ਹਰਦਮ ਮਾਨ
- ਨਰੇਸ਼ ਰੁਪਾਣਾ ਦੀ ਸ਼ੇਅਰੋ- ਸ਼ਾਇਰੀ ਨੇ ਕੀਲੇ ਸਰੋਤੇ
ਸਰੀ, 26 ਫਰਵਰੀ 2012 - ਡੁਬਈ ਦੇ ਪਹਿਲੇ ਦਸ ਅਮੀਰ ਲੋਕਾਂ ਵਿੱਚ ਸ਼ੁਮਾਰ ਉੱਘੇ ਉਦਯੋਗਪਤੀ, ਨੌਜਵਾਨ ਚਿੰਤਕ, ਪੰਜਾਬ, ਪੰਜਾਬੀ, ਪੰਜਾਬੀਅਤ ਲਈ ਉਚੇਚਾ ਹੇਜ ਰੱਖਣ ਵਾਲੇ ਸ. ਹਰਮੀਕ ਸਿੰਘ (ਐੱਮ.ਡੀ. ਅਤੇ ਆਨਰ ਪਲੈਨ ਬੀ.ਡੁਬਈ) ਵੱਲੋਂ ਬਾਲੀਵੁੱਡ ਪਾਰਕਸ ਅਤੇ ਵਿਸ਼ਵ ਪੰਜਾਬ ਸੰਸਥਾ ਦੇ ਸਹਿਯੋਗ ਨਾਲ ਬਾਲੀਵੁੱਡ ਡੁਬਈ ਰਿਜੋਰਟਸ ਵਿਚ ਵਿਸ਼ਾਲ ਖੇਡ ਅਤੇ ਸਭਿਆਚਾਰਕ ਮੇਲਾ “ਜੀ ਆਇਆਂ ਨੂੰ - ਆਪਣਾ ਪੰਜਾਬ” ਕਰਵਾਇਆ ਗਿਆ। ਦਸ ਹਜਾਰ ਦੀ ਸਮਰੱਥਾ ਵਾਲੇ ਇਸ ਰਿਜੋਰਟਸ ਦੇ ਖਚਾਖਚ ਭਰੇ ਹਾਲ ਵਿੱਚ ਅਤੇ ਡੁਬਈ ਵਸਦੇ ਦੁਨੀਆਂ ਭਰ ਦੇ ਲੋਕਾਂ ਉੱਪਰ ਆਪਣਾ ਸਦੀਵੀ ਪ੍ਰਭਾਵ ਛੱਡਣ ਵਾਲੇ ਸਮਾਗਮ ਵਿੱਚ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਪੰਜਾਬੀ ਤਾਂ ਨਸ਼ਿਆਏ ਈ ਫਿਰਦੇ ਸਨ। ਪਲੈਨ ਬੀ ‘ਚ ਦੁਨੀਆਂ ਭਰ ਦੇ ਦੇਸ਼ਾਂ ਦੇ ਗੋਰੇ-ਕਾਲੇ ਪੱਗਾਂ ਬੰਨ੍ਹ ਕੇ ਅਤੇ ਕੁੜੀਆਂ ਜੀਨਾਂ-ਸ਼ੀਨਾਂ ਦੀ ਥਾਂ ਤੇ ਸਲਵਾਰ ਕਮੀਜ਼ਾਂ ਤੇ ਫੁਲਕਾਰੀ ਲੈ ਕੇ, ਕਲਾਕਾਰਾਂ-ਫਨਕਾਰਾਂ ਅਤੇ ਮਹਿਮਾਨਾਂ ਦੇ ਨਿੱਘੇ ਸਵਾਗਤ ਲਈ ਧਰਤੀ ਉੱਪਰ ਵਿਛੇ ਹੋਏ ਨਜ਼ਰ ਆਉਂਦੇ ਸਨ।
