰਤਜ਼ਾਮ ਨਹੀਂ ਹੈ।
ਸੰਗਤ ਮੰਡੀ ’ਚ ਫਾਇਰ ਬਿ੍ਰਗੇਡ ਨਾ ਹੋਣ ਕਾਰਨ ਪਹਿਲਾਂ ਹੀ ਵੱਡੇ ਨੁਕਸਾਨ ਦੀ ਆਸ਼ੰਕਾ ਜਤਾਈ ਜਾ ਰਹੀ ਸੀ। ਵੱਡੇ-ਵੱਡੇ ਉਦਯੋਗ ਅਤੇ ਫੈਕਟਰੀਆਂ ਹੋਣ ਦੇ ਬਾਵਜੂਦ ਅੱਗ ਬੁਝਾਊ ਪ੍ਰਬੰਧਾਂ ਦਾ ਨਾ ਹੋਣਾ ਸਮਝ ਤੋਂ ਪਰੇ ਹੈ। ਮੰਡੀ ਵਾਸੀ ਆਖਦੇ ਹਨ ਕਿ ਜੇਕਰ ਸਮੇਂ ਰਹਿੰਦੇ ਸੰਗਤ ਮੰਡੀ ਵਿਖੇ ਫਾਇਰ ਸਟੇਸ਼ਨ ਖੋਲ੍ਹਿਆ ਹੁੰਦਾ ਤਾਂ ਵੱਡੇ ਨੁਕਸਾਨ ਤੋਂ ਬਚਿਆ ਜਾ ਸਕਦਾ ਸੀ।