ਜਲੰਧਰ ; 25 ਫਰਵਰੀ 2020 - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਵਲੋਂ ਦਿੱਲੀ ਵਿਖੇ ਹੋਈ ਫਿਰਕੇਦਾਰਾਨਾ ਹਿੰਸਾ ਦੀ ਨਿਖੇਧੀ ਕਰਦਿਆਂ ਇਨਾਂ ਦੁਖਦਾਈ ਘਟਨਾਵਾਂ ਦੌਰਾਨ ਮਾਰੇ ਗਏ ਕਈ ਬੇਗੁਨਾਹਾਂ ਦੀ ਮੌਤ ’ਤੇ ਡੂੰਘੀਆਂ ਸੰਵੇਦਨਾਵਾਂ ਦਾ ਪ੍ਰਗਟਾਵਾ ਕੀਤਾ ਗਿਆ ਹੈ।
ਅੱਜ ਇਥੋਂ ਜਾਰੀ ਇੱਕ ਬਿਆਨ ਰਾਹੀਂ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਅਤੇ ਪੰਜਾਬ ਰਾਜ ਕਮੇਟੀ ਦੇ ਸਕੱਤਰ ਸਾਥੀ ਹਰਕੰਵਲ ਸਿੰਘ ਵਲੋਂ ਦਿੱਲੀ ਦੇ ਵਸਨੀਕਾਂ ਅਤੇ ਸਮੁੱਚੇ ਦੇਸ਼ ਵਾਸੀਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ। ਸਾਥੀ ਪਾਸਲਾ ਅਤੇ ਹਰਕੰਵਲ ਸਿੰਘ ਨੇ ਮੰਗ ਕੀਤੀ ਕਿ ਹਿੰਸਾ ਭੜਕਾਉਣ ਦੇ ਦੋਸ਼ੀਆਂ ਅਤੇ ਹਿੰਸਕ ਕਾਰਵਾਈਆਂ ਵਿੱਚ ਸ਼ਾਮਲ ਗੈਰ ਸਮਾਜੀ ਅਨਸਰਾਂ ਵਿਰੁੱਧ ਬਿਨਾਂ ਕਿਸੇ ਪੱਖਪਾਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਉਨਾਂ ਕਿਹਾ ਕਿ ਆਰ.ਐਮ.ਪੀ.ਆਈ. ਦੀ ਇਹ ਪੱਕੀ ਰਾਇ ਹੈ ਕਿ ਦੇਸ਼ ਭਰ ਵਿੱਚ ਨਾਗਰਿਕਤਾ ਸੋਧ ਕਾਨੂੰਨ-2019 (ਸੀ.ਏ.ਏ.) , ਕੌਮੀ ਨਾਗਰਿਕਤਾ ਸੂਚੀ (ਐਨ.ਆਰ.ਸੀ.) ਅਤੇ ਕੌਮੀ ਜਨਸੰਖਿਆ ਰਜਿਸਟਰ( ਐਨ.ਆਰ.ਸੀ.) ਰੱਦ ਕਰਨ ਦੀ ਮੰਗ ਨੂੰ ਲੈ ਕੇ ਸ਼ਾਂਤੀ ਪੂਰਬਕ ਚੱਲ ਰਹੇ ਦੇਸ਼ ਵਿਆਪੀ ਆਵਾਮੀ ਸੰਘਰਸ਼ ਨੂੰ ਫੇਲ ਕਰਨ ਦੀ ਸਾਜਿਸ਼ ਤਹਿਤ ਹਰ ਰੰਗ ਦੇ ਫਿਰਕੂ ਤੱਤਾ ਵਲੋਂ ਉਕਤ ਹਿੰਸਾ ਗਿਣ- ਮਿਥ ਕੇ ਭੜਕਾਈ ਗਈ ਹੈ।
ਕਮਿਊਨਿਸਟ ਆਗੂਆਂ ਨੇ ਘਟਨਾਵਾਂ ਦੌਰਾਨ ਦਿੱਲੀ ਪੁਲਸ ਵਲੋਂ ਅਪਣਾਈ ਜਾ ਰਹੀ ਪੱਖਪਾਤੀ ਪਹੁੰਚ ਦੀਆਂ ਖਬਰਾਂ ਪ੍ਰਤੀ ਵੀ ਡੂੰਘੇ ਦੁੱਖ ਅਤੇ ਸਖ਼ਤ ਰੋਸ ਦਾ ਇਜ਼ਹਾਰ ਕਰਦਿਆਂ ਮੰਗ ਕੀਤੀ ਕਿ ਪਰਸ਼ਾਸ਼ਨਿਕ ਮਸ਼ੀਨਰੀ ਇਸ ਚਿੰਤਾਜਨਕ ਮਾਹੌਲ ਵਿੱਚ ਸੰਵਿਧਾਨਕ ਦਾਇਰੇ ਵਿਚ ਆਪਣੀ ਬਣਦੀ ਭੂਮਿਕਾ ਨਿਭਾਏ।
ਸਾਥੀ ਪਾਸਲਾ ਅਤੇ ਹਰਕੰਵਲ ਸਿੰਘ ਨੇ ਕਿਹਾ ਕਿ ਇਹ ਗੱਲ ਵਾਰ-ਵਾਰ ਸਿੱਧ ਹੋ ਰਹੀ ਹੈ ਕਿ ਸੰਘ ਦੀਆਂ ਹਦਾਇਤਾਂ ਅਨੁਸਾਰ ਸ਼ਾਸ਼ਨ ਚਲਾ ਰਹੀ ਮੋਦੀ ਸਰਕਾਰ ਕੋਲ ਆਵਾਮ ਨੂੰ ਦੇਣ ਲਈ ਨਾਕਾਰਾਤਮਿਕਤਾ ਅਤੇ ਫਿਰਕੂ ਜ਼ਹਿਰ ਵੰਡਣ ਤੋਂ ਇਲਾਵਾ ਕੁੱਝ ਨਹੀਂ। ਲੋਕਾਂ ਦੇ ਮਸਲੇ ਹੱਲ ਕਰਨ ਦੀ ਆਪਣੀ ਘੋਰ ਅਸਫਲਤਾ ਦੀ ਇਹ ਸਰਕਾਰ ਅਜਿਹੇ ਨਖਿੱਧ ਤਰੀਕਿਆਂ ਨਾਲ ਹੀ ਪਰਦਾ ਪੋਸ਼ੀ ਕਰਦੀ ਹੈ ਅਤੇ ਸਮਾਜ ਦਾ ਫਿਰਕੂ ਧਰੁਵੀਕਰਨ ਕਰਨ ਲਈ ਬਜ਼ਿਦ ਹੈ। ਉਨਾਂ ਸਮੂੰਹ ਲੋਕ ਪੱਖੀ ਸ਼ਕਤੀਆਂ ਨੂੰ ਇਸ ਸੰਜੀਦਾ ਅਵਸਥਾ ਵਿੱਚ ਅਮਨ ਦੀ ਕਾਇਮੀ ਦੇ ਹਰ ਸੰਭਵ ਯਤਨ ਕਰਨ ਦੀ ਅਪੀਲ ਕੀਤੀ।