ਪੰਜਾਬ ਦੇ ਵਿਸਾਖੀ ਮੇਲੇ ਵਾਂਗ ਕਨਾਤਾਂ-ਚਾਨਣੀਆਂ ਅਤੇ ਰੰਗ ਬਰੰਗੀਆਂ ਝੰਡੀਆਂ ਨਾਲ ਸਜਾਏ ਡੁਬਈ ਰਿਜ਼ੋਰਟਸ ਦੇ ਵਿਸ਼ਾਲ ਵਿਹੜੇ ਵਿਚ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀਆਂ, ਉਚੇਚੇ ਤੌਰ ਤੇ ਲਾਹੌਰ ਅਤੇ ਅਮ੍ਰਿਤਸਰ ਤੋਂ ਲਿਆਂਦੀਆਂ ਗਈਆਂ ਵਿਰਾਸਤੀ ਵਸਤਾਂ ਨੂੰ ਦੇਖ ਕੇ ਗੋਰੇ, ਕਾਲੇ, ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਲੋਕ ਅਨੋਖਾ ਸਰੂਰ ਮਹਿਸੂਸ ਕਰ ਰਹੇ ਸਨ ਅਤੇ ਇਹਨਾਂ ਵਿਰਾਸਤੀ ਚਿਨ੍ਹਾਂ ਨਾਲ ਖੜ੍ਹ ਕੇ ਆਪਣੀਆਂ ਤਸਵੀਰਾਂ ਯਾਦਗਾਰੀ ਬਣਾ ਰਹੇ ਸਨ। ਠੇਕਾ ਸ਼ਰਾਬ ਦੇਸੀ, ਪੰਜਾਬ ਤੋਂ ਉਚੇਚੇ ਤੌਰ ਤੇ ਮੰਗਵਾਏ ਪੁਰਾਣੇ ਆਈਸ਼ਰ ਟਰੈਕਟਰ ਅਤੇ ਡੀ. ਟਾਈਪ ਮਾਡਲ ਦਾ ਪੁਰਾਣਾ ਟਰੱਕ ਜਿੱਥੇ ਖਿੱਚ ਦਾ ਕੇਂਦਰ ਸਨ ਉੱਥੇ ਸੜਕਾਂ ਤੇ ਲੱਗੇ ਮੀਲ ਪੱਥਰ ਵਾਂਗ ਲੱਗੇ ਸਾਈਨ ਬੋਰਡ ਅਤੇ ਸ਼ਾਨਦਾਰ ਚਿੱਟੇ ਰੰਗ ਦੇ ਬੋਰਡ ਉੱਪਰ ਪੰਜਾਬੀ ਵਿੱਚ ਲਿਖਿਆ “ਆਪਣਾ ਪੰਜਾਬ ਡੁਬਈ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ” ਵੀ ਦਰਸ਼ਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਸੀ।
ਗੂੜ੍ਹੀਆਂ ਰੰਗ ਬਰੰਗੀਆਂ ਭੰਗੜੇ ਦੀਆਂ ਪੋਸ਼ਾਕਾਂ ‘ਚ ਸਜੇ ਪੰਜਾਬੀ ਗੱਭਰੂ ਅਤੇ ਮੁਟਿਆਰਾਂ, ਮਹਿਮਾਨਾਂ ਨੂੰ ਢੋਲ ਦੇ ਡੱਗੇ ਤੇ ਮੁੱਖ ਗੇਟ ਤੋਂ ਪੰਡਾਲ ਤੱਕ ਲੈ ਕੇ ਆਉਂਦੇ ਸਨ। ਖੂਬਸੂਰਤ ਦਸਤਾਰ ‘ਚ ਸਜੇ ਅੰਗਰੇਜ਼ ਮੰਚ ਸੰਚਾਲਕ ਵੱਲੋਂ ਪੰਜਾਬੀ ਵਿੱਚ ਸਤਿ ਸ੍ਰੀ ਅਕਾਲ ਕਹਿਣਾ ਅਤੇ ਆਪਣੇ ਪੰਜਾਬ ਵਿੱਚ ਜੀ ਆਇਆਂ ਨੂੰ, ਆਪਣੇ ਪੰਜਾਬ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ, ਆਖਣਾ, ਸਭ ਲਈ ਹੈਰਾਨੀਜਨਕ ਅਤੇ ਵਿਸਮਾਦਮਈ ਸੀ।
ਰਿਜੋਰਟ ਦੇ ਸ਼ਾਨਦਾਰ ਵਿਹੜੇ ਵਿਚ ਪੁਰਾਣੇ ਪੇਂਡੂ ਵਿਆਹਾਂ ਵਰਗੀ ਦਿੱਖ ਵਾਲੀ ਰੰਗ ਬਰੰਗੀਆਂ ਰੌਸ਼ਨੀਆਂ ‘ਚ ਸਜੀ ਸਟੇਜ ਉਪਰ ਦੋਹਾਂ ਪੰਜਾਬਾਂ ਤੋਂ ਇਲਾਵਾ ਇੰਗਲੈਂਡ ਅਤੇ ਡੁਬਈ ਦੇ ਕਲਾਕਾਰਾਂ ਨੇ ਅੱਧੀ ਰਾਤ ਤੱਕ ਕਲਾ ਦੇ ਜੌਹਰ ਦਿਖਾਏ। ਪੀ.ਟੀ.ਵੀ. ਦੇ ਐਂਕਰ ਤਰਨਜੀਤ ਦੀ ਅਗਵਾਈ ਵਿੱਚ ਲਹਿੰਦੇ ਪੰਜਾਬ ਤੋਂ ਆਏ ਫਨਕਾਰ ਨਿਮਰਾ ਮਹਿਰਾ ਅਤੇ ਸਹਾਰਾ ਬੈਂਡ ਯੂ.ਕੇ ਨੇ ਜਿੱਥੇ ਸਟੇਜ ਤੇ 2 ਘੰਟੇ ਲਈ ਰੰਗ ਬੰਨ੍ਹਿਆਂ ਉੱਥੇ ਹੀ ਚੜ੍ਹਦੇ ਪੰਜਾਬ ਤੋਂ ਦੂਰਦਰਸ਼ਨ ਕੇਂਦਰ ਜਲੰਧਰ ਦੇ ਅੰਤਰਰਾਸ਼ਟਰੀ ਪ੍ਰਸਿੱਧ ਮੰਚ ਸੰਚਾਲਕ ਨਰੇਸ਼ ਰੁਪਾਣਾ ਦੀ ਅਗਵਾਈ ਵਿੱਚ ਉੱਘੇ ਅਦਾਕਾਰ ਅਤੇ ਫਿਲਮੀ ਕਮੇਡੀਅਨ ਗੁਰਪ੍ਰੀਤ ਘੁੱਗੀ, ਸੂਫ਼ੀ ਗਾਇਕ ਕੰਵਰ ਗਰੇਵਾਲ, ਕੁਸ਼ਤੀਆਂ ‘ਚ ਅੰਤਰਰਾਸਟਰੀ ਪੱਧਰ ਤੇ ਨਾਮਣਾ ਖੱਟਣ ਵਾਲੇ ਗਰੇਟ ਖਲੀ, ਲੋਕ ਗਾਇਕ ਮੁਰਲੀ ਰਾਜਸਥਾਨੀ, ਜੈ ਦੀਪ ਅਤੇ ਪ੍ਰਸਿੱਧ ਕਵੀ ਗੁਰਤੇਜ ਕੋਹਾਰਵਾਲਾ ਤੇ ਇਨਕਲਾਬੀ ਕਵਿੱਤਰੀ ਨੀਤੂ ਅਰੋੜਾ ਭਗਤਾ ਨੇ ਅੱਧੀ ਰਾਤ ਤੱਕ ਆਪਣੇ ਨਿਵੇਕਲੇ ਅੰਦਾਜ਼ ਵਿੱਚ ਦਰਸ਼ਕਾਂ ਨੂੰ ਕੀਲ ਕੇ ਬਿਠਾਈ ਰੱਖਿਆ। ਨਰੇਸ਼ ਰੁਪਾਣਾ ਦੀ ਸ਼ੇਅਰੋ ਸ਼ਾਇਰੀ ਨੂੰ ਦਰਸ਼ਕਾਂ ਨੇ ਤਾੜੀਆਂ ਦੀ ਭਰਪੂਰ ਦਾਦ ਦਿੱਤੀ ਅਤੇ ਇਸ ਨਿਵੇਕਲੇ ਮੰਚ ਸੰਚਾਲਨ ਨੂੰ ਖੂਬ ਸਲਾਹਿਆ। ਪੀ.ਟੀ.ਸੀ ਦਿੱਲੀ ਅਤੇ ਪੰਜਾਬੀ ਲਹਿਰ ਪਾਕਿਸਤਾਨ ਦੇ ਨਾਸਿਰ ਢਿੱਲੋਂ ਮੇਲੇ ਵਿਚ ਵਿਸ਼ੇਸ ਤੌਰ ਤੇ ਹਾਜਰ ਸਨ। ਮੇਲੇ ਦੀ ਭਰਪੂਰ ਸਫ਼ਲਤਾ ਨਾਲ ਲਬਰੇਜ ਸਰਦਾਰ ਹਰਮੀਕ ਸਿੰਘ ਨੇ ਸਭਨਾਂ ਦਾ ਧੰਨਵਾਦ ਕੀਤਾ। ਇਸ ਸਮਾਗਮ ਵਿੱਚ ਡੁਬਈ ਦੇ ਉੱਘੇ ਵਪਾਰੀ, ਅਧਿਕਾਰੀ ਤੇ ਦੋਵਾਂ ਪੰਜਾਬਾਂ ਦੇ ਵੱਖ-ਵੱਖ ਅਦਾਰਿਆਂ ਵਿੱਚ ਕੰਮ ਕਰਦੇ ਕਾਮੇ ਹਾਜਰ ਸਨ। ਸਮਾਗਮ ਦੇ ਪੀ.ਆਰ.ਓ. ਪੁਨੀਤ ਦੁਬਈ ਅਤੇ ਜੋਤੀ ਡਾਗਰ ਨੇ ਫਨਕਾਰਾਂ, ਮਹਿਮਾਨਾਂ ਦੀ ਆਓ ਭਗਤ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ।
ਪ੍ਰੋਗਰਾਮ ਦੀ ਸਮਾਪਤੀ ਤੇ ਸ. ਹਰਮੀਕ ਸਿੰਘ ਨੇ ਬੇਹੱਦ ਭਾਵੁਕ ਹੁੰਦਿਆਂ ਕਿਹਾ ਕਿ ਸੱਚੇ ਸੁੱਚੇ ਮਨ ਅਤੇ ਤਨਦੇਹੀ ਨਾਲ “ਨਾ ਤੇਰਾ ਪੰਜਾਬ ਨਾ ਮੇਰਾ ਪੰਜਾਬ-ਆਪਣਾ ਪੰਜਾਬ” ਬਾਰੇ ਤੁਰੀ ਗੱਲਬਾਤ ਬਹੁਤ ਹੀ ਸ਼ਲਾਘਾਯੋਗ ਹੈ ਅਤੇ ਹੁਣ ਇਹ ਜ਼ਰੂਰ ਕਿਸੇ ਤਨ ਪੱਤਣ ਵੀ ਲੱਗੇਗੀ। ਪੰਜਾਬ ਦੇ ਲੋਕਾਂ ਦੀ ਆਵਾਜ਼ ਨਵਜੋਤ ਸਿੱਧੂ ਅਤੇ ਪਾਕਿਸਤਾਨ ਦੇ ਵਜ਼ੀਰੇ ਆਜ਼ਮ ਜਨਾਬ ਇਮਰਾਨ ਖਾਨ ਦੇ ਪ੍ਰਸੰਸਾਯੋਗ ਯਤਨਾਂ ਸਦਕਾ ਦਿੱਲੀ ਅਤੇ ਇਸਲਾਮਾਬਾਦ ਤੋਂ ਸ਼ੁਰੂ ਹੋਈ ਇਸ ਵਾਰਤਾ ਲਈ ਸਾਡਾ ਵੀ ਫਰਜ਼ ਬਣਦਾ ਹੈ ਕਿ ਇਸ ਯਤਨ ਨੂੰ ਹੋਰ ਵਧੇਰੇ ਪਕੇਰਾ ਕਰੀਏ, ਅੱਗੇ ਤੋਰੀਏ, ਨਫਰਤ ਅਤੇ ਈਰਖਾ ਮਿਟਾਈਏ, ਬੰਬ - ਬੰਦੂਕਾਂ ਦੀ ਅਗਨੀ ਤਿਆਗੀਏ, ਪਿਆਰ – ਮੁਹੱਬਤ ਦੀਆਂ ਜੱਫੀਆਂ ਪਾਈਏ ਅਤੇ ਸਰਹੱਦਾਂ ਦਾ ਨਾਮੋ-ਨਿਸ਼ਾਨ ਮਿਟਾਉਣ ਵੱਲ ਕਦਮ ਵਧਾਈਏ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com