ਹਰੀਸ਼ ਕਾਲੜਾ
ਰੂਪਨਗਰ, 25 ਫਰਵਰੀ 2020 - ਸਥਾਨਕ ਜਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਵਿਖੇ ਜਿਲ੍ਹਾ ਸਿਖਿਆ ਅਫਸਰ ਪ੍ਰਾਇਮਰੀ ਦਿਨੇਸ਼ ਕੁਮਾਰ ਵਲੋਂ ਜਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਅੰਦਰ ਪ੍ਰੀ ਪ੍ਰਾਇਮਰੀ ਦੇ ਦਾਖਲੇ ਵਿਚ ਤੇਜੀ ਲਿਆਉਣ ਦੇ ਉਦੇਸ਼ ਨਾਲ ਬਲਾਕ ਪ੍ਰਾਇਮਰੀ ਸਿਖਿਆ ਅਫਸਰਾਂ ਅਤੇ ਸੈਂਟਰ ਮੁਖ ਅਧਿਆਪਕਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਉਹਨਾਂ ਕਿਹਾ ਕਿ ਜਿੱਥੇ ਮਿਸ਼ਨ ਸ਼ੱਤ ਪ੍ਰਤੀ ਸ਼ੱਤ ਦੀ ਕਾਮਯਾਬੀ ਲਈ ਅਧਿਆਪਕ ਵਾਧੂ ਸਮਾਂ ਲਗਾ ਕੇ ਬੱਚਿਆਂ ਨੂੰ ਵਿੱਦਿਆ ਦਾ ਦਾਨ ਵੰਡ ਰਹੇ ਹਨ ਉਥੇ ਹੀ ਪ੍ਰੀ ਪ੍ਰਾਇਮਰੀ ਦੇ ਦਾਖਲੇ ਲਈ ਵੀ ਵੱਡੇ ਪੱਧਰ ਤੇ ਹੰਭਲਾ ਮਾਰਨ। ਓਹਨਾ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਜਿਥੇ ਈ ਕੰਟੈਂਟ ਰਾਹੀਂ ਅਤਿ ਆਧੁਨਿਕ ਸਿਖਿਆ ਦਿੱਤੀ ਜਾ ਰਹੀ ਹੈ ਉਥੇ ਹੀ ਸਮਾਰਟ ਸਕੂਲਾਂ ਰਾਹੀਂ ਬੱਚਿਆਂ ਨੂੰ ਸਮੇ ਦਾ ਹਾਣੀ ਵੀ ਬਣਾਇਆ ਜਾ ਰਿਹਾ ਹੈ । ਸਿੱਖਿਆ ਅਧਿਕਾਰੀ ਦਿਨੇਸ਼ ਕੁਮਾਰ ਨੇ ਅੱਗੇ ਕਿਹਾ ਕਿ ਅਧਿਆਪਕ ਰੈਲੀਆਂ ਅਤੇ ਪ੍ਰਚਾਰ ਬੋਰਡਾਂ ਰਾਹੀਂ ਸਰਕਾਰੀ ਸਕੂਲਾਂ ਵਿਚ ਮਿਲਣ ਵਾਲੀਆਂ ਸਹੂਲਤਾਂ ਸੰਬੰਧੀ ਮਾਪਿਆਂ ਨੂੰ ਜਾਗਰੂਕ ਕਰਨ ਤਾਂ ਜੋ ਉਹ ਆਪਣੇ ਬੱਚੇ ਸਰਕਾਰੀ ਸਕੂਲਾਂ ਵਿਚ ਦਾਖ਼ਲ ਕਰਵਾ ਸਕਣ ।ਸਿਖਿਆ ਅਧਿਕਾਰੀ ਵਲੋਂ ਹਾਜ਼ਰ ਅਧਿਆਪਕਾਂ ਨੂੰ ਆਨਲਾਈਨ ਪ੍ਰਣਾਲੀ ਰਾਹੀਂ ਦਾਖਲਾ ਕਰਨ ਦੇ ਕੁਝ ਜਰੂਰੀ ਨੁਕਤੇ ਵੀ ਦੱਸੇ ਗਏ ।ਇਸ ਮੌਕੇ ਬਲਾਕ ਪ੍ਰਾਇਮਰੀ ਸਿਖਿਆ ਅਫਸਰ ਕਮਲਜੀਤ ਭੱਲੜੀ, ਸੁਦੇਸ਼ ਹੰਸ , ਤਰਸੇਮ ਲਾਲ, ਹਰਦੇਵ ਸਿੰਘ , ਗੁਰਸ਼ਰਨ ਸਿੰਘ , ਸੀਨੀਅਰ ਸਹਿਕ ਮਲਕੀਤ ਸਿੰਘ ਭੱਠਲ , ਸੰਦੀਪ ਕੌਰ , ਲਖਵਿੰਦਰ ਸਿੰਘ , ਜਿਲ੍ਹਾ ਕੋ ਆਰਡੀਨੇਟਰ ਰਵਿੰਦਰ ਸਿੰਘ ਰੱਬੀ , ਰਮੇਸ਼ ਕੁਮਾਰ , ਗੁਰਮੇਲ ਸਿੰਘ , ਕਮਿੰਦਰ ਸਿੰਘ , ਇੰਦਰ ਪਾਲ ਸਿੰਘ , ਦਰਸ਼ਨ ਸਿੰਘ ਤੋਂ ਇਲਾਵਾ ਪੜ੍ਹੋ ਪੰਜਾਬ ਟੀਮ ਦੇ ਸੀ ਐੱਮ ਟੀ , ਬੀ ਐੱਮ ਟੀ , ਅਤੇ ਸੀ ਐਚ ਟੀ ਹਾਜ਼ਰ ਸਨ।