ਜੀ ਐੱਸ ਪੰਨੂ
ਪਟਿਆਲਾ, 23 ਫਰਵਰੀ 2020 - ਪਟਿਆਲਾ ਸ਼ਹਿਰ ਵਿਖੇ ਲੱਗੇ ਕਰਾਫ਼ਟ ਮੇਲੇ 'ਚ ਜਿਥੇ ਲੋਕਾਂ ਨੂੰ ਸ਼ਿਲਪਕਾਰੀ ਵਸਤਾਂ ਖਰੀਦਣ ਨੂੰ ਮਿਲ ਰਹੀਆਂ ਹਨ ਉਥੇ ਹੀ ਡਾਕ ਵਿਭਾਗ ਵੱਲੋਂ ਅਕਾਲ ਸਹਾਏ ਅਜਾਇਬ ਘਰ ਨਾਲ ਮਿਲਕੇ ਇਤਿਹਾਸ ਨੂੰ ਦਰਸਾਉਂਦੀ ਪੁਰਾਣੇ ਸਿੱਕੇ, ਡਾਕ ਟਿਕਟਾਂ, ਸਟੈਂਪ ਪੇਪਰ, ਪੋਸਟ ਕਾਰਡ ਅਤੇ ਇਨਵੈਲਪ ਦੀ ਲਗਾਈ ਪ੍ਰਦਰਸ਼ਨੀ ਲੋਕਾਂ ਦੀ ਖਿੱਚ ਦਾ ਕੇਂਦਰ ਬਣ ਰਹੀ ਹੈ।
ਇਸ ਪ੍ਰਦਰਸ਼ਨੀ ਵਿਚ ਰੱਖੇ ਦੁਰਲੱਭ ਪੁਰਾਣੇ ਸਿੱਕਿਆਂ, ਸਟੈਂਪ ਪੇਪਰ ਨੂੰ ਜਿਥੇ ਆਮ ਲੋਕਾਂ ਵੱਲੋਂ ਬੜੇ ਧਿਆਨ ਨਾਲ ਵਾਚਿਆਂ ਗਿਆ ਉਥੇ ਹੀ ਇਸ ਮੌਕੇ ਅਕਾਲ ਸਹਾਇ ਅਜਾਇਬ ਘਰ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਨੇ ਅਤੇ ਡਾਕ ਵਿਭਾਗ ਦੇ ਹਰਸਿਮਰਤ ਕੌਰ ਵੱਲੋਂ ਇਨ੍ਹਾਂ ਵਸਤਾਂ ਦੇ ਇਤਿਹਾਸ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਗਿਆ।
ਇਸ ਮੌਕੇ ਪ੍ਰਦਰਸ਼ਨੀ ਦੇਖਣ ਆਏ ਇਕ ਪਰਿਵਾਰ ਨੇ ਕਿਹਾ ਕਿ ਅਜਿਹੀਆਂ ਪੁਰਾਤਨ ਵਸਤਾਂ ਸਾਨੂੰ ਸਾਡੀ ਅਮੀਰ ਵਿਰਾਸਤ ਅਤੇ ਸਭਿਆਚਾਰ ਤੋਂ ਜਾਣੂ ਕਰਵਾਉਂਦੀਆਂ ਅਤੇ ਸਾਡੀ ਨੌਜਵਾਨ ਪੀੜ੍ਹੀ ਨੂੰ ਸੇਧ ਦੇਣ ਦਾ ਕੰਮ ਕਰਦੀਆਂ ਹਨ। ਉਨਾਂ ਕਿਹਾ ਕਿ ਉਨਾਂ ਨੂੰ ਇਸ ਪ੍ਰਦਰਸ਼ਨੀ ਵਿੱਚ ਆਕੇ ਫੂਲਕੀਆਂ ਅਸਟੇਟ ਨਾਲ ਸਬੰਧਤ ਇਤਿਹਾਸ ਨੂੰ ਜਾਣਨ ਵਿਚ ਮਦਦ ਮਿਲੀ ਹੈ।
ਇਸ ਮੌਕੇ ਡਾਕ ਵਿਭਾਗ ਦੇ ਨੁਮਾਇੰਦੇ ਨੇ ਦੱਸਿਆ ਕਿ ਤਿੰਨ ਦਿਨਾਂ ਇਸ ਪ੍ਰਦਰਸ਼ਨ ਵਿੱਚ ਦੁਰਲਭ ਡਾਕ ਟਿਕਟਾਂ ਸਮੇਤ ਫੂਲਕੀਆਂ ਅਸਟੇਟ ਨਾਲ ਸਬੰਧਤ ਸਟੈਂਪ ਪੇਪਰ, ਪੋਸਟ ਕਾਰਡ ਅਤੇ ਇਨਵੈਲਪ ਮੌਜੂਦ ਹਨ। ਉਨ੍ਹਾਂ ਦੱਸਿਆ ਕਿ ਇਸ ਪ੍ਰਦਰਸ਼ਨੀ ਵਿਚ ਪੁਰਾਣੇ ਸਿੱਕੇ ਹਨ ਜੋ ਸਿੱਖ ਮਿਸਲਾਂ, ਮਹਾਰਾਜਾ ਰਣਜੀਤ ਸਿੰਘ, ਖੜਕ ਸਿੰਘ, ਸ਼ੇਰ ਸਿੰਘ ਅਤੇ ਦਲੀਪ ਸਿੰਘ ਦੁਆਰਾ ਜਾਰੀ ਕੀਤੇ ਗਏ ਸਨ। ਉਨ੍ਹਾਂ ਦੱਸਿਆ ਇਹ ਪ੍ਰਦਰਸ਼ਨੀ 24 ਫਰਵਰੀ ਤੱਕ ਲਗਾਈ ਜਾਵੇਗੀ। ਅਕਾਲ ਸਹਾਇ ਅਜਾਇਬ ਘਰ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਨੇ ਦੱਸਿਆਂ ਕਿ ਇਸ ਪ੍ਰਦਰਸ਼ਨੀ ਵਿਚ ਪੰਜਾਬ ਦੀ ਵਿਰਾਸਤ ਨਾਲ ਸਬੰਧਤ ਵਸਤੂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ।