ਹਰੀਸ਼ ਕਾਲੜਾ
ਰੂਪਨਗਰ, 25 ਫਰਵਰੀ 2020 - ਆਈ. ਆਈ. ਟੀ. ਰੋਪੜ ਵਿਖੇ ਕੌਸ਼ਲ ਵਿਕਾਸ ਦੇ ਲਈ ਸਿੱਖਿਆ ਵਾਤਾਵਰਣ ਤੰਤਰ ਦਾ ਵਿਕਾਸ ਵਿਸ਼ੇ ਤੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੰਜਾਬ ਦੇ ਮਾਣਯੋਗ ਤਕਨੀਕੀ ਸਿੱਖਿਆ ਮੰਤਰੀ ਸ: ਚਰਨਜੀਤ ਸਿੰਘ ਚੰਨੀ ਵਲੋਂ ਆਈ. ਆਈ. ਟੀ ਰੋਪੜ ਵਿਖੇ ਸ਼ਮੂਲੀਅਤ ਕੀਤੀ ਗਈ। ਇਸ ਵਰਕਸ਼ਾਪ ਵਿਚ 30 ਤੋਂ ਵੱਧ ਉਦਯੋਗਿਕ, ਅਕਾਦਮਿਕ ਅਤੇ ਸਰਕਾਰੀ ਹਿੱਤਧਾਰਕਾਂ ਨੇ ਭਾਗ ਲਿਆ। ਇਸ ਮੌਕੇ ਉਨ੍ਹਾਂ ਕੌਸ਼ਲ ਸਿੱਖਿਆ ਪ੍ਰਣਾਲੀ ਵਾਤਾਵਰਣ ਨੂੰ ਕਿਵੇਂ ਪੰਜਾਬ ਦੇ ਵਿਕਾਸ ਹਿੱਤ ਵਿਕਸਿਤ ਕੀਤਾ ਜਾ ਸਕਦਾ ਹੈ ਵਿਸ਼ੇ ਤੇ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਵਰਕਸ਼ਾਪ ਦੇ ਸੈਸ਼ਨ ਦੀ ਸ਼ੁਰੂਆਤ ਸ਼੍ਰੀ ਸ਼ਵਿਕੁਮਾਰ ਵੈਂਕਟੇਸ਼ਵਰਨ, ਮੁੱਖ ਮਨੁੱਖੀ ਸਰੋਤ ਅਧਿਕਾਰੀ, ਆਈ. ਆਈ. ਐਮ. ਬੰਗਲੌਰ ਵਲੋਂ ਕੀਤੀ ਗਈ। ਇਸ ਮੌਕੇ ਉਨ੍ਹਾਂ ਸੰਬੋਧਨ ਕਰਦੇ ਹੋਏ ਕਰਨਾਟਕ ਵਰਗੇ ਹੋਰਨਾਂ ਸੂਬਿਆਂ ਵਿੱਚ ਕੌਸ਼ਲ ਸਿੱਖਿਆ ਪ੍ਰਦਾਨ ਕਰਨ ਲਈ ਸਫਲਤਾ ਦੇ ਮੌਜੂਦਾ ਮਾਡਲ ਤੇ ਰੌਸ਼ਨੀ ਪਾਈ। ਉਨ੍ਹਾਂ ਕੌਸ਼ਲ ਸਿੱਖਿਆ ਵਾਤਾਵਾਰਣ ਦੇ ਭਵਿੱਖ ਬਾਰੇ ਵੀ ਆਪਣੇ ਵਿਚਾਰ ਹਾਜ਼ਰੀਨਾਂ ਨਾਲ ਸਾਂਝੇ ਕੀਤੇ।
ਇਸ ਮੌਕੇ ਤਕਨੀਕੀ ਸਿੱਖਿਆ ਮੰਤਰੀ, ਪੰਜਾਬ ਸ. ਚਰਨਜੀਤ ਸਿੰਘ ਚੰਨੀ ਨੇ ਸ੍ਰੀ ਚਮਕੌਰ ਸਾਹਿਬ ਵਿਖੇ ਖੁੱਲਣ ਵਾਲੀ ਕੌਸ਼ਲ ਵਿਕਾਸ ਯੂਨੀਵਰਸਿਟੀ ਨੂੰ ਖੋਲਣ ਦੇ ਮਿਸ਼ਨ ਅਤੇ ਉਦੇਸ਼ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਉਦਯੋਗ ਸਿੱਖਿਆ ਅਧਿਕਾਰੀਆਂ ਅਤੇ ਸਰਕਾਰੀ ਅਧਿਕਾਰੀਆਂ ਦੇ ਨਾਲ ਅਜਿਹੇ ਸੈਸ਼ਨ ਅਤਿਆਧੁਨਿਕ ਕੌਸ਼ਲ ਯੂਨੀਵਰਸਿਟੀ ਦੇ ਲਈ ਇਨਪੁੱਟ ਹਾਸਲ ਕਰਨ ਵਿਚ ਬੇਹੱਦ ਸਹਾਇਕ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸੈਸ਼ਨਾਂ ਰਾਹੀਂ ਪ੍ਰਾਪਤ ਹੋਏ ਸੁਝਾਅ ਇਸ ਯੂਨੀਵਰਸਿਟੀ ਦੇ ਪਾਠਕ੍ਰਮ ਤਿਆਰ ਕਰਨ ਲਈ ਵੀ ਅਤਿ ਲੋੜੀਂਦੇ ਹਨ ਕਿਉਂਕਿ ਅੱਗੇ ਚੱਲ ਇਹ ਪਾਠਕ੍ਰਮ ਵਿਦਿਆਰਥੀ ਦੇ ਕੈਰੀਅਰ ਦੀ ਨੀਂਹ ਰੱਖਦੇ ਹਨ।
ਆਈ. ਆਈ. ਟੀ ਰੋਪੜ ਦੇ ਆਈ. ਸੀ. ਐਸ. ਆਰ ਅਤੇ ਆਈ. ਆਈ. ਦੇ ਡੀਨ ਪ੍ਰੋਫੈਸਰ ਹਰਪ੍ਰੀਤ ਸਿੰਘ ਨੇ ਇਸ ਸੈਸ਼ਨ ਦੀ ਅਗਵਾਈ ਕਰਦੇ ਹੋਏ ਕਿਹਾ ਮੌਜੂਦਾ ਵਾਤਾਵਰਣ ਵਿਚ ਉਦਯੋਗ ਆਦਾਨਾਂ ਨੂੰ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਕੌਸ਼ਲ ਪ੍ਰਥਨ ਵਿਚ ਤਾਲਮੇਲ ਸਥਾਪਿਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਉਹ ਹੁਨਰ ਦੇ ਸੰਭਾਵਤ ਖੋਜਕਰਤਾ ਅਤੇ ਪੰਜਾਬ ਦੇ ਹੁਨਰਮੰਦ ਨੌਜਵਾਨਾਂ ਨੂੰ ਅੰਤਰਰਾਸ਼ਟਰੀ ਮਿਆਰਾਂ ਤੱਕ ਪਹੁੰਚਾਉਣ ਲਈ ਸੰਭਾਵਤ ਸਾਧਕ ਹਨ।