ਸੰਜੀਵ ਸੂਦ
- ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ
ਲੁਧਿਆਣਾ, 25 ਫਰਵਰੀ 2020 - ਲੁਧਿਆਣਾ ਦੇ ਵਿੱਚ ਇੱਕ 17 ਸਾਲ ਦੀ ਲੜਕੀ ਦੇ ਬਲਾਤਕਾਰ ਦੇ ਮਾਮਲੇ ਵਿੱਚ ਪੁਲਿਸ ਨੂੰ ਕਿੰਨਰਾਂ ਦੇ ਡਰਾਈਵਰ ਨੂੰ ਗ੍ਰਿਫ਼ਤਾਰ ਕਰਨਾ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਥਾਣਾ ਫੋਕਲ ਪੁਆਇੰਟ ਦੇ ਬਾਹਰ ਕਿੰਨਰਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪੁਲਿਸ ਥਾਣੇ ਦੇ ਬਾਹਰ ਹੰਗਾਮਾ ਕਰ ਦਿੱਤਾ। ਹੰਗਾਮੇ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਇਸ ਦੌਰਾਨ ਕਿੰਨਰਾਂ ਅਤੇ ਪੁਲਿਸ ਮੁਲਾਜ਼ਮਾਂ ਵਿਚਾਲੇ ਜੰਮ ਕੇ ਝੜਪ ਹੋਈ ਅਤੇ ਦੋਵਾਂ ਪੱਖਾਂ ਦੇ ਲੋਕਾਂ ਨੂੰ ਸੱਟਾਂ ਵੱਜੀਆਂ। ਜ਼ਖ਼ਮੀ ਪੁਲਿਸ ਮੁਲਾਜ਼ਮਾਂ ਦਾ ਲੁਧਿਆਣਾ ਦੇ ਸਿਵਲ ਹਸਪਤਾਲ ਇਲਾਜ ਕਰਵਾਇਆ ਗਿਆ। ਪੁਲਿਸ ਮੁਲਾਜ਼ਮਾਂ ਨੇ ਕਿਹਾ ਹੈ ਕਿ ਆਪਣੇ ਸਾਥੀ ਨੂੰ ਛੁਡਵਾਉਣ ਲਈ ਕਿੰਨਰਾਂ ਵੱਲੋਂ ਪੁਲੀਸ ਸਟੇਸ਼ਨ ਦੇ ਬਾਹਰ ਹਮਲਾ ਕਰ ਦਿੱਤਾ ਗਿਆ ਅਤੇ ਜਬਰਨ ਸੰਤਰੀ ਦੀ ਕੁੱਟਮਾਰ ਕੀਤੀ।
ਇਸ ਪੂਰੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਮੌਕੇ 'ਤੇ ਮੌਜੂਦ ਥਾਣਾ ਫੋਕਲ ਪੁਆਇੰਟ ਦੇ ਏ.ਐੱਸ.ਆਈ. ਨੇ ਦੱਸਿਆ ਕਿ ਇੱਕ ਨਾਬਾਲਿਗ ਦੇ ਬਲਾਤਕਾਰ ਕਰਨ ਦੇ ਮਾਮਲੇ ਦੇ ਵਿੱਚ ਕਿੰਨਰਾਂ ਦੇ ਡਰਾਈਵਰ ਅਤੇ ਕਿਸੇ ਹੋਰ ਮੈਂਬਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਨੂੰ ਜਬਰਨ ਛਡਵਾਉਣ ਲਈ ਕਿੰਨਰਾਂ ਵੱਲੋਂ ਪੁਲਿਸ ਥਾਣੇ ਬਾਹਰ ਹੰਗਾਮਾ ਕਰ ਦਿੱਤਾ ਗਿਆ ਅਤੇ ਬਾਹਰ ਖੜ੍ਹੇ ਸੰਤਰੀ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਆ ਕੇ ਉਨ੍ਹਾਂ ਨੂੰ ਖਦੇੜਿਆ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਤੇ ਪਹਿਲਾਂ ਹੀ 376 ਇਸ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਪੂਰੀ ਝੜਪ ਦੀ ਇੱਕ ਵੀਡੀਓ ਵੀ ਲਗਾਤਾਰ ਵਾਇਰਲ ਹੋ ਰਹੀ ਹੈ। ਇਸ ਤੋਂ ਬਿਨਾਂ ਪੁਲਿਸ ਨੇ ਕਿੰਨਰਾਂ ਤੇ ਕਾਰਵਾਈ ਕਰਨ ਦੀ ਗੱਲ ਕਹੀ ਹੈ